ਗੁੱਜਰ ਅੰਦੋਲਨ ਕਾਰਨ 23 ਟਰੇਨਾਂ ਹੋਈਆਂ ਰੱਦ, ਯਾਤਰੀ ਪ੍ਰੇਸ਼ਾਨ

ਜੈਪੁਰ,— ਰਿਜ਼ਰਵੇਸ਼ਨ ਦੀ ਮੰਗ ਨੂੰ ਲੈ ਕੇ ਸ਼ੁੱਕਰਵਾਰ ਨੂੰ ਗੁੱਜਰ ਫਿਰਕੇ ਨੇ ਕਰਨਲ ਕਿਰੋੜੀ ਸਿੰਘ ਬੈਂਸਲਾ ਦੀ ਅਗਵਾਈ ਵਿਚ ਫਿਰ ਆਪਣਾ ਅੰਦੋਲਨ ਸ਼ੁਰੂ ਕਰ ਦਿੱਤਾ ਸੀ ਅਤੇ ਅੱਜ ਇਸ ਦਾ ਦੂਜਾ ਦਿਨ ਹੈ। ਅੰਦੋਲਨਕਾਰੀ ਦਿੱਲੀ-ਮੁੰਬਈ ਰੇਲ ਮਾਰਗ ‘ਤੇ ਬੈਠ ਗਏ ਹਨ, ਜਿਸ ਨਾਲ 23 ਟਰੇਨਾਂ ਦੇ ਰੱਦ ਹੋਣ ਨਾਲ ਕੁਲ 20 ਟਰੇਨਾਂ ਪ੍ਰਭਾਵਿਤ ਹੋਈਆਂ ਹਨ। ਇਸ ਕਾਰਨ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜ਼ਿਕਰਯੋਗ ਹੈ ਕਿ ਗੁੱਜਰ ਫਿਰਕਾ ਰਾਜਸਥਾਨ ਵਿਚ ਨੌਕਰੀ ਅਤੇ ਦਾਖਲੇ ਵਿਚ 5 ਫੀਸਦੀ ਰਿਜ਼ਰਵੇਸ਼ਨ ਦੀ ਮੰਗ ਕਰ ਰਿਹਾ ਹੈ। ਸਵਾਈਮਾਧੋਪੁਰ ਦੇ ਮਕਸੂਦਨਪੁਰਾ ਵਿਚ ਅੰਦੋਲਨਕਾਰੀ ਰੇਲਵੇ ਟਰੈਕ ‘ਤੇ ਬੈਠ ਗਏ ਹਨ। ਅੰਦੋਲਨਕਾਰੀਆਂ ਨੇ ਕਿਹਾ ਕਿ ਜਦੋਂ ਦੇਸ਼ ਵਿਚ ਚੰਗਾ ਪ੍ਰਧਾਨ ਮੰਤਰੀ ਅਤੇ ਪ੍ਰਦੇਸ਼ ਵਿਚ ਚੰਗਾ ਮੁੱਖ ਮੰਤਰੀ ਹੈ ਤਾਂ ਉਨ੍ਹਾਂ ਨੂੰ ਅਪੀਲ ਹੈ ਕਿ ਉਹ ਗੁੱਜਰ ਫਿਰਕੇ ਦੀ ਮੰਗ ਸੁਣਨ ਕਿਉਂਕਿ ਉਨ੍ਹਾਂ ਲਈ ਰਿਜ਼ਰਵੇਸ਼ਨ ਮੁਹੱਈਆ ਕਰਵਾਉਣਾ ਕੋਈ ਵੱਡਾ ਕੰਮ ਨਹੀਂ।
ਓਧਰ ਰਿਜ਼ਰਵੇਸ਼ਨ ਦੀ ਮੰਗ ਨੂੰ ਲੈ ਕੇ ਰੇਲ ਪਟੜੀ ‘ਤੇ ਬੈਠੇ ਬਜ਼ੁਰਗਾਂ ਨਾਲ ਗੱਲਬਾਤ ਲਈ ਰਾਜਸਥਾਨ ਸਰਕਾਰ ਨੇ 3 ਮੰਤਰੀਆਂ ਦੀ ਇਕ ਟੀਮ ਬਣਾਈ ਹੈ। ਇਸ ਟੀਮ ਵਿਚ ਸੈਰ-ਸਪਾਟਾ ਮੰਤਰੀ ਵਿਸ਼ਵੇਂਦਰ ਸਿੰਘ, ਸਮਾਜ ਕਲਿਆਣ ਮੰਤਰੀ ਭੰਵਰ ਲਾਲ ਮੇਘਵਾਲ ਅਤੇ ਰਘੁ ਸ਼ਰਮਾ ਨੂੰ ਸ਼ਾਮਲ ਕੀਤਾ ਗਿਆ ਹੈ। ਆਈ. ਏ. ਐੱਸ. ਅਧਿਕਾਰੀ ਨੀਰਜ ਕੇ. ਪਵਨ ਨੂੰ ਵੀ ਕਰਨਲ ਬੈਂਸਲਾ ਨਾਲ ਗੱਲਬਾਤ ਲਈ ਭੇਜਿਆ ਜਾ ਰਿਹਾ ਹੈ।