ਬੌਲੀਵੁਡ ਇੰਡਸਟਰੀ ‘ਚ ਸੰਜੀਦਾ ਕਿਰਦਾਰ ਨਿਭਾਉਣ ਲਈ ਜਾਣਿਆ ਜਾਂਦਾ ਰਾਜਕੁਮਾਰ ਰਾਓ ਇੱਕ ਵਾਰ ਫ਼ਿਰ ਹੌਰਰ ਫ਼ਿਲਮ ‘ਚ ਅਦਾਕਾਰੀ ਦਿਖਾਏਗਾ। ਰਾਓ ਨੇ ਇਸ ਸਾਲ ਰਿਲੀਜ਼ ਹੋਈ ਸੁਪਰਹਿੱਟ ਫ਼ਿਲਮ ਇਸਤਰੀ ‘ਚ ਸ਼ਾਨਦਾਰ ਅਦਾਕਾਰੀ ਦਿਖਾਈ ਸੀ। ਇਹ ਫ਼ਿਲਮ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਵੀ ਕੀਤੀ ਗਈ। ਇਸ ‘ਚ ਰਾਓ ਨਾਲ ਸ਼੍ਰਧਾ ਕਪੂਰ ਨੇ ਵੀ ਅਦਾਕਾਰੀ ਦੇ ਜੌਹਰ ਦਿਖਾਏ।
ਇਸਤਰੀ ਦੀ ਸਫ਼ਲਤਾ ਤੋਂ ਬਾਅਦ ਹੁਣ ਨਿਰਮਾਤਾ ਦਿਨੇਸ਼ ਨਿਰੰਜਨ ਅਤੇ ਰਾਓ ਇੱਕ ਵਾਰ ਫ਼ਿਰ ਅਜਿਹੀ ਹੀ ਇੱਕ ਹੌਰਰ ਕੌਮੇਡੀ ਫ਼ਿਲਮ ਕਰਨ ਦੀ ਤਿਆਰੀ ਵਿੱਚ ਹੈ। ਇਸ ਫ਼ਿਲਮ ‘ਚ ਉਸ ਨਾਲ ਵਰੁਣ ਸ਼ਰਮਾ ਵੀ ਨਜ਼ਰ ਆਏਗਾ। ਫ਼ਿਲਮ ਦਾ ਨਾਂ ਅਜੇ ਤੈਅ ਹੋਣਾ ਬਾਕੀ ਹੈ। ਇਹ ਫ਼ਿਲਮ ਅਗਲੇ ਸਾਲ ਬਣੇਗੀ ਅਤੇ ਜਨਵਰੀ 2020 ‘ਚ ਪਰਦੇ ‘ਤੇ ਰਿਲੀਜ਼ ਹੋਵੇਗੀ। ਇਸ ਫ਼ਿਲਮ ‘ਚ ਰਾਜਕੁਮਾਰ ਰਾਓ ਇੱਕ ਛੋਟੇ ਬਦਮਾਸ਼ ਦੀ ਭੂਮਿਕਾ’ਚ ਨਜ਼ਰ ਆਵੇਗਾ। ਇਸ ‘ਚ ਦਿਖਾਇਆ ਜਾਵੇਗਾ ਕਿ ਕਿਸ ਤਰ੍ਹਾਂ ਜਦੋਂ ਰਾਜਕੁਮਾਰ ਰਾਓ ਦਾ ਸਾਹਮਣਾ ਭੂਤਾਂ ਨਾਲ ਹੁੰਦਾ ਹੈ ਤਾਂ ਕਿਵੇਂ ਉਸ ਦੀ ਯੋਜਨਾ ਬਦਲ ਜਾਂਦੀ ਹੈ।
ਰਾਓ ਅਤੇ ਮੌਨੀ ਰਾਏ ਦੀ ਫ਼ਿਲਮ ਮੇਡ ਇਨ ਚਾਈਨਾ ਵੀ 15 ਅਗਸਤ 2019 ਨੂੰ ਰਿਲੀਜ਼ ਹੋਣ ਵਾਲੀ ਹੈ। ਇਹ ਇੱਕ ਕੌਮੇਡੀ ਫ਼ਿਲਮ ਹੋਵੇਗੀ। ਇਸ ‘ਚ ਰਾਓ ਨੇ ਇੱਕ ਗੁਜਰਾਤੀ ਵਪਾਰੀ ਦਾ ਕਿਰਦਾਰ ਨਿਭਾਇਆ ਹੈ। ਫ਼ਿਲਮ ਦੀ ਕਹਾਣੀ ਉਸ ਦੇ ਬਿਜ਼ਨਸ ‘ਚ ਸਫ਼ਲ ਹੋਣ ਦੇ ਆਲੇ ਦੁਆਲੇ ਘੁੰਮਦੀ ਨਜ਼ਰ ਆਵੇਗੀ। ਇਸ ਤੋਂ ਇਲਾਵਾ ਰਾਓ ਦੀ ਮੈਂਟਲ ਹੈ ਕਯਾ ਵੀ ਜਲਦ ਰਿਲੀਜ਼ ਹੋਵੇਗੀ।












