ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੂੰ ਬੌਲੀਵੁਡ ‘ਚ ਲਗਾਤਾਰ ਫ਼ਿਲਮਾਂ ਦੀ ਪੇਸ਼ਕਸ਼ ਮਿਲ ਰਹੀ ਹੈ। ਸੁਸ਼ਾਂਤ ਦੀ ਫ਼ਿਲਮ ਕੇਦਾਰਨਾਥ ਹਾਲ ਹੀ ‘ਚ ਰਿਲੀਜ਼ ਹੋਈ ਸੀ। ਉਸ ਨਾਲ ਸਾਰ੍ਹਾ ਅਲੀ ਖ਼ਾਨ ਨੇ ਵੀ ਬੌਲੀਵੁਡ ‘ਚ ਡੈਬਿਊ ਕੀਤਾ ਸੀ। ਇਹ ਫ਼ਿਲਮ ਪਰਦੇ ‘ਤੇ ਸਫ਼ਲ ਰਹੀ ਹੈ ਅਤੇ ਇਸ ‘ਚ ਸਾਰ੍ਹਾ ਅਤੇ ਸੁਸ਼ਾਂਤ ਦੀ ਅਦਾਕਾਰੀ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਗਿਆ। ਸੁਸ਼ਾਂਤ ਦੀ ਅਗਲੀ ਰਿਲੀਜ਼ ਹੋਣ ਵਾਲੀ ਫ਼ਿਲਮ ਸੋਨ ਚਿੜੀਆ ਹੈ ਜੋ 8 ਫ਼ਰਵਰੀ ਨੂੰ ਰਿਲੀਜ਼ ਹੋਵੇਗੀ। ਇਸ ‘ਚ ਭੂਮੀ ਪੇਡਨੇਕਰ ਵੀ ਨਜ਼ਰ ਆਵੇਗੀ। ਹਾਲ ਹੀ ‘ਚ ਇਸ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ ਹੈ ਜਿਸ ਨੂੰ ਲੋਕਾਂ ਨੇ ਕਾਫ਼ੀ ਪਸੰਦ ਕੀਤਾ। ਇਹ ਫ਼ਿਲਮ ਚੰਬਲ ਦੇ ਡਾਕੂਆਂ ਦੀ ਕਹਾਣੀ ‘ਤੇ ਆਧਾਰਿਤ ਹੈ।
ਫ਼ਿਲਮ ਕੇਦਾਰਨਾਥ ਦੇ ਹਿੱਟ ਹੋਣ ਤੋਂ ਬਾਅਦ ਸੁਸ਼ਾਂਤ ਸਿੰਘ ਰਾਜਪੂਤ ਦੀ ਕਿਸਮਤ ਵੀ ਚਮਕ ਗਈ ਹੈ। ਜਾਣਕਾਰੀ ਮਿਲੀ ਹੈ ਕਿ ਸੁਸ਼ਾਂਤ ਨੂੰ 12 ਵੱਖ-ਵੱਖ ਫ਼ਿਲਮਾਂ ਦੀ ਪੇਸ਼ਕਸ਼ ਮਿਲੀ ਹੈ। ਸੁਸ਼ਾਂਤ ਨੇ ਖ਼ੁਦ ਦੱਸਿਆ ਹੈ, ”ਮੇਰੀ 12 ਫ਼ਿਲਮਾਂ ਲਈ ਵੱਖ-ਵੱਖ ਨਿਰਮਾਤਾਵਾਂ ਨਾਲ ਗੱਲਬਾਤ ਚੱਲ ਰਹੀ ਹੈ।” ਉਸ ਨੇ ਕਿਹਾ, ”ਮੈਨੂੰ ਨਹੀਂ ਪਤਾ ਕਿ ਉਨ੍ਹਾਂ ‘ਚੋਂ ਕਿਹੜੀ ਫ਼ਿਲਮ ਮੈਂ ਪਹਿਲਾਂ ਸ਼ੁਰੂ ਕਰਾਂਗਾ ਪਰ ਚੰਦਾ ਮਾਮਾ ਦੂਰ ਕੇ ਅਤੇ ਪੈਰਾਓਲੰਪੀਅਨ ਮੁਰਲੀਕਾਂਤ ਪੈਟਕਰ ਦੀ ਇੱਕ ਬਾਇਓਪਿਕ ਅਜੇ ਵੀ ਤਿਆਰੀ ਅਧੀਨ ਹਨ। ਮੈਂ ਇਹ ਤੈਅ ਕਰਨਾ ਹੈ ਕਿ ਅੱਗੇ ਕੀ ਕਰਨਾ ਹੈ ਜੋ ਇਸ ਗੱਲ ‘ਤੇ ਨਿਰਭਰ ਕਰੇਗਾ ਕਿ ਮੇਰੀ ਅਗਲੀ ਫ਼ਿਲਮ ਦੀ ਫ਼ੀਸ ਕੀ ਹੋਵੇਗੀ। ਅਜਿਹੀ ਕੋਈ ਫ਼ਿਲਮ ਨਹੀਂ ਹੈ, ਜਿਸ ਨੂੰ ਮੈਂ ਕਰਨਾ ਚਾਹੁੰਦਾ ਹਾਂ ਅਤੇ ਮੈਂ ਨਹੀਂ ਕਰ ਸਕਦਾ।”
ਜ਼ਿਕਰਯੋਗ ਹੈ ਕਿ ਸ਼ੁਸਾਂਤ ਸਿੰਘ ਨੇ ਫ਼ਿਲਮਾਂ ‘ਚ ਆਉਣ ਤੋਂ ਪਹਿਲਾਂ ਕਾਫ਼ੀ ਸਮਾਂ ਛੋਟੇ ਪਰਦੇ ‘ਤੇ ਵੀ ਕੰਮ ਕੀਤਾ ਹੈ। ਉਸ ਦੀ ਪਹਿਲੀ ਬੌਲੀਵੁਡ ਫ਼ਿਲਮ ਕਿਆ ਪੋ ਛੇ! 2013 ਵਿੱਚ ਰਿਲੀਜ਼ ਹੋਈ ਸੀ। ਇਸ ਲਈ ਉਸ ਨੂੰ ਬੈੱਸਟ ਐਕਟਰ ਦਾ ਐਵਾਰਡ ਵੀ ਮਿਲਿਆ ਸੀ। ਇਸ ਫ਼ਿਲਮ ਤੋਂ ਬਾਅਦ ਸੁਸ਼ਾਂਤ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ ਹੈ।











