ਸ਼ਿਲਾਂਗ : ਮੇਘਾਲਿਆ ਦੇ ਪੂਰਬੀ ਗਾਰੋ ਹਿਲਸ ਜ਼ਿਲੇ ‘ਚ ਇਕ ਬਾਜ਼ਾਰ ‘ਚ ਅੱਤਵਾਦੀਆਂ ਨੇ ਆਈ. ਡੀ. ਧਮਾਕਾ ਕਰ ਦਿੱਤਾ, ਜਿਸ ਨਾਲ ਇਕ ਮਹਿਲਾ ਸਮੇਤ 9 ਲੋਕ ਜ਼ਖਮੀ ਹੋ ਗਏ। ਆਈ. ਜੀ. ਪੀ (ਮੁਹਿੰਮ) ਜੀ. ਐੱਚ. ਪੀ. ਰਾਜੂ ਨੇ ਕਿਹਾ ਕਿ ਪੁਲਸ ਨੇ ਸਾਵਧਾਨੀ ਦੇ ਤੌਰ ‘ਤੇ ਇਲਾਕੇ ਨੂੰ ਖਾਲੀ ਕਰਵਾ ਲਿਆ ਹੈ ਅਤੇ ਕਿਸੇ ਹੋਰ ਧਮਾਕੇ ਦਾ ਪਤਾ ਲਗਾਉਣ ਲਈ ਬਾਜ਼ਾਰ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਰਾਜੂ ਨੇ ਕਿਹਾ ਕਿ ਜ਼ਖਮੀ ਲੋਕਾਂ ਨੂੰ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਆਈ. ਈ. ਡੀ. ‘ਚ ਦੁਪਹਿਰ ਕਰੀਬ ਪੌਨੇ ਇਕ ਵਜੇ ਧਮਾਕਾ ਹੋਇਆ, ਜਿਸ ਨਾਲ ਸ਼ਰਾਬ ਦੀ ਇਕ ਦੁਕਾਨ ਅਤੇ ਇਸ ਦੇ ਨੇੜੇ ਦੇ ਕਮਰੇ ਨੁਕਸਾਨੇ ਗਏ ਹਨ ਅਤੇ 9 ਵਿਅਕਤੀ ਜ਼ਖਮੀ ਹੋ ਗਏ। ਪੁਲਸ ਮੁਤਾਬਕ ਪਾਬੰਦੀਸ਼ੁਦਾ ਨੈਸ਼ਨਲ ਲਿਬਰੇਸ਼ਨ ਆਰਮੀ (ਜੀ. ਐੱਨ. ਐੱਲ. ਏ) ਦੇ ਅੱਤਵਾਦੀਆਂ ਨੇ ਭੀੜ ਵਾਲੇ ਇਲਾਕੇ ‘ਚ ਆਈ. ਈ. ਡੀ. ਲਗਾ ਦਿੱਤਾ। ਰਾਜੂ ਨੇ ਕਿਹਾ ਕਿ ਇਲਾਕੇ ਤੋਂ ਜੀ. ਐੱਨ. ਐੱਲ. ਏ. ਦੇ ਅੱਤਵਾਦੀਆਂ ਨੂੰ ਬਾਹਰ ਕੱਢਣ ਲਈ ਪੁਲਸ ਆਉਣ ਵਾਲੇ ਦਿਨਾਂ ‘ਚ ਅੱਤਵਾਦ ਵਿਰੋਧੀ ਮੁਹਿੰਮ ਚਲਾਏਗੀ। ਜੀ. ਐੱਨ. ਐੱਲ. ਏ. ਇਕ ਹਥਿਆਰਬੰਦ ਅੱਤਵਾਦੀ ਸੰਗਠਨ ਹੈ ਜੋ ਗਾਰੋ ਹਿਲਸ ਇਲਾਕੇ ‘ਚ 2010 ਤੋਂ ਪਾਬੰਦੀਸ਼ੁਦਾ ਹੈ ਅਤੇ ਅਗਵਾ, ਨਾਗਰਿਕ ਅਤੇ ਸੁਰੱਖਿਆ ਬਲਾਂ ਦੀ ਹੱਤਿਆ ‘ਚ ਸ਼ਾਮਲ ਹੈ। ਇਸ ਦੇ ਮੁਖੀ ਚੈਂਪੀਅਨ ਸੰਗਮਾ ਮੌਜੂਦਾ ਸਮੇਂ ‘ਚ ਜੇਲ ‘ਚ ਬੰਦ ਹਨ।















