ਨਵੀਂ ਦਿੱਲੀ – ਵੈੱਸਟ ਇੰਡੀਜ਼ ਖ਼ਿਲਾਫ਼ ਸੀਰੀਜ਼ ਦੇ ਪਹਿਲੇ ਮੁਕਾਬਲੇ ‘ਚ ਤਾਂ ਚਾਹੇ ਹੀ ਕੋਹਲੀ-ਰੋਹਿਤ ਦੀ ਸ਼ਾਨਦਾਰ ਬੱਲੇਬਾਜ਼ੀ ਨੇ ਬਾਕੀ ਬੱਲੇਬਾਜ਼ਾਂ ਦੀ ਪਰੀਖਿਆ ਨਹੀਂ ਹੋਣ ਦਿੱਤੀ, ਪਰ ਇਨ੍ਹਾਂ ਬੱਲੇਬਾਜ਼ਾਂ ‘ਚੋਂ ਇੱਕ ਧੋਨੀ ਲਈ ਸੀਰੀਜ਼ ਬਹੁਤ ਖ਼ਾਸ ਹੈ। ਭਾਰਤ ਦੇ ਸਾਬਕਾ ਕਪਤਾਨ ਸੌਰਭ ਗਾਂਗੁਲੀ ਨੇ ਖ਼ਰਾਬ ਫ਼ੌਰਮ ਨਾਲ ਜੂਝ ਰਹੇ ਮਹਿੰਦਰ ਸਿੰਘ ਧੋਨੀ ਦਾ ਬਚਾਅ ਕਰਦੇ ਹੋਏ ਕਿਹਾ ਕਿ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਵੈੱਸਟ ਇੰਡੀਜ਼ ਖ਼ਿਲਾਫ਼ ਮੌਜੂਦਾ ਸੀਰੀਜ਼ ਉਸ ਲਈ ਕਾਫ਼ੀ ਅਹਿਮ ਹੋਵੇਗੀ। ਵਨ ਡੇ ਕ੍ਰਿਕਟ ਦੇ ਬਾਦਸ਼ਾਹ ਰਹੇ ਧੋਨੀ ਪਿਛਲੇ ਕੁੱਝ ਸਮੇਂ ਤੋਂ ਖ਼ਰਾਬ ਫ਼ੌਰਮ ਨਾਲ ਜੂਝ ਰਹੇ ਹਨ, ਵੈੱਸਟ ਇੰਡੀਜ਼ ਖ਼ਿਲਾਫ਼ ਪੰਜ ਮੈਚਾਂ ਦੀ ਮੌਜੂਦਾ ਸੀਰੀਜ਼ ਸਮੇਤ ਭਾਰਤ ਨੂੰ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ 18 ਵਨ ਡੇ ਖੇਡਣੇ ਹਨ। ਦਿੱਲੀ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਟੀਮ ਪ੍ਰਬੰਧਕਾਂ ਨੇ ਟੀਮ ‘ਚ ਇੱਕ ਬੱਲੇਬਾਜ਼ ਅਤੇ ਦੂਸਰੇ ਵੀਕਟ ਕੀਪਰ ਦੇ ਤੌਰ ‘ਤੇ ਸ਼ਾਮਿਲ ਕੀਤਾ ਹੈ।
ਗਾਂਗੁਲੀ ਨੇ ਕਿਹਾ, ”ਮੈਨੂੰ ਨਹੀਂ ਪਤਾ ਕੀ ਟੀਮ ਦੀ ਰੂਪਰੇਖਾ ਕਿਹੋ ਜਿਹੀ ਹੋਵੇਗੀ, ਪਰ ਮੈਨੂੰ ਯਕੀਨ ਹੈ ਕਿ ਧੋਨੀ ਵਿਸ਼ਵ ਕੱਪ ‘ਚ ਚੰਗਾ ਪ੍ਰਦਰਸ਼ਨ ਕਰੇਗਾ, ਵੈੱਸਟ ਇੰਡੀਜ਼ ਖ਼ਿਲਾਫ਼ ਇਹ ਸੀਰੀਜ਼ ਉਸ ਲਈ ਵੱਡੀ ਹੋਵੇਗੀ।” ਏਸ਼ੀਆ ਕੱਪ ‘ਚ ਧੋਨੀ ਨੇ ਚਾਰ ਪਾਰੀਆਂ ‘ਚ 19.25 ਦੀ ਔਸਤ ਨਾਲ ਕੇਵਲ 77 ਦੌੜਾਂ ਬਣਾਈਆਂ। ਇਸ ਸਾਲ ‘ਚ ਉਹ 10 ਪਾਰੀਆਂ ‘ਚ 28.12 ਦੀ ਔਸਤ ਤੋਂ ਹੀ ਦੌੜਾਂ ਬਣਾ ਸੱਕਿਆ ਹੈ। ਇੰਗਲੈਂਡ ‘ਚ ਉਹ 20 ਵਨ ਡੇ ‘ਚ ਇੱਕ ਵੀ ਸੈਂਕੜਾ ਨਹੀਂ ਲਗਾ ਸੱਕਿਆ। ਗਾਂਗੁਲੀ ਨੇ ਕਿਹਾ, ”ਉਸ ਦਾ ਕੁੱਲ ਰਿਕਾਰਡ ਚੰਗਾ ਹੈ, ਅਤੇ ਇਹ ਦੇਖਣਾ ਹੋਵੇਗਾ ਕਿ ਵਿਸ਼ਵ ਕੱਪ ਤੋਂ ਪਹਿਲਾਂ ਪ੍ਰਦਰਸ਼ਨ ਕਿਹੋ ਜਿਹਾ ਰਹਿੰਦਾ ਹੈ। ਇਹੀ ਵਜ੍ਹਾ ਹੈ ਕਿ ਪੰਤ ਨੂੰ ਮੌਕਾ ਦਿੱਤਾ ਗਿਆ ਹੈ।”











