ਇਸ ਸਾਲ ਬਣੇਗੀ ਮੁੰਨਾਭਾਈ 3

ਹਿੰਦੀ ਫ਼ਿਲਮ ਇੰਡਸਟਰੀ ‘ਚ ਕੌਮੇਡੀ ਅਭਿਨੈ ਲਈ ਮਸ਼ਹੂਰ ਅਰਸ਼ਦ ਵਾਰਸੀ ਦਾ ਕਹਿਣਾ ਹੈ ਕਿ ਇਸ ਸਾਲ ਮੁੰਨਾਭਾਈ 3 ਦੀ ਸ਼ੂਟਿੰਗ ਸ਼ੁਰੂ ਹੋ ਜਾਵੇਗੀ। ਰਾਜਕੁਮਾਰ ਹਿਰਾਨੀ ਦੇ ਨਿਰਦੇਸ਼ਨ ‘ਚ ਬਣੀ ਮੁੰਨਾਭਾਈ MBBS ਅਤੇ ਲਗੇ ਰਹੋ ਮੁੰਨਾਭਾਈ ਤੋਂ ਬਾਅਦ ਦਰਸ਼ਕ ਕਾਫ਼ੀ ਸਮੇਂ ਤੋਂ ਇਸ ਸੀਰੀਜ਼ ਦੀ ਤੀਜੀ ਫ਼ਿਲਮ ਦਾ ਇੰਤਜ਼ਾਰ ਕਰ ਰਿਹਾ ਹੈ। ਵੈਸੇ, ਫ਼ਿਲਮ ਦੇ ਤੀਸਰੇ ਭਾਗ ਦਾ ਐਲਾਨ ਕਾਫ਼ੀ ਵਕਤ ਪਹਿਲਾਂ ਹੋ ਗਿਆ ਸੀ, ਪਰ ਅਜੇ ਤਕ ਇਸ ਦੀ ਸ਼ੂਟਿੰਗ ਸ਼ੁਰੂ ਨਹੀਂ ਸੀ ਸ਼ੁਰੂ ਹੋਈ।
ਪਿਛਲੇ ਸਾਲ ਹਿਰਾਨੀ ਨੇ ਕਿਹਾ ਸੀ ਕਿ ਅਜੇ ਇਸ ਦੀ ਸਕ੍ਰਿਪਟ ‘ਤੇ ਕੰਮ ਚੱਲ ਰਿਹਾ ਹੈ, ਪਰ ਫ਼ਿਰ ਇਸ ਫ਼ਿਲਮ ‘ਤੇ ਕੰਮ ਕਰਨ ਦੀ ਬਜਾਏ ਉਸ ਨੇ ਸੰਜੇ ਦੱਤ ਦੀ ਬਾਇਓਪਿਕ ‘ਤੇ ਕੰਮ ਸ਼ੁਰੂ ਕਰ ਦਿੱਤਾ। ਹੁਣ ਇੱਕ ਵਾਰ ਫ਼ਿਰ ਕਿਹਾ ਜਾ ਰਿਹਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਰੁਕੀ ਇਸ ਫ਼ਿਲਮ ਦੀ ਸ਼ੂਟਿੰਗ ਜਲਦ ਸ਼ੁਰੂ ਹੋ ਜਾਵੇਗੀ। ਇਸ ਗੱਲ ‘ਤੇ ਅਰਸ਼ਦ ਵਾਰਸੀ ਨੇ ਵੀ ਪੱਕੀ ਮੋਹਰ ਲਗਾ ਦਿੱਤੀ ਹੈ। ਅਰਸ਼ਦ ਨੇ ਦੱਸਿਆ ਕਿ ਮੁੰਨਾਭਾਈ 3 ਦੀ ਸਕ੍ਰਿਪਟ ਤਿਆਰ ਹੈ ਅਤੇ ਇਸ ਸਾਲ ਉਸ ਦੀ ਸ਼ੂਟਿੰਗ ਸ਼ੁਰੂ ਹੋ ਜਾਵੇਗੀ। ਇਹ ਵੀ ਸਾਫ਼ ਹੋ ਗਿਆ ਹੈ ਕਿ ਇਸ ‘ਚ ਸੰਜੇ ਦੱਤ ਅਤੇ ਅਰਸ਼ਦ ਵਾਰਸੀ ਦੀ ਜੋੜੀ ਹੀ ਮੁੜ ਨਜ਼ਰ ਆਵੇਗੀ। ਵੈਸੇ ਇਸ ਜੋੜੀ ਨੂੰ ਸਿਨੇਮਾ-ਪ੍ਰੇਮੀਆਂ ਵਲੋਂ ਖ਼ੂਬ ਪਸੰਦ ਕੀਤਾ ਜਾਂਦਾ ਹੈ।