ਸਾਲ 2018 ਦੌਰਾਨ ਭਾਵੇਂ ਪੰਜਾਬੀ ਫ਼ਿਲਮਾਂ ਦਰਸ਼ਕਾਂ ਨੂੰ ਹਸਾਉਣ ‘ਚ ਕਾਮਯਾਬ ਰਹੀਆਂ ਪਰ ਅਜੋਕੇ ਸਮੇਂ ਦੀ ਵੱਡੀ ਲੋੜ ਹੈ ਕਿ

ਅਜਿਹੀਆਂ ਫ਼ਿਲਮਾਂ ਵੀ ਬਣਾਈਆਂ ਜਾਣ ਜੋ ਸਮਾਜ ਅਤੇ ਨੌਜਵਾਨ ਪੀੜ੍ਹੀ ਨੂੰ ਚੰਗੀ ਸੇਧ ਦੇ ਸਕਣ …
ਢਿੱਡੀਂ ਪੀੜਾਂ ਪਾਉਣ ‘ਚ ਸਫ਼ਲ ਰਿਹਾ ਪੰਜਾਬੀ ਸਿਨੇਮਾ 2018
ਕਾਲਾ ਸਿੰਘ ਸੈਣੀ
ਫ਼ੋਨ: 99882-80386
ਅਜੋਕੇ ਪੰਜਾਬੀ ਸਿਨੇਮਾ ਨੂੰ ਵੇਖਦੇ ਹੋਏ, ਇਸ ਦੇ ਇਤਿਹਾਸ ‘ਤੇ ਝਾਤ ਮਾਰੀਏ ਤਾਂ ਮਾਣ ਮਹਿਸੂਸ ਹੁੰਦਾ ਹੈ। ਪੰਜਾਬੀ ਸਿਨੇਮਾ ਦਾ ਮੁੱਢ ਲਾਹੌਰ (ਪਾਕਿਸਤਾਨ) ਦੀ ਧਰਤੀ ‘ਤੇ ਬੱਝਿਆ। ਕੇ.ਡੀ ਮਹਿਰਾ ਅਤੇ ਕੁੱਝ ਹੋਰ ਲੋਕਾਂ ਨੂੰ ਇਸ ਦੇ ਮੋਹਰੀ ਮੰਨਿਆ ਜਾਂਦਾ ਹੈ ਜਿਨ੍ਹਾਂ ਨੇ ਪੰਜਾਬੀ ਫ਼ਿਲਮ ਸ਼ੀਲਾ ਉਰਫ਼ ਇੱਕ ਪਿੰਡ ਦੀ ਕੁੜੀ ਦਾ ਨਿਰਮਾਣ ਸੰਨ 1935 ਵਿੱਚ ਕੀਤਾ ਸੀ। ਓਦੋਂ ਤੋਂ ਲੈ ਕੇ ਅੱਜ ਤਕ ਦਾ ਸਫ਼ਰ ਤੈਅ ਕਰਦਿਆਂ ਪੰਜਾਬੀ ਸਿਨੇਮਾ ਨੇ ਕਈ ਉਤਾਰ-ਚੜ੍ਹਾਅ ਦੇਖੇ। ਪਿਛਲੇ ਕੁੱਝ ਸਾਲਾਂ ਤੋਂ ਪੰਜਾਬੀ ਸਿਨੇਮੇ ਨੂੰ ਦੇਸ਼-ਵਿਦੇਸ਼ ਵਿੱਚ ਵੱਡਾ ਹੁੰਗਾਰਾ ਮਿਲਿਆ ਹੈ। ਸਿੱਟੇ ਵਜੋਂ ਨਿਰਮਾਤਾਵਾਂ, ਨਿਰਦੇਸ਼ਕਾਂ, ਲੇਖਕਾਂ, ਕਲਾਕਾਰਾਂ, ਗੀਤਕਾਰਾਂ ਅਤੇ ਸੰਗੀਤਕਾਰਾਂ ਦਾ ਪੰਜਾਬੀ ਸਿਨੇਮਾ ‘ਤੇ ਕਾਫ਼ੀ ਭਰੋਸਾ ਵਧਿਆ ਹੈ।
ਪਿਛਲੇ ਤਿੰਨ-ਚਾਰ ਸਾਲਾਂ ਤੋਂ ਪੰਜਾਬੀ ਫ਼ਿਲਮਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋਇਆ ਹੈ। ਇਸ ਵਾਧੇ ਦੇ ਨਾਲ-ਨਾਲ ਅਸਫ਼ਲ ਫ਼ਿਲਮਾਂ ਦੀ ਗਿਣਤੀ ਵੀ ਵਧੀ ਹੈ। ਸਾਲ 2018 ਦੌਰਾਨ ਪੰਜਾਬੀ ਸਿਨੇਮਾ ਦੀ ਸ਼ੁਰੂਆਤ ਜਨਵਰੀ ਮਹੀਨੇ ਰਿਲੀਜ਼ ਹੋਈਆਂ ਫ਼ਿਲਮਾਂ ਪੰਜਾਬ ਸਿੰਘ ਅਤੇ ਸੱਗੀ ਫੁੱਲ ਨਾਲ ਹੋਈ। ਇਨ੍ਹਾਂ ਫ਼ਿਲਮਾਂ ਨੂੰ ਕੋਈ ਬਹੁਤਾ ਚੰਗਾ ਹੁੰਗਾਰਾ ਨਹੀਂ ਮਿਲਿਆ। ਇਸ ਸਾਲ ਕਈ ਨਵੇਂ ਸਿਤਾਰਿਆਂ ਨੇ ਪੰਜਾਬੀ ਸਿਨੇਮਾ ‘ਤੇ ਦਸਤਕ ਦਿੱਤੀ। ਕੁੱਝ ਗਾਇਕਾਂ ਨੂੰ ਵੀ ਫ਼ਿਲਮੀਂ ਪਰਦੇ ‘ਤੇ ਆਉਣ ਦਾ ਮੌਕਾ ਮਿਲਿਆ। ਬੀਤੇ ਸਾਲ ਦੌਰਾਨ ਚਾਰ ਦਰਜਨ ਦੇ ਕਰੀਬ ਪੰਜਾਬੀ ਫ਼ਿਲਮਾਂ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੀਆਂ।
ਫ਼ਿਲਮ ਲਾਵਾਂ ਫ਼ੇਰੇ, ਲੌਂਗ ਲਾਚੀ, ਗੋਲਕ ਬੁਗਨੀ ਬੈਂਕ ਤੇ ਬਟੂਆ, ਵਧਾਈਆਂ ਜੀ ਵਧਾਈਆਂ, ਮਿਸਟਰ ਐਂਡ ਮਿਸਿਜ਼ 420 ਰਿਟਰਨਜ਼, ਕਿਸਮਤ, ਮਰ ਗਏ ਓਏ ਲੋਕੋ, ਡਾਕੂਆਂ ਦਾ ਮੁੰਡਾ, ਦਾਣਾ ਪਾਣੀ, ਅਫ਼ਸਰ, ਆਸੀਸ, ਸੱਜਣ ਸਿੰਘ ਰੰਗਰੂਟ, ਸੂਬੇਦਾਰ ਜੋਗਿੰਦਰ ਸਿੰਘ, ਅਸ਼ਕੇ, ਪ੍ਰਾਹੁਣਾ, ਸੰਨ ਔਫ਼ ਮਨਜੀਤ ਸਿੰਘ ਅਤੇ ਵਣਜਾਰਾ, ਆਦਿ ਫ਼ਿਲਮਾਂ ਦੀਆਂ ਕਹਾਣੀਆਂ ਨੇ ਦਰਸ਼ਕਾਂ ਨੂੰ ਪੰਜਾਬੀ ਸਿਨੇਮਾ ਨਾਲ ਜੋੜਦਿਆਂ ਇਸ ਦੀ ਨੀਂਹ ਨੂੰ ਹੋਰ ਮਜ਼ਬੂਤ ਕੀਤਾ। ਫ਼ਿਲਮ ਸੱਜਣ ਸਿੰਘ ਰੰਗਰੂਟ ਵਿੱਚ ਦਿਲਜੀਤ ਦੁਸਾਂਝ ਨਾਲ ਗਾਇਕਾ ਸੁਨੰਦਾ ਸ਼ਰਮਾ ਨੇ ਫ਼ਿਲਮ ਖੇਤਰ ਵਿੱਚ ਕਦਮ ਰੱਖਿਆ।
ਪਰਮਵੀਰ ਚੱਕਰ ਨਾਲ ਸਨਮਾਨਿਤ ਸੂਬੇਦਾਰ ਜੋਗਿੰਦਰ ਸਿੰਘ ਦੇ ਜੀਵਨ ‘ਤੇ ਆਧਾਰਿਤ ਪੰਜਾਬੀ ਫ਼ਿਲਮ ਸੂਬੇਦਾਰ ਜੋਗਿੰਦਰ ਸਿੰਘ ਨੇ ਪੰਜਾਬੀ ਸਿਨੇਮਾ ਵਿੱਚ ਨਵੀਆਂ ਪੈੜਾਂ ਪਾਈਆਂ। ਇਸ ਫ਼ਿਲਮ ਨਾਲ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਅਤੇ ਰਾਜਵੀਰ ਜਵੰਦਾ ਨੇ ਫ਼ਿਲਮਾਂ ਵਿੱਚ ਆਪਣਾ ਖ਼ਾਤਾ ਖੋਲ੍ਹਿਆ। ਲੇਖਕ, ਅਦਾਕਾਰ ਅਤੇ ਨਿਰਦੇਸ਼ਕ ਰਾਣਾ ਰਣਬੀਰ ਨੇ ਫ਼ਿਲਮ ਆਸੀਸ ਰਾਹੀਂ ਮਾਂ-ਪੁੱਤਰ ਦੇ ਪਿਆਰ ਦੀ ਵਿਲੱਖਣ ਕਹਾਣੀ ਨੂੰ ਪਰਦੇ ‘ਤੇ ਬਾਖ਼ੂਬੀ ਪੇਸ਼ ਕੀਤਾ। ਅਮਰਿੰਦਰ ਗਿੱਲ ਦੀ ਫ਼ਿਲਮ ਅਸ਼ਕੇ ਬਿਨਾਂ ਪ੍ਰਚਾਰ ਤੋਂ ਸਫ਼ਲਤਾ ਦੀਆਂ ਪੌੜੀਆਂ ਚੜ੍ਹਨ ‘ਚ ਕਾਮਯਾਬ ਰਹੀ। ਹਾਕੀ ਦੀ ਖੇਡ ‘ਤੇ ਆਧਾਰਿਤ ਫ਼ਿਲਮ ਹਰਜੀਤਾ ਵੀ ਦਰਸ਼ਕਾਂ ਦਾ ਦਿਲ ਜਿੱਤਣ ‘ਚ ਕਾਮਯਾਬ ਰਹੀ।
ਇਸ ਵਰ੍ਹੇ ਪੰਜਾਬੀ ਵਿਆਹਾਂ ਦੇ ਵਿਸ਼ੇ ਨੂੰ ਵੀ ਕਈ ਫ਼ਿਲਮਾਂ ਵਿੱਚ ਫ਼ਿੱਟ ਕੀਤਾ ਗਿਆ। ਮਰਹੂਮ ਗਾਇਕ ਰਾਜ ਬਰਾੜ ਦੀ ਜ਼ਿੰਦਗੀ ਦੀ ਆਖ਼ਰੀ ਫ਼ਿਲਮ ਆਮ ਆਦਮੀ ਵੀ ਇਸ ਸਾਲ ਰਿਲੀਜ਼ ਹੋਈ। ਤਿੰਨ-ਚਾਰ ਸਾਲਾਂ ਤੋਂ ਬਾਅਦ ਨਨਕਾਣਾ ਫ਼ਿਲਮ ਰਾਹੀਂ ਪੰਜਾਬੀ ਦੇ ਹਰਮਨ ਪਿਆਰੇ ਗਾਇਕ ਅਤੇ ਅਦਾਕਾਰ ਗੁਰਦਾਸ ਮਾਨ ਦੀ ਪੌਲੀਵੁਡ ਵਿੱਚ ਵਾਪਸੀ ਹੋਈ। ਕੁੜਮਾਈਆਂ ਵਿੱਚ ਹਰਜੀਤ ਹਰਮਨ ਨੇ ਬਤੌਰ ਨਾਇਕ ਪੰਜਾਬੀ ਸਿਨੇਮਾ ‘ਚ ਕਦਮ ਰੱਖਿਆ। ਆਟੇ ਦੀ ਚਿੜੀ ਨਾਲ ਗਾਇਕ ਅੰਮ੍ਰਿਤ ਮਾਨ ਅਤੇ ਲਾਟੂ ਨਾਲ ਗਗਨ ਕੋਕਰੀ ਨੇ ਬਤੌਰ ਨਾਇਕ ਪੌਲੀਵੁਡ ਵਿੱਚ ਐਂਟਰੀ ਕੀਤੀ। ਸਾਲ ਦੇ ਅਖ਼ੀਰ ਵਿੱਚ ਮੈਰਿਜ ਪੈਲੇਸ, ਰੰਗ ਪੰਜਾਬ, ਵਣਜਾਰਾ, ਭੱਜੋ ਵੀਰੋ ਵੇ, ਟਾਇਟੈਨਿਕ ਅਤੇ ਵੱਡਾ ਕਲਾਕਾਰ, ਆਦਿ ਫ਼ਿਲਮਾਂ ਰਿਲੀਜ਼ ਹੋਈਆਂ।
ਫ਼ਿਲਮ ਵਣਜਾਰਾ ਨਾਲ ਬੱਬੂ ਮਾਨ ਨੇ ਪਰਦੇ ‘ਤੇ ਸਫ਼ਲ ਵਾਪਸੀ ਕੀਤੀ। ਇਸ ਸਾਲ ਜਿੱਥੇ ਪੰਜਾਬੀ ਫ਼ਿਲਮਾਂ ਦਾ ਫ਼ਿਲਮਾਂਕਣ ਪੰਜਾਬ ਤੋਂ ਲੈ ਕੇ ਵਿਦੇਸ਼ਾਂ ਤਕ ਕੀਤਾ ਗਿਆ, ਉੱਥੇ ਫ਼ਿਲਮਸਾਜ਼ਾਂ ਲਈ ਸ੍ਰੀ ਗੰਗਾਨਗਰ ਦੀ ਧਰਤੀ ਵੀ ਮਿੰਨੀ ਫ਼ਿਲਮ ਸਿਟੀ ਬਣ ਗਈ। ਅੱਜ ਵੀ ਇਥੇ ਕਈ ਪੰਜਾਬੀ ਫ਼ਿਲਮਾਂ ਦੀ ਸੂਟਿੰਗ ਚੱਲ ਰਹੀ ਹੈ। ਇਸ ਸਾਲ ਪੰਜਾਬੀ ਫ਼ਿਲਮਾਂ ਰਾਹੀਂ ਪਰਿਵਾਰਕ ਰਿਸ਼ਤਿਆਂ ਦੀਆਂ ਤੰਦਾਂ ਨੂੰ ਮਜ਼ਬੂਤ ਕਰਨ ਅਤੇ ਪੇਂਡੂ ਸਭਿਆਚਾਰ ਨੂੰ ਮਨੋਰੰਜਨ ਭਰਪੂਰ ਤਰੀਕੇ ਨਾਲ ਪਰਦੇ ‘ਤੇ ਪੇਸ਼ ਕਰਨ ਦਾ ਚੰਗਾ ਉਪਰਾਲਾ ਕੀਤਾ ਗਿਆ। ਕਈ ਫ਼ਿਲਮਾਂ ਨੇ ਤਾਂ ਬੀਤੇ ਸਾਲ ਸਿਨੇਮਾ ਖਿੜਕੀ ‘ਤੇ ਪਾਣੀ ਵੀ ਨਹੀਂ ਮੰਗਿਆ।
ਦੂਜੇ ਪਾਸੇ, ਕਈ ਵੱਡੇ ਕਲਾਕਾਰਾਂ ਨੇ ਆਪਣੀਆਂ ਫ਼ਿਲਮਾਂ ਦੀ ਗਿਣਤੀ ਵਧਾਉਣ ਦੇ ਚੱਕਰ ਵਿੱਚ ਕੌਮੇਡੀ ਫ਼ਿਲਮਾਂ ਵੀ ਕੀਤੀਆਂ, ਪਰ ਸਿਨੇਮਾਂ ਪ੍ਰੇਮੀਆਂ ਨੇ ਉਨ੍ਹਾਂ ਫ਼ਿਲਮਾਂ ਨੂੰ ਸਵੀਕਾਰ ਨਹੀਂ ਕੀਤਾ। ਇਸ ਤੋਂ ਇਹ ਸਾਫ਼ ਹੁੰਦਾ ਹੈ ਕਿ ਇਸ ਸਾਲ ਕੌਮੇਡੀ ਦੇ ਤੜਕੇ ਨਾਲ ਢਿੱਡੀਂ ਪੀੜਾਂ ਪਾਉਣ ਵੱਲ ਫ਼ਿਲਮਸਾਜ਼ਾਂ ਅਤੇ ਕਲਾਕਾਰਾਂ ਦਾ ਜ਼ਿਆਦਾ ਧਿਆਨ ਕੇਂਦਰਿਤ ਰਿਹਾ। ਇਸ ਦੇ ਬਾਵਜੂਦ ਐਕਸ਼ਨ ਅਤੇ ਰੋਮਾਂਟਿਕ ਫ਼ਿਲਮਾਂ ਵੀ ਆਈਆਂ। ਕੁੱਲ ਮਿਲਾ ਕੇ 2018 ਦੌਰਾਨ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾਉਣ ਵਿੱਚ ਪੰਜਾਬੀ ਸਿਨੇਮਾ ਸਫ਼ਲ ਰਿਹਾ, ਪਰ ਕੁੱਝ ਫ਼ਿਲਮਾਂ ਵਿੱਚ ਕੌਮੇਡੀ ਦੇ ਨਾਮ ‘ਤੇ ਲੱਚਰਤਾ ਵੀ ਪਰੋਸੀ ਗਈ।
ਇੱਕ ਸਵਾਲ ਜ਼ਰੂਰ ਤੰਗ ਕਰਦਾ ਹੈ ਕਿ ਕੀ ਦਰਸ਼ਕ ਇਹੀ ਚਾਹੁੰਦੇ ਹਨ ਕਿ ਢਾਈ-ਤਿੰਨ ਘੰਟੇ ਸਿਨੇਮਾਘਰਾਂ ਵਿੱਚ ਬੈਠ ਕੇ ਹਾ … ਹਾ …, ਹੀ … ਹੀ … ਕਰ ਕੇ ਉਹ ਪੱਲੇ ਝਾੜ ਕੇ ਵਾਪਿਸ ਘਰਾਂ ਨੂੰ ਆਣ? ਅਸੀਂ ਮੰਨਦੇ ਹਾਂ ਕਿ ਹਾਸਾ-ਠੱਠਾ ਜ਼ਿੰਦਗੀ ਦਾ ਅਟੁੱਟ ਅੰਗ ਹੈ, ਪਰ ਇਨ੍ਹਾਂ ਹਾਸਿਆਂ ਪਿੱਛੇ ਲੁਕੇ ਲੋਕਾਂ ਦੇ ਦਰਦ ਦਾ, ਸਾਡੇ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ, ਆਮ ਮਨੁੱਖ ਦੀਆਂ ਭਾਵਨਾਵਾਂ ਦਾ, ਆਰਥਿਕ ਪੱਖੋਂ ਕਮਜ਼ੋਰ ਵਰਗ ਦੇ ਹੱਕਾਂ ਦਾ ਜ਼ਿਕਰ ਫ਼ਿਲਮਾਂ ਵਿੱਚ ਕੌਣ ਕਰੇਗਾ? ਪੰਜਾਬੀ ਫ਼ਿਲਮਸਾਜ਼ਾਂ ਲਈ ਅਜੇ ਵੀ ਸੋਚਣ ਅਤੇ ਸੰਭਲਣ ਦਾ ਮੌਕਾ ਹੈ ਕਿਉਂਕਿ ਅਕਸਰ ਫ਼ਿਲਮਾਂ ਦੀ ਗਿਣਤੀ ਵਧਾਉਣ ਦੇ ਚੱਕਰ ਵਿੱਚ ਚੰਗੀਆਂ ਫ਼ਿਲਮਾਂ ਦੀ ਕਮੀ ਮਹਿਸੂਸ ਹੋਣ ਲਗਦੀ ਹੈ। ਇਹ ਕਮੀ ਅਗਾਂਹ ਚੱਲ ਕੇ ਬਹੁਤ ਨੁਕਸਾਨਦਾਇਕ ਸਿੱਧ ਹੋ ਸਕਦੀ ਹੈ।
ਅਕਸਰ ਪੰਜਾਬੀ ਫ਼ਿਲਮ ਦੇ ਨਿਰਮਾਣ ਲਈ ਬੌਲੀਵੁਡ ਦੀਆਂ ਫ਼ਿਲਮਾਂ ਦੀ ਨਕਲ ਕੀਤੀ ਜਾਂਦੀ ਹੈ। ਬੌਲੀਵੁਡ ਵਾਲੇ ਉਲਟਾ ਸਾਡੇ ਸਭਿਆਚਾਰ ਦਾ ਥੋੜ੍ਹਾ ਜਿਹਾ ਜਾਗ ਲਾ ਕੇ ਆਪਣੀਆਂ ਫ਼ਿਲਮਾਂ ਸੁਪਰਹਿੱਟ ਕਰ ਲੈਂਦੇ ਹਨ। ਅਸੀਂ ਉਸੇ ਨੂੰ ਹੋਰ ਜ਼ਿਆਦਾ ਜਾਗ ਲਗਾ ਕੇ ਉਹੀ ਫ਼ਿਲਮਾਂ ਨੂੰ ਖੱਟਾ ਕਰ ਲੈਂਦੇ ਹਾਂ। ਪੰਜਾਬ ਕੋਲ ਸਾਹਿਤ ਦਾ ਇੱਕ ਵੱਡਾ ਖ਼ਜ਼ਾਨਾ ਹੈ। ਫ਼ਿਰ ਸਾਡੇ ਕੋਲ ਚੰਗੀਆਂ ਕਹਾਣੀਆਂ ਦੀ ਘਾਟ ਕਿਵੇਂ ਹੋ ਸਕਦੀ ਹੈ? ਹੁਣ ਜਦੋਂ ਕਿ ਨਵਾਂ ਸਾਲ ਆ ਚੁੱਕਾ ਹੈ, ਇਸ ਮੌਕੇ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਕਿ ਸਿਨੇਮਾ ਸਿਰਫ਼ ਮਨੋਰੰਜਨ ਦਾ ਸਾਧਨ ਹੀ ਨਹੀਂ ਹੁੰਦਾ ਬਲਕਿ ਯੁੱਗ ਬਦਲਣ ਦੀ ਵੀ ਅਥਾਹ ਸ਼ਕਤੀ ਰੱਖਦਾ ਹੈ। ਇਸ ਲਈ ਅਜਿਹੀਆਂ ਪੰਜਾਬੀ ਫ਼ਿਲਮਾਂ ਬਣਾਉਣ ਦੀ ਵੀ ਲੋੜ ਹੈ ਜੋ ਸਾਡੇ ਸਮਾਜ ਨੂੰ ਕੋਈ ਚੰਗੀ ਸੇਧ ਦੇ ਸਕਣ।