ਨਾਮੀ ਡਾਂਸਰਜ਼ ਲਈ ਚੁਣੌਤੀ ਹੈ ਦਿਸ਼ਾ ਪਟਾਨੀ

ਅਦਾਕਾਰਾ ਦਿਸ਼ਾ ਪਟਾਨੀ ਨੇ ਐੱਮ. ਐੱਸ. ਧੋਨੀ ਫ਼ਿਲਮ ਤੋਂ ਬਾਅਦ ਇਸ ਸਾਲ ਰਿਲੀਜ਼ ਹੋਈ ਫ਼ਿਲਮ ਬਾਗ਼ੀ 2 ਦੀ ਸਫ਼ਲਤਾ ਨਾਲ ਬੌਲੀਵੁਡ ‘ਚ ਆਪਣੀ ਵੱਖਰੀ ਪਛਾਣ ਕਾਇਮ ਕਰ ਲਈ ਹੈ। ਦਿਸ਼ਾ ਦੇ ਕਰੀਅਰ ਨੂੰ ਸਭ ਤੋਂ ਵੱਡਾ ਉਛਾਲ ਓਦੋਂ ਆਇਆ ਜਦੋਂ ਉਸ ਨੂੰ ਸਲਮਾਨ ਖ਼ਾਨ ਦੀ ਫ਼ਿਲਮ ਭਾਰਤ ਲਈ ਸਾਈਨ ਕੀਤਾ ਗਿਆ। ਇਸ ਫ਼ਿਲਮ ‘ਚ ਦਿਸ਼ਾ ਅਹਿਮ ਕਿਰਦਾਰ ਨਿਭਾ ਰਹੀ ਹੈ। ਇਸ ਕਿਰਦਾਰ ਨੂੰ ਮਜ਼ਬੂਤ ਬਣਾਉਣ ਲਈ ਦਿਸ਼ਾ ਨੂੰ ਸਿਖਲਾਈ ਦੇਣ ਵਾਸਤੇ ਖ਼ਾਸ ਤੌਰ ‘ਤੇ ਇੰਟਰਨੈਸ਼ਨਲ ਟਰਿਪੀਜ਼ ਆਰਟਿਸਟ ਨੂੰ ਬੁਲਾਇਆ ਗਿਆ ਸੀ। ਫ਼ਿਲਮ ‘ਚ ਦਿਸ਼ਾ ਸਰਕਸ ਵਰਗੇ ਕਰੱਤਬ ਵਿਖਾਉਾਂਦੀ ਨਜ਼ਰ ਆਵੇਗੀ। ਇਸ ਤੋਂ ਇਲਾਵਾ ਦਿਸ਼ਾ ਟਾਈਗਰ ਸ਼ਰੌਫ਼ ਨਾਲ ਆਪਣੇ ਰਿਸ਼ਤਿਆਂ ਨੂੰ ਲੈ ਕੇ ਵੀ ਚਰਚਾ ‘ਚ ਰਹੀ ਹੈ।
ਹਾਲ ਹੀ ‘ਚ ਦਿਸ਼ਾ ਮੁੜ ਚਰਚਾ ‘ਚ ਹੈ। ਇਸ ਵਾਰ ਦਿਸ਼ਾ ਆਪਣੀ ਡਾਂਸ ਵੀਡੀਓ ਕਾਰਨ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦਿਸ਼ਾ ਨੇ ਆਪਣੇ ਇਨਸਟਾਗ੍ਰਾਮ ‘ਤੇ ਇੱਕ ਵੀਡੀਓ ਜਨਤਕ ਕੀਤੀ ਹੈ। ਵੀਡੀਓ ‘ਚ ਦਿਸ਼ਾ ਜ਼ਬਰਦਤ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ। ਡਾਂਸ ਦੇ ਮਾਮਲੇ ‘ਚ ਦਿਸ਼ਾ ਇੰਡਸਟਰੀ ਦੇ ਦਿੱਗਜ ਡਾਂਸਰਜ਼ ਨੂੰ ਸਖ਼ਤ ਚੁਣੌਤੀ ਦੇ ਰਹੀ ਹੈ। ਉਸ ਦੀ ਇਸ ਡਾਂਸ ਵੀਡੀਓ ਨੂੰ ਵੇਖ ਕੇ ਲਗਦਾ ਹੈ ਕਿ ਦਿਸ਼ਾ ਡਾਂਸ ਅਤੇ ਸਟੰਟ ਦੋਹਾਂ ‘ਚ ਪਰਪੱਕ ਹੈ। ਫ਼ਿਲਹਾਲ ਦਿਸ਼ਾ ਫ਼ਿਲਮ ਭਾਰਤ ਦੀ ਸੂਟਿੰਗ ‘ਚ ਰੁੱਝੀ ਹੋਈ ਹੈ। ਇਸ ਫ਼ਿਲਮ ਨੂੰ ਨਿਰਦੇਸ਼ਕ ਅਲੀ ਅੱਬਾਸ ਜ਼ਫ਼ਰ ਬਣਾ ਰਿਹਾ ਹੈ। ਫ਼ਿਲਮ ‘ਚ ਅਦਾਕਾਰਾ ਤਬੂ, ਕੈਟਰੀਨਾ ਕੈਫ਼, ਨੋਰਾ ਫ਼ਤੇਹੀ, ਸੁਨੀਲ ਗਰੋਵਰ ਅਤੇ ਜੈਕੀ ਸ਼ਰੌਫ਼ ਜਿਹੇ ਕਲਾਕਾਰ ਕੰਮ ਕਰ ਰਹੇ ਹਨ। ਇਹ ਫ਼ਿਲਮ 2019 ‘ਚ ਈਦ ਮੌਕੇ ਰਿਲੀਜ਼ ਹੋਵੇਗੀ। ਫ਼ਿਲਮ ‘ਚ ਸਲਮਾਨ ਦਾ ਕਿਰਦਾਰ ਇੱਕ 20 ਸਾਲ ਦੇ ਨੌਜਵਾਨ ਤੋਂ ਲੈ ਕੇ 70 ਸਾਲ ਦੇ ਬਜ਼ੁਰਗ ਤਕ ਦਾ ਹੈ।