ਬੌਲੀਵੁਡ ਦੀ ਡਿੰਪਲ ਗਰਲ ਦੀਪਿਕਾ ਪਾਦੂਕੋਣ ਪਿਛਲੇ ਸਾਲ ਦੀ ਸੁਪਰਹਿੱਟ ਫ਼ਿਲਮ ਅੰਧਾਧੁਨ ਦੇ ਸੀਕੁਅਲ ‘ਚ ਕੰਮ ਕਰਨਾ ਚਾਹੁੰਦੀ ਹੈ। ਦੀਪਿਕਾ ਨੇ ਸਾਲ 2018 ਦੇ ਸ਼ੁਰੂਆਤ ‘ਚ ਰਿਲੀਜ਼ ਹੋਈ ਫ਼ਿਲਮ ਪਦਮਾਵਤ ਤੋਂ ਬਾਅਦ ਕੋਈ ਫ਼ਿਲਮ ਨਹੀਂ ਕੀਤੀ। ਸਾਲ ਦੇ ਅਖ਼ੀਰ ‘ਚ ਦੀਪਿਕਾ ਨੇ ਰਣਵੀਰ ਸਿੰਘ ਨਾਲ ਵਿਆਹ ਕਰਵਾ ਲਿਆ ਸੀ ਅਤੇ ਇਸ ਸਾਲ ਉਹ ਮੇਘਨਾ ਗ਼ੁਲਜ਼ਾਰ ਦੀ ਫ਼ਿਲਮ ਛਪਾਕ ਨਾਲ ਪਰਦੇ ‘ਤੇ ਵਾਪਸੀ ਕਰੇਗੀ। ਹਾਲ ਹੀ ‘ਚ ਇੱਕ ਇੰਟਰਵਿਊ ਦੌਰਾਨ ਦੀਪਿਕਾ ਨੇ ਆਯੁਸ਼ਮਾਨ ਖ਼ੁਰਾਨਾ ਦੀ ਸੁਪਰਹਿੱਟ ਫ਼ਿਲਮ ਅੰਧਾਧੁਨ ਦੇ ਸੀਕੁਅਲ ਦਾ ਹਿੱਸਾ ਬਣਨ ਦੀ ਆਪਣੀ ਇੱਛਾ ਜ਼ਾਹਿਰ ਕੀਤੀ ਹੈ।
ਦੀਪਿਕਾ ਤੋਂ ਜਦੋਂ ਪੁੱਛਿਆ ਗਿਆ ਕਿ ਇਸ ਸਾਲ ਉਹ ਕੀ-ਕੀ ਕਰੇਗੀ? ਤਾਂ ਜਵਾਬ ‘ਚ ਦੀਪਿਕਾ ਨੇ ਕਿਹਾ, ”ਮੈਂਟਲ ਹੈੱਲਥ ‘ਤੇ ਤਾਂ ਕੰਮ ਜਾਰੀ ਰਹੇਗਾ। ਨਿੱਜੀ ਜ਼ਿੰਦਗੀ ਦੀ ਗੱਲ ਕਰਾਂ ਤਾਂ ਮੈਂ ਆਪਣੇ ਪਰਿਵਾਰ ਅਤੇ ਭੈਣ ਨਾਲ ਜ਼ਿਆਦਾ ਤੋਂ ਜ਼ਿਆਦਾ ਸਮਾਂ ਗੁਜ਼ਾਰਨਾ ਚਹਾਂਗੀ। ਇਸ ਸਾਲ ਮੈਂ ਸਾਜ਼ ਵਜਾਉਣੇ ਵੀ ਸਿੱਖਣਾ ਚਹਾਂਗੀ। ਮੈਂ ਹਰ ਵਾਰ ਇਹ ਆਖਦੀ ਹਾਂ ਕਿ ਅਗਲੇ ਸਾਲ ਜ਼ਰੂਰ ਕੁੱਝ ਸਿੱਖਾਂਗੀ ਪਰ ਇਸ ਸਾਲ ਮੈਂ ਪਿਆਨੋ ਜਾਂ ਗਿਟਾਰ ਵਜਾਉਣੀ ਜ਼ਰੂਰ ਸਿੱਖਣਾ ਚਾਹੁੰਦੀ ਹਾਂ।”
ਦੀਪਿਕਾ ਨੇ ਫ਼ਿਲਮ ਅੰਧਾਧੁਨ 2 ਦਾ ਵੀ ਜ਼ਿਕਰ ਕੀਤਾ। ਉਸ ਨੇ ਕਿਹਾ, ”ਸ਼੍ਰੀਰਾਮ (ਅੰਧਾਧੁਨ ਦੇ ਨਿਰਦੇਸ਼ਕ) ਕੀ ਤੁਸੀਂ ਸੁਣ ਰਹੇ ਹੋ?” ਦੀਪਿਕਾ ਦਾ ਮੰਨਣਾ ਹੈ ਕਿ ਅੰਧਾਧੁਨ 2 ਲਈ ਉਹ ਬਿਲਕੁਲ ਫ਼ਿੱਟ ਬੈਠਦੀ ਹੈ। ਜ਼ਿਕਰਯੋਗ ਹੈ ਕਿ ਅੰਧਾਧੁਨ ‘ਚ ਆਯੁਸ਼ਮਾਨ ਖ਼ੁਰਾਨਾ ਨੇ ਇੱਕ ਅੰਨ੍ਹੇ ਵਿਅਕਤੀ ਦਾ ਰੋਲ ਨਿਭਾਇਆ ਸੀ। ਉਸ ਤੋਂ ਇਲਾਵਾ ਇਸ ‘ਚ ਤੱਬੂ ਅਤੇ ਰਾਧਿਕਾ ਆਪਟੇ ਨੇ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਦੀਪਿਕਾ ਦੀ ਫ਼ਿਲਮ ਛਾਪਕ ਐਸਿਡ ਅਟੈਕ ਲਕਸ਼ਮੀ ਅੱਗਰਵਾਲ ਦੀ ਜ਼ਿੰਦਗੀ ‘ਤੇ ਆਧਾਰਿਤ ਹੈ। ਇਸ ਫ਼ਿਲਮ ‘ਚ ਦੀਪਿਕਾ ਹੀ ਲਕਸ਼ਮੀ ਦਾ ਰੋਲ ਨਿਭਾ ਰਹੀ ਹੈ ਅਤੇ ਖ਼ਾਸ ਗੱਲ ਇਹ ਹੈ ਕਿ ਇਸ ਨੂੰ ਦੀਪਿਕਾ ਪ੍ਰੋਡਿਊਸ ਵੀ ਕਰ ਰਹੀ ਹੈ। ਇਹ ਉਸ ਦੇ ਪ੍ਰੋਡਕਸ਼ਨ ਹਾਊਸ ਵੱਲੋਂ ਬਣਾਈ ਗਈ ਪਹਿਲੀ ਫ਼ਿਲਮ ਹੋਵੇਗੀ।











