ਫ਼ਿਲਮ ਸੀਰੀਜ਼ ਹਾਊਸਫ਼ੁੱਲ ਦੀਆਂ ਪਹਿਲੀਆਂ ਤਿੰਨ ਫ਼ਿਲਮਾਂ ਦੀ ਸਫ਼ਲਤਾ ਤੋਂ ਬਾਅਦ ਸਾਜਿਦ ਨਾਡਿਆਡਵਾਲਾ ਨੇ ਇਸ ਸੀਰੀਜ਼ ਦੀ ਚੌਥੀ ਫ਼ਿਲਮ ਵੀ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਡਾਇਰੈਕਟਰ ਸਾਜਿਦ ਖ਼ਾਨ ਇੱਕ ਵਾਰ ਫ਼ਿਰ ਤੋਂ ਹਾਊਸਫ਼ੁੱਲ-4 ਦੇ ਮਾਧਿਅਮ ਤੋਂ ਇਸ ਸੀਰੀਜ਼ ਨਾਲ ਜੁੜ ਜਾਣਗੇ ਜੋ ਕਿਸੇ ਕਾਰਨ ਹਾਊਸਫ਼ੁੱਲ-3 ਨੂੰ ਡਾਇਰੈਕਟ ਨਹੀਂ ਕਰ ਸਕੇ ਸਨ। ਹੁਣ ਇਸ ਦੇ ਚੌਥੇ ਭਾਗ ਨੂੰ ਬਣਾਉਣ ਦਾ ਐਲਾਨ ਜਦੋਂ ਤੋਂ ਕੀਤਾ ਗਿਆ ਹੈ ਓਦੋਂ ਤੋਂ ਹੀ ਲਗਾਤਾਰ ਇਸ ਦੀ ਟੀਮ ਨੂੰ ਲੈ ਕੇ ਜਾਣਕਾਰੀ ਸਾਹਮਣੇ ਆਉਂਦੀ ਰਹੀ ਹੈ। ਹਾਲਾਂਕਿ ਹਾਲੇ ਵੀ ਦਰਸ਼ਕਾਂ ਨੂੰ ਇਹ ਸਾਫ਼ ਨਹੀਂ ਹੋ ਸਕਿਆ ਹੈ ਕਿ ਇਸ ਫ਼ਿਲਮ ‘ਚ ਕੌਣ-ਕੌਣ ਕਲਾਕਾਰ ਨਜ਼ਰ ਆਣਗੇ। ਫ਼ਿਲਮ ਦੇ ਨਿਰਮਾਤਾਵਾਂ ਨੇ ਵੀ ਆਪਣੇ ਵਲੋਂ ਇਸ ਦੀ ਕਾਸਟ ਨੂੰ ਲੈ ਕੇ ਕੋਈ ਬਿਆਨ ਨਹੀਂ ਦਿੱਤਾ ਹੈ, ਪਰ ਫ਼ਿਰ ਵੀ ਅਕਸ਼ੈ ਕੁਮਾਰ, ਰਿਤੇਸ਼ ਦੇਸ਼ਮੁਖ, ਬੌਬੀ ਦਿਓਲ, ਕ੍ਰਿਤੀ ਸੈਨਨ, ਪੂਜਾ ਹੇਗੜੇ ਅਤੇ ਕ੍ਰਿਤੀ ਖਰਬੰਦਾ ਵਰਗੇ ਕਲਾਕਾਰਾਂ ਨੂੰ ਹਾਊਸਫ਼ੁੱਲ-4 ਲਈ ਫ਼ਾਈਨਲ ਸਮਝਿਆ ਜਾ ਰਿਹਾ ਹੈ। ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਸੰਜੈ ਦੱਤ ਵੀ ਫ਼ਿਲਮ ਹਾਊਸਫ਼ੁੱਲ-4 ‘ਚ ਅਹਿਮ ਕਿਰਦਾਰ ਨਿਭਾਉਾਂਦੇ ਨਜ਼ਰ ਆਉਣਗੇ, ਪਰ ਹੁਣ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਸੰਜੂ ਇਸ ਫ਼ਿਲਮ ‘ਚ ਨਹੀਂ ਨਜ਼ਰ ਆਏਗਾ। ਫ਼ਿਲਮ ਨਾਲ ਜੁੜੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੰਜੈ ਦੱਤ ਨੂੰ ਫ਼ਿਲਮ ਹਾਊਸਫ਼ੁੱਲ-4 ਲਈ ਕਦੇ ਪੱਕਾ ਫ਼ਾਈਨਲ ਨਹੀਂ ਸੀ ਕੀਤਾ ਗਿਆ। ਫ਼ਿਲਮ ਦੇ ਨਿਰਮਾਤਾ ਲਗਾਤਾਰ ਸੰਜੈ ਨੂੰ ਫ਼ਿਲਮ ‘ਚ ਲੈ ਕੇ ਚਰਚਾ ਕਰ ਰਹੇ ਸਨ, ਪਰ ਕੁੱਝ ਕਾਰਨਾਂ ਕਰ ਕੇ ਗੱਲ ਨਹੀਂ ਬਣ ਸਕੀ। ਸੰਜੈ ਦੱਤ ਦੀ ਜਗ੍ਹਾ ਹੁਣ ਇਸ ਫ਼ਿਲਮ ‘ਚ ਨਾਨਾ ਪਾਟੇਕਰ ਨਜ਼ਰ ਆਏਗਾ। ਵੈਸੇ ਹੁਣ ਤਕ ਸੰਜੈ ਅਤੇ ਨਾਨਾ ਪਾਟੇਕਰ ਨੇ ਕੋਈ ਫ਼ਿਲਮ ਇੱਕਠਿਆਂ ਨਹੀਂ ਕੀਤੀ। ਸਾਜਿਦ ਖ਼ਾਨ ਦੀ ਇਸ ਆਉਣ ਵਾਲੀ ਕੌਮੇਡੀ ਫ਼ਿਲਮ ‘ਚ ਦੋ ਵੱਖ-ਵੱਖ ਸਮਿਆਂ ਦੀ ਕਹਾਣੀ ਵੇਖਣ ਨੂੰ ਮਿਲੇਗੀ।











