ਅੱਖਾਂ ਸਿਹਤਮੰਦ ਕਿਵੇਂ ਰੱਖੀਏ?

ਅੱਖਾਂ ਕੁਦਰਤ ਦਾ ਦਿੱਤਾ ਅਨਮੋਲ ਤੋਹਫ਼ਾ ਹਨ ਜਿਨ੍ਹਾਂ ਬਿਨਾਂ ਅਸੀਂ ਆਪਣੇ ਨੇੜੇ-ਤੇੜੇ ਦੇ ਖ਼ੂਬਸੂਰਤ ਨਜ਼ਾਰੇ ਨਹੀਂ ਦੇਖ ਸਕਦੇ। ਸ਼ਰੀਰ ਦਾ ਇੰਨਾ ਜ਼ਰੂਰੀ ਅੰਗ ਹੋਣ ਦੇ ਬਾਵਜੂਦ ਵੀ ਲੋਕ ਇਸ ਦੀ ਸਾਫ਼-ਸਫ਼ਾਈ ਨੂੰ ਲੈ ਕੇ ਬਹੁਤ ਲਾਪਰਵਾਹੀਆਂ ਵਰਤਦੇ ਹਨ ਜਿਸ ਦਾ ਸਿੱਧਾ ਅਸਰ ਅੱਖਾਂ ਦੀ ਰੌਸ਼ਨੀ ‘ਤੇ ਪੈਂਦਾ ਹੈ। ਇਸ ਤੋਂ ਇਲਾਵਾ ਵੀ ਆਈ ਇਨਫ਼ੈਕਸ਼ਨ ਵਰਗੀਆਂ ਕਈ ਮੁਸ਼ਕਿਲਾਂ ਵੀ ਹੋ ਸਕਦੀਆਂ ਹਨ। ਇਸ ਲਈ ਤੁਹਾਡੀ ਡਾਇਟ ਦਾ ਸਹੀ ਹੋਣਾ ਬਹੁਤ ਜ਼ਰੂਰੀ ਹੈ। ਅਜਿਹੀ ਡਾਇਟ ਨੂੰ ਆਪਣੀ ਲਿਸਟ ‘ਚ ਸ਼ਾਮਿਲ ਕਰਨਾ ਬਹੁਤ ਹੀ ਜ਼ਰੂਰੀ ਹੈ ਜੋ ਅੱਖਾਂ ਲਈ ਵਧੀਆ ਹੈ। ਅੱਜ ਅਸੀਂ ਤੁਹਾਨੂੰ ਅਜਿਹੀ ਡਾਇਟ ਦੀ ਜਾਣਕਾਰੀ ਦੇਵਾਂਗੇ ਜੋ ਤੁਹਾਡੀਆਂ ਅੱਖਾਂ ਲਈ ਬੈੱਸਟ ਹੈ।
ਅੱਖਾਂ ਲਈ ਫ਼ਾਇਦੇਮੰਦ ਸਾਬਿਤ ਹੁੰਦੀਆਂ ਹਨ ਇਹ ਸਬਜ਼ੀਆਂ
ਹਰੀਆਂ ਸਬਜ਼ੀਆਂ ਜਿਵੇਂ ਪਾਲਕ, ਕਰੇਲਾ ਅਤੇ ਸ਼ਿਮਲਾ ਮਿਰਚ ਸਮੇਤ ਕਈ ਸਬਜ਼ੀਆਂ ਅੱਖਾਂ ਲਈ ਫ਼ਾਇਦੇਮੰਦ ਸਾਬਿਤ ਹੁੰਦੀਆਂ ਹਨ। ਪਾਲਕ, ਕਰੇਲਾ ਅਤੇ ਸ਼ਿਮਲਾ ਮਿਰਚ ਆਇਰਨ ਨਾਲ ਭਰਪੂਰ ਹੁੰਦੀਆਂ ਹਨ ਜੋ ਅੱਖਾਂ ਲਈ ਵਧੀਆ ਮੰਨਿਆ ਜਾਂਦਾ ਹੈ। ਕੱਚੇ ਆਂਵਲੇ, ਆਂਵਲਿਆਂ ਦਾ ਰਸ ਪੀਣਾ ਜਾਂ ਫ਼ਿਰ ਆਂਵਲਿਆਂ ਦਾ ਮੁਰੱਬਾ ਜ਼ਰੂਰ ਖਾਣਾ ਚਾਹੀਦਾ ਹੈ। ਗਾਜਰ ਅਤੇ ਚੁਕੰਦਰ ਦਾ ਜੂਸ ਜ਼ਰੂਰ ਪੀਣਾ ਚਾਹੀਦਾ ਹੈ। ਬਾਦਾਮਾਂ ਵਾਲਾ ਦੁੱਧ ਵੀ ਅੱਖਾਂ ਲਈ ਫ਼ਾਇਦੇਮੰਦ ਹੁੰਦਾ ਹੈ। ਇਸ ‘ਚ ਮੌਜੂਦ ਵਾਇਟਾਮਿਨ-E ਅੱਖਾਂ ਦੀ ਬੀਮਾਰੀ ਨਾਲ ਲੜਨ ਲਈ ਫ਼ਾਇਦੇਮੰਦ ਹੁੰਦਾ ਹੈ।
ਕੰਪਿਊਟਰ ਦਾ ਕਰਦੇ ਹੋ ਕੰਮ ਤਾਂ ਕੀ ਕਰੋ?
ਰੋਜ਼ਾਨਾ ਰੂਪ ਨਾਲ ਕੰਪਿਊਟਰ ਜਾਂ ਲੈਪਟੌਪ ‘ਤੇ ਕੰਮ ਕਰਨ ਵਾਲੇ ਲੋਕਾਂ ਨੂੰ ਐਂਟੀ ਗਲੇਅਰ ਲੈਂਜ਼ ਦੀ ਵਰਤੋਂ ਕਰਨੀ ਚਾਹੀਦੀ ਹੈ ਜਿਨ੍ਹਾਂ ਨੂੰ ਨਜ਼ਰ ਦੀ ਐਨਕ ਲੱਗੀ ਹੋਈ ਹੈ, ਉਹ ਆਪਣੀ ਐਨਕ ‘ਚ ਐਂਟੀ ਗਲੇਅਰ ਲੈਂਜ਼ ਲਗਵਾਉਣ ਅਤੇ ਜਿਨ੍ਹਾਂ ਨੂੰ ਐਨਕਾਂ ਨਹੀਂ ਲੱਗੀਆਂ ਹੋਈਆਂ, ਉਹ ਵੀ ਐਂਟੀ ਗਲੇਅਰ ਲੈਂਜ਼ ਦੀਆਂ ਸਾਧਾਰਨ ਐਨਕਾਂ ਲਗਵਾ ਸਕਦੇ ਹਨ। ਅੱਖਾਂ ‘ਤੇ ਖੀਰੇ ਦੀ ਵਰਤੋਂ ਵੀ ਕਾਫ਼ੀ ਫ਼ਾਇਦੇਮੰਦ ਹੁੰਦੀ ਹੈ। ਇਸ ਨਾਲ ਅੱਖਾਂ ਨੂੰ ਰਾਹਤ ਮਿਲਦੀ ਹੈ।
ਸਮੋਕਿੰਗ ਤੋਂ ਬਚੋ
ਜੇਕਰ ਤੁਹਾਨੂੰ ਤੰਬਾਕੂ ਜਾਂ ਸਿਗਰੇਟ ਪੀਣ ਦੀ ਆਦਤ ਹੈ ਤਾਂ ਇਸ ਨਾਲ ਤੁਹਾਡੀਆਂ ਅੱਖਾਂ ਨੂੰ ਬੁਰਾ ਅਸਰ ਪੈ ਸਕਦਾ ਹੈ। ਸਮੋਕਿੰਗ ਕਰਨ ਵਾਲਿਆਂ ਨੂੰ ਮੋਤੀਆਬਿੰਦ ਦਾ ਖ਼ਤਰਾ ਰਹਿੰਦਾ ਹੈ ਜਿਸ ਕਰ ਕੇ ਇਨਸਾਨ ਅੰਨ੍ਹਾ ਵੀ ਸਕਦਾ ਹੈ।
ਅੱਖਾਂ ਦੀ ਮਸਾਜ ਕਰਨਾ ਨਾ ਭੁੱਲੋ
ਸ਼ਰੀਰ ਦੇ ਨਾਲ-ਨਾਲ ਅੱਖਾਂ ਦੀ ਕਸਰਤ ਅਤੇ ਮਸਾਜ ਕਰਨਾ ਵੀ ਬੇਹੱਦ ਜ਼ਰੂਰੀ ਹੈ। ਕੈਸਟਰ ਆਇਲ, ਠੰਡਾ ਦੁੱਧ, ਗ਼ੁਲਾਬ ਜਲ ਅਤੇ ਕੱਚੇ ਆਲੂ ਨਾਲ ਅੱਖਾਂ ਦੀ ਮਸਾਜ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਬਹੁਤ ਲੋਕ ਬੈੱਡ ‘ਤੇ ਲੰਮੇ ਪੈ ਕੇ ਜਾਂ ਫ਼ਿਰ ਲਾਈਟ ਬੰਦ ਕਰ ਕੇ ਫ਼ੋਨ ਦੀ ਵਰਤੋਂ ਕਰਦੇ ਹਨ ਜੋ ਕਿ ਅੱਖਾਂ ਲਈ ਬਹੁਤ ਹੀ ਨੁਕਸਾਨਦੇਹ ਹੈ। ਇਸ ਨਾਲ ਅੱਖਾਂ ‘ਤੇ ਪ੍ਰੈਸ਼ਰ ਪੈਂਦਾ ਹੈ ਜਿਸ ਨਾਲ ਲਾਲਗੀ, ਸੋਜ ਅਤੇ ਧੁੰਦਲੇਪਨ ਦੀ ਮੁਸ਼ਕਿਲ ਹੋ ਸਕਦੀ ਹੈ। ਜ਼ਿਆਦਾ ਦੇਰ ਤਕ ਮੋਬਾਇਲ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
ਅੱਖਾਂ ਨੂੰ ਦੇਣ ਪੂਰਾ ਆਰਾਮ
ਬਹੁਤ ਲੋਕ ਆਪਣੀ ਨੀਂਦ ਪੂਰੀ ਨਹੀਂ ਕਰਦੇ ਜਿਸ ਦਾ ਸਿੱਧਾ ਕੋਨੈਕਸ਼ਨ ਅੱਖਾਂ ਨਾਲ ਹੁੰਦਾ ਹੈ। ਨੀਂਦ ਪੂਰੀ ਨਹੀਂ ਹੋਵੇਗੀ ਤਾਂ ਅੱਖਾਂ ‘ਚ ਥਕਾਨ ਰਹੇਗੀ ਅਤੇ ਨਜ਼ਰ ‘ਤੇ ਵੀ ਬੁਰਾ ਪ੍ਰਭਾਵ ਪਵੇਗਾ।