ਵਰੁਣ ਧਵਨ ਦਾ ਫ਼ਿਲਮੀ ਕਰੀਅਰ ਇਸ ਵਕਤ ਚੰਗਾ ਚੱਲ ਰਿਹਾ ਹੈ। ਆਉਣ ਵਾਲੇ ਸਮੇਂ ‘ਚ ਉਹ ਕਈ ਵੱਡੀਆਂ ਫ਼ਿਲਮਾਂ ‘ਚ ਨਜ਼ਰ ਆਵੇਗਾ। ਫ਼ਿਲਮ ਭਾਰਤ ‘ਚ ਵੀ ਉਹ ਇੱਕ ਦਮਦਾਰ ਪਰ ਕੈਮਿਓ ਰੋਲ ਨਿਭਾ ਰਿਹੈ …
ਬੌਲੀਵੁਡ ਦਾ ਚੌਕਲੇਟੀ ਹੀਰੋ ਵਰੁਣ ਧਵਨ ਸਿਲਵਰ ਸਕ੍ਰੀਨ ‘ਤੇ ਧੀਰੂਭਾਈ ਅੰਬਾਨੀ ਦਾ ਕਿਰਦਾਰ ਨਿਭਾਅ ਸਕਦਾ ਹੈ। ਅਲੀ ਅੱਬਾਸ ਜ਼ਫ਼ਰ ਦੇ ਨਿਰਦੇਸ਼ਨ ‘ਚ ਬਣ ਰਹੀ ਫ਼ਿਲਮ ਭਾਰਤ ਵਿੱਚ ਸਲਮਾਨ ਖ਼ਾਨ ਅਤੇ ਕੈਟਰੀਨਾ ਮੁੱਖ ਭੂਮਿਕਾ ‘ਚ ਹਨ। ਚਰਚਾ ਹੈ ਕਿ ਵਰੁਣ ਇਸ ਫ਼ਿਲਮ ‘ਚ ਛੋਟਾ ਜਿਹਾ ਕੈਮਿਓ ਰੋਲ ਨਿਭਾ ਰਿਹਾ ਹੈ। ਵਰੁਣ ਨਾਮਵਰ ਭਾਰਤੀ ਸਨਅਤਕਾਰ ਧੀਰੂਭਾਈ ਅੰਬਾਨੀ ਦਾ ਰੋਲ ਨਿਭਾਏਗਾ।
ਭਾਰਤ ਇੱਕ ਕੋਰੀਅਨ ਫ਼ਿਲਮ ਓਡ ਟੂ ਮਾਈ ਫ਼ਾਦਰ ਦਾ ਹਿੰਦੀ ਰੀਮੇਕ ਹੈ। ਇਸ ਫ਼ਿਲਮ ‘ਚ ਸਲਮਾਨ ਇੱਕ ਸਰਕਸ ‘ਚ ਮੌਤ ਦੇ ਖੂਹ ਵਿੱਚ ਮੋਟਰਸਾਈਕਲ ਚਲਾਉਣ ਦੇ ਸਟੰਟ ਵੀ ਕਰਦਾ ਨਜ਼ਰ ਆਵੇਗਾ। ਕੈਟਰੀਨਾ ਇਸ ਫ਼ਿਲਮ ਵਿੱਚ ਸਰਕਸ ਦੀ ਮਾਲਕਣ ਦਾ ਕਿਰਦਾਰ ਨਿਭਾਏਗੀ। ਭਾਰਤ ਵਿੱਚ ਦਿਸ਼ਾ ਪਟਾਨੀ, ਤੱਬੂ ਅਤੇ ਸੁਨੀਲ ਗਰੋਵਰ ਵੀ ਹਨ।
ਵੈਸੇ, ਵਰੁਣ ਧਵਨ ਕੋਲ ਇਸ ਸਮੇਂ ਫ਼ਿਲਮਾਂ ਦੀ ਇੱਕ ਲੰਬੀ ਕਤਾਰ ਹੈ। ਇਸ ਸਮੇਂ ਉਹ ਫ਼ਿਲਮਸਾਜ਼ ਕਰਨ ਜੌਹਰ ਦੀ ਫ਼ਿਲਮ ਕਲੰਕ ਦੀ ਸ਼ੂਟਿੰਗ ‘ਚ ਰੁੱਝਾ ਹੋਇਆ ਹੈ। ਇਹ ਇੱਕ ਮਲਟੀਸਟਾਰਰ ਫ਼ਿਲਮ ਹੈ ਜਿਸ ਵਿੱਚ ਉਸ ਨਾਲ ਆਲੀਆ ਭੱਟ ਵੀ ਹੋਵੇਗੀ। ਇਸ ਤੋਂ ਇਲਾਵਾ ਉਹ ਰੇਮੋ ਡੀਸੂਜ਼ਾ ਦੀ ਫ਼ਿਲਮ ਦਾ ਵੀ ਹਿੱਸਾ ਹੈ। ਹਾਲ ਹੀ ‘ਚ ਪਤਾ ਲੱਗਾ ਹੈ ਕਿ ਵਰੁਣ ਆਪਣੇ ਪਿਤਾ ਡੇਵਿਡ ਧਵਨ ਦੇ ਨਿਰਦੇਸ਼ਨ ‘ਚ ਬਣੀ ਫ਼ਿਲਮ ਕੁਲੀ ਨੰਬਰ 1 ਦੇ ਰੀਮੇਕ ਵਿੱਚ ਵੀ ਕੰਮ ਕਰੇਗਾ। ਇਸ ਵਿੱਚ ਵੀ ਉਸ ਨਾਲ ਆਲੀਆ ਭੱਟ ਹੀ ਹੋਵੇਗੀ।
ਜਾਣਕਾਰੀ ਮਿਲੀ ਹੈ ਕਿ ਵਰੁਣ ਦੇ ਕਹਿਣ ‘ਤੇ ਹੀ ਡੇਵਿਡ ਨੇ ਇਸ ਫ਼ਿਲਮ ‘ਚ ਆਲੀਆ ਭੱਟ ਨੂੰ ਲਿਆ ਹੈ ਕਿਉਂਕਿ ਆਲੀਆ ਨਾਲ ਵਰੁਣ ਦੀ ਚੰਗੀ ਦੋਸਤੀ ਹੈ। ਦੋਹਾਂ ਦੀ ਦੋਸਤੀ ਦੀ ਚਰਚਾ ਬੌਲੀਵੁਡ ਇੰਡਸਟਰੀ ‘ਚ ਅਕਸਰ ਹੁੰਦੀ ਰਹਿੰਦੀ ਹੈ। ਇਨ੍ਹਾਂ ਦੋਹਾਂ ਨੇ ਕਰੀਅਰ ਦੀ ਸ਼ੁਰੂਆਤ ਵੀ ਇਕੱਠੇ ਕੀਤੀ ਸੀ।











