ਜਲੰਧਰ – ICC ਵਰਲਡ ਕੱਪ 2011 ਅਤੇ T-20 ਵਿਸ਼ਵ ਕੱਪ 2007 ਦੇ ਹੀਰੋ ਗੌਤਮ ਗੰਭੀਰ ਨੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਗੰਭੀਰ ਨੇ ਦੱਸਿਆ ਕਿ 6 ਦਸੰਬਰ ਨੂੰ ਆਂਧਰਾ ਪ੍ਰਦੇਸ਼ ਅਤੇ ਦਿੱਲੀ ਦੇ ਵਿਚਾਲੇ ਖੇਡੇ ਜਾਣ ਵਾਲੇ ਰਣਜੀ ਮੈਚ ਉਸ ਦੇ ਕਰੀਅਰ ਦਾ ਆਖ਼ਰੀ ਮੈਚ ਹੋਵੇਗਾ। ਗੰਭੀਰ ਨੇ ਕ੍ਰਿਕਟ ਨੂੰ ਅਲਵਿਦਾ ਕਹਿਣ ਦੀ ਜਾਣਕਾਰੀ ਫ਼ੇਸਬੁੱਕ ‘ਤੇ 11 ਮਿੰਟ ਦਾ ਇੱਕ ਵੀਡੀਓ ਪੋਸਟ ਕਰ ਕੇ ਦਿੱਤੀ।
ਲੰਬੇ ਸਮੇ ਤੋਂ ਨੈਸ਼ਨਲ ਟੀਮ ਤੋਂ ਬਾਹਰ ਚੱਲ ਰਹੇ ਗੰਭੀਰ ਨੇ ਫ਼ੇਸਬੁੱਕ ‘ਤੇ ਪੋਸਟ ਕੀਤੇ ਵੀਡੀਓ ‘ਚ ਕਿਹਾ ਕਿ ਉਹ ਆਪਣੇ 14 ਸਾਲ ਲੰਬੇ ਕ੍ਰਿਕਟ ਕਰੀਅਰ ਨੂੰ ਅਲਵਿਦਾ ਕਹਿਣ ਜਾ ਰਿਹਾ ਹੈ।
ਗੰਭੀਰ ਨੇ 58 ਟੈੱਸਟ ਮੈਚਾਂ ਵਿੱਚ ਭਾਰਤ ਵਲੋਂ ਓਪਨਿੰਗ ਕਰਦੇ ਹੋਏ 9 ਸੈਂਕੜਿਆਂ ਦੀ ਮਦਦ ਨਾਲ 4,154 ਦੌੜਾਂ ਬਣਾਈਆਂ ਹਨ। ਉੱਥੇ 147 ਵਨਡੇ ਦੀਆਂ 143 ਪਾਰੀਆਂ ‘ਚ ਉਹ 11 ਸੈਂਕੜੇ ਅਤੇ 5, 238 ਦੌੜਾਂ ਬਣਾਉਣ ‘ਚ ਕਾਮਯਾਬ ਰਿਹਾ। 2011 ਦੀ ਵਿਸ਼ਵ ਕੱਪ ਫ਼ਾਈਨਲ ਦੀ ਜਿੱਤ ਦੇ ਹੀਰੋ ਗੰਭੀਰ ਨੇ 37 T-20 ਮੁਕਾਬਲਿਆਂ ‘ਚ ਸੱਤ ਅਰਧ ਸੈਂਕੜਿਆਂ ਦੀ ਮਦਦ ਨਾਲ 932 ਦੌੜਾਂ ਬਣਾਈਆਂ।
ਅੰਤਰਰਾਸ਼ਟਰੀ ਕ੍ਰਿਕਟ ਤੋਂ ਇਲਾਵਾ IPL ਵਿੱਚ ਵੀ ਗੰਭੀਰ ਦਾ ਰਿਕਾਰਡ ਸ਼ਾਨਦਾਰ ਰਿਹਾ। ਉਸ ਦੀ ਅਗਵਾਈ ਹੇਠ ਕੋਲਕਾਤਾ ਨਾਈਟ ਰਾਈਡਰਜ਼ ਨੂੰ 2012 ਅਤੇ 2014 ਵਿੱਚ IPL ਚੈਂਪੀਅਨ ਬਣਨ ਵਿੱਚ ਸਫ਼ਲਤਾ ਮਿਲੀ। ਉਨ੍ਹਾਂ 154 IPL ਮੈਚਾਂ ਵਿੱਚ 31 ਦੀ ਔਸਤ ਨਾਲ 4, 218 ਦੌੜਾਂ ਬਣਾਈਆਂ।












