ਸਿੱਖ ਸਮੱਸਿਆ ਨੂੰ ਬਿਆਨਦਾ ਨਾਵਲ ‘ਤਨਖ਼ਾਹੀਏ’

walia bigਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਪੱਤਰਕਾਰੀ ਦੀ ਮਾਸਟਰ ਡਿਗਰੀ ਕਰਨ ਤੋਂ ਪਹਿਲਾਂ ਮੈਂ ਪੰਜਾਬੀ ਯੂਨੀਵਰਸਿਟੀ ਦਾ ਵਿਦਿਆਰਥੀ ਸਾਂ। ਪੰਜਾਬੀ ਯੂਨੀਵਰਸਿਟੀ ਦੇ ਪੱਤਰਕਾਰੀ ਵਿਭਾਗ ਵਿੱਚੋਂ ਮੈਂ ਪੱਤਰਕਾਰੀ ਦੀ ਬੈਚੂਲਰ ਡਿਗਰੀ ਕੀਤੀ ਸੀ। ਇਹ ਗੱਲ 1978-79 ਦੀ ਹੈ ਅਤੇ 1981 ਵਿੱਚ ਮੈਂ ਪੀ ਏ ਯੂ ਤੋਂ ਐਮ. ਐਸ. ਸੀ. ਕੀਤੀ ਸੀ। ਪੀ. ਏ. ਯੂ. ਵਿੱਚ ਐਮ. ਐਸ. ਸੀ. ਪੱਤਰਕਾਰੀ ਕਰਨ ਵਾਲੇ ਅਸੀਂ ਪੰਜ ਵਿਦਿਆਰਥੀ ਸਾਂ ਜਿਹਨਾਂ ਵਿੱਚ ਡਾ. ਬਲਵਿੰਦਰ ਜੋ ਕਿ ਅੱਜਕਲ੍ਹ ਟਰਾਂਟੋ ਤੋਂ ਰੇਡੀਓ ਸਰਗਮ ਚਲਾ ਰਿਹਾ ਹੈ, ਤੋਂ ਇਲਾਵਾ ਨਵਜੀਤ ਜੌਹਲ, ਕਪਲੇਸ਼ ਦੁੱਗਲ ਅਤੇ ਦੀਪਕ ਭੰਡਾਰੀ ਆਦਿ ਸ਼ਾਮਲ ਸਨ। ਐਮ. ਐਸ. ਸੀ. ਕਰਨ ਤੋਂ ਬਾਅਦ 1981 ਵਿੱਚ ਹੀ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੱਤਰਕਾਰੀ ਵਿਭਾਗ ਵਿੱਚ ਪਾਰਟ ਟਾਈਮ ਲੈਕਚਰਾਰ ਦੇ ਤੌਰ ‘ਤੇ ਪੜ੍ਹਾਉਣ ਲੱਗ ਪਿਆ ਸਾਂ। ਇਸਦੇ ਨਾਲ ਹੀ ਮੈਂ ਅਹਿਮਦਗੜ੍ਹ ਤੋਂ ਪੰਜਾਬੀ ਟ੍ਰਿਬਿਊਨ ਲਈ ਰਿਪੋਰਟਿੰਗ ਵੀ ਕਰ ਰਿਹਾ ਸਾਂ ਅਤੇ ‘ਮੰਚ’ ਮਾਸਿਕ ਨਾਂ ਦਾ ਪੱਤਰ ਵੀ ਚਲਾ ਰਿਹਾ ਸਾਂ। ਪੰਜਾਬੀ ਯੂਨੀਵਰਸਿਟੀ ਵਿੱਚ ਪੜ੍ਹਾਉਣ ਸਮੇਂ ਕਈ ਅਜਿਹੇ ਵਿਦਿਆਰਥੀਆਂ ਨਾਲ ਮੇਰਾ ਵਾਹ ਪਿਆ ਜੋ ਅੱਗੇ ਜਾ ਕੇ ਆਪਣੇ ਆਪਣੇ ਖੇਤਰ ਵਿੱਚ ਵੱਡਾ ਨਾਮ ਕਮਾਉਣ ਵਿੱਚ ਸਫ਼ਲ ਰਹੇ।ਇਨ੍ਹਾਂ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋ. ਮਨਜੀਤ ਸਿੰਘ, ਆਲ ਇੰਡੀਆ ਰੇਡੀਓ ਦੇ ਅਮਰਜੀਤ ਸਿੰਘ ਵੜੈਚ, ਹਰਕੇਸ਼ ਸਿੰਘ ਸਿੱਧੂ ਆਈ. ਏ. ਐਸ., ਡਾ. ਭੁਪਿੰਦਰ ਸਿੰਘ ਬੱਤਰਾ ਆਦਿ ਸ਼ਾਮਲ ਹਨ।ਇਨ੍ਹਾਂ ਦਿਨਾਂ ਵਿੱਚ ਇਕ ਹੋਰ ਸ਼ਖਸ ਮਿਲਿਆ ਸੀ, ਜਿਸ ਨਾਲ ਅਜੇ ਤੱਕ ਬਹੁਤ ਕਰੀਬੀ ਰਿਸ਼ਤਾ ਬਣਿਆ ਹੋਇਆ ਹੈ। ਇਹ ਸ਼ਖਸ ਵਰਿੰਦਰ ਵਾਲੀਆ ਸੀ ਜੋ ਮੇਰੇ ਵਾਂਗ ਪੜ੍ਹਾਈ ਦੇ ਨਾਲ ਨਾਲ ਪੱਤਰਕਾਰੀ ਅਤੇ ਸਾਹਿਤਕਾਰੀ ਵਿੱਚ ਵੀ ਬਹੁਤ ਸਰਗਰਮ ਸੀ। ਇਕ ਮਾਸਿਕ ਪੱਤਰ ਦਾ ਸੰਪਾਦਕ ਸੀ ਅਤੇ ‘ਖਬਰਨਾਮਾ’ ਨਾਂ ਦਾ ਉਸਦਾ ਕਹਾਣੀ ਸੰਗ੍ਰਹਿ ਵੀ ਛਪ ਚੁੱਕਿਆ ਸੀ। ਸਾਡਾ ਸਿਰਫ਼ ਨਾਮ ਹੀ ਨਹੀਂ ਮਿਲਦਾ ਸੀ ਸਗੋਂ ਪੱਤਰਕਾਰੀ ਅਤੇ ਸਾਹਿਤ ਸਰਗਰਮੀਆਂ ਵੀ ਇਕੋ ਜਿਹੀਆਂ ਸਨ। ਵਰਿੰਦਰ ਨੇ ਵੀ ਪੰਜਾਬੀ ਯੂਨੀਵਰਸਿਟੀ ਤੋਂ ਪੱਤਰਕਾਰੀ ਦੀ ਬੈਚੂਲਰ ਡਿਗਰੀ ਕਰਨ ਤੋਂ ਬਾਅਦ ਮਾਸਟਰ ਡਿਗਰੀ ਕਰਨ ਲਈ ਪੀ. ਏ. ਯੂ. ਲੁਧਿਆਣਾ ਵਿੱਚ ਦਾਖਲਾ ਲੈ ਲਿਆ ਸੀ। ਜਦੋਂ 1985 ਵਿੱਚ ਮੈਂ ਪੰਜਾਬੀ ਯੂਨੀਵਰਸਿਟੀ ਦੇ ਪੱਤਰਕਾਰੀ ਵਿਭਾਗ ਵਿੱਚ ਬਤੌਰ ਲੈਕਚਰਾਰ ਰੈਗੂਲਰ ਹੋ ਗਿਆ ਤਾਂ ਵਰਿੰਦਰ ਵਾਲੀਆ ਮੇਰੀ ਥਾਂ ਉਪਰ ਮੰਡੀ ਅਹਿਮਦਗੜ੍ਹ ਤੋਂ ਪੰਜਾਬੀ ਟ੍ਰਿਬਿਊਨ ਦਾ ਪੱਤਰ ਪ੍ਰੇਰਕ ਬਣ ਗਿਆ ਸੀ। ਵਰਿੰਦਰ ਵਾਲੀਆ ਉਹਨਾਂ ਵਿਰਲੇ ਬੰਦਿਆਂ ਵਿੱਚੋਂ ਇਕ ਹੈ, ਜਿਹਨਾਂ ਨੇ ਸਰਕਾਰੀ ਨੌਕਰੀ ਦਾ ਤਿਆਗ ਕਰ ਕੇ ਸਰਗਰਮ ਪੱਤਰਕਾਰੀ ਨੂੰ ਅਪਣਾਇਆ ਸੀ। ਜਦੋਂ ਵਰਿੰਦਰ ਵਾਲੀਆ ਨੇ ਅੰਗਰੇਜ਼ੀ ਟ੍ਰਿਬਿਊਨ ਵਿੱਚ ਰਿਪੋਰਟਰ ਦੇ ਤੌਰ ‘ਤੇ ਨੌਕਰੀ ਸ਼ੁਰੂ ਕੀਤੀ ਸੀ ਉਸ ਸਮੇਂ ਉਹ ਪੰਜਾਬ ਦੇ ਲੋਕ ਸੰਪਰਕ ਵਿਭਾਗ ਵਿੱਚ ਅਫ਼ਸਰ ਸੀ। ਵਰਿੰਦਰ ਵਾਲੀਆ ਨੇ ਬਹੁਤ ਹੀ ਬੇਬਾਕੀ, ਨਿਰਪੱਖਤਾਅਤੇ ਇਮਾਨਦਾਰੀ ਨਾਲ ਰਿਪੋਰਟਿੰਗ ਕਰ ਕੇ ਵੱਡਾ ਨਾਮ ਕਮਾਇਆ ਅਤੇ ਉਹ ਵੀ ਪੰਜਾਬ ਦੇ ਕਾਲੇ ਦਿਨਾਂ ਵਿੱਚ ਅੰਮ੍ਰਿਤਸਰ ਵਰਗੇ ਸ਼ਹਿਰ ਤੋਂ। ਉਸ ਤੋਂਬਾਅਦ 2009 ਵਿੱਚ ਟ੍ਰਿਬਿਊਨ ਟਰੱਸਟ ਵੱਲੋਂ ਵਰਿੰਦਰ ਵਾਲੀਆ ਨੂੰ ਪੰਜਾਬੀ ਟ੍ਰਿਬਿਊਨ ਦਾ ਸੰਪਾਦਕ ਬਣਾ ਦਿੱਤਾ ਗਿਆ। ਪੰਜ ਸਾਲ ਬਾਅਦ ਇਸ ਜ਼ਿੰਮੇਵਾਰੀ ਤੋਂ ਵਿਹਲਾ ਹੋ ਕੇ ਵਰਿੰਦਰ ਵਾਲੀਆ ਪੰਜਾਬੀ ਯੂਨੀਵਰਸਿਟੀ ਦੇ ਪੱਤਰਕਾਰੀ ਵਿਭਾਗ ਵਿੱਚ ਬਤੌਰ ਪ੍ਰੋਫ਼ੈਸਰ ਆ ਗਿਆ।
”ਮੈਂ ਕੁਝ ਸਿਰਜਣਾਤਮਕ ਕੰਮ ਕਰਨਾ ਚਾਹੁੰਦਾ ਹਾਂ ਜੋ ਸਰਗਰਮ ਪੱਤਰਕਾਰੀ ਵਿੱਚ ਸੰਭਵ ਨਹੀਂ” ਉਸਦਾ ਕਹਿਣਾ ਸੀ। ਇਹ ਗੱਲ ਉਦੋਂ ਸਹੀ ਸਾਬਤ ਹੋਈ ਜਦੋਂ ਵਰਿੰਦਰ ਦਾ ਨਾਵਲ ‘ਤਨਖਾਹੀਏ’ ਛਪ ਕੇ ਪਾਠਕਾਂ ਦੇ ਹੱਥਾਂ ਵਿੱਚ ਪਹੁੰਚ ਗਿਆ। ਹਾਲਾਂਕਿ ਵਰਿੰਦਰ ਵਾਲੀਏ ਦੀਆਂ ਇਸ ਤੋਂ ਪਹਿਲਾਂ 10 ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ ਪਰ ਨਾਵਲ ਇਹ ਪਹਿਲਾ ਹੈ।ਨਾਵਲ ‘ਤਨਖਾਹੀਏ’ ਵਿੱਚ ਸਿੱਖਾਂ ਤੇ ਪੰਜਾਬੀਆਂ ਨਾਲ ਜੁੜੇ ਸਰੋਕਾਰਾਂ ਤੋਂ ਇਲਾਵਾ ਸਿੱਖ ਸਮੱਸਿਆ ਦੀ ਜੜ੍ਹ ਨੂੰ ਫ਼ੜਨ ਦੀ ਨਿਮਾਣੀ ਜਿਹੀ ਕੋਸ਼ਿਸ਼ ਕੀਤੀ ਗਈ ਹੈ। ਇਸ ਵਿੱਚ ਕੁਝ ਸਵਾਲ ਖੜ੍ਹੇ ਕੀਤੇ ਗਏ ਹਨ, ਜਿਹਨਾਂ ਦਾ ਜਵਾਬ ਅਤੀਤ ਦੀ ਭੁੱਬਲ ਅਤੇ ਭਵਿੱਖ ਦੀ ਬੁੱਕਲ ਵਿੱਚ ਸਾਂਭਿਆ ਹੋਇਆ ਹੈ। ਕੀ ਹਥਿਆਰਬੰਦ ਖਾੜਕੂ ਸਿੰਘਾਂ ਵੱਲੋਂ ਸ੍ਰੀ ਅਕਾਲ ਤਖਤ ‘ਤੇ ਪਨਾਹ ਲੈਣੀ ਵਾਜਿਬ ਸੀ? ਕੀ ਸਿੱਖਾਂ ਦੀ ਸਿਰਮੌਰ ਜਥੇਬੰਦੀ ਅਖਵਾਉਣ ਵਾਲੀ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅਤੇ ਤਤਕਾਲੀ ਸਿੰਘ ਸਾਬਿਾਨ ਨੇ ਆਪਣੀ ਬਣਦੀ ਭੂਮਿਕਾ ਨਿਭਾਈ, ਜਿਸ ਨਾਲ ਨੀਲਾ ਤਾਰਾ ਵਰਗੇ ਸਾਕੇ ਨੂੰ ਟਾਲਿਆ ਜਾ ਸਕਦਾ ਸੀ? ਨਾਵਲ ਵਿੱਚ ਸਰਕਾਰ, ਫ਼ੌਜ ਅਤੇ ਖੁਫ਼ੀਆ ਵਿਭਾਗ ਆਦਿ ਦੀਆਂ ਨਾ ਮੁਆਫ਼ ਕੀਤੇ ਜਾਣ ਵਾਲੀਆਂ ਨੀਤੀਆਂ-ਬਦਨੀਤੀਆਂ ਦੀ ਚਰਚਾ ਕੀਤੀ ਗਈ ਹੈ। ਫ਼ਿਰ ਵੀ ਕਈ ਅਜਿਹੇ ਅਣਸੁਲਝੇ ਸਵਾਲ ਹਨ, ਜਿਹਨਾਂ ਦਾ ਜਵਾਬ ਲੋਕ ਆਪਣੇ ਰਹਿਬਰਾਂ ਕੋਲੋਂ ਮੰਗਦੇ ਹਨ, ਜਿਸਦੇ ਆਧਾਰ ‘ਤੇ ਅਸਲੀ ਤਨਖਾਹੀਆਂ ਦੀ ਪਛਾਣ ਹੋ ਸਕੇਗੀ। ਇਉਂ ਵਰਿੰਦਰ ਵਾਲੀਆ ‘ਨੀਲੇ ਤਾਰ ਦੀ ਤਲਾਸ਼’ ਨਾਮ ਦੇ ਥੱਲੇ ਲਿਖੀ ਭੂਮਿਕਾ ਵਿੱਚ ਜਿੱਥੇ ਨਾਵਲ ਲਿਖਣੇ ਦੇ ਮੰਤਵ ਬਾਰੇ ਟਿੱਪਣੀ ਕਰਦਾ ਹੈ, ਉਥੇ ‘ਅਪਰੇਸ਼ਨ ਨੀਲਾ ਤਾਰਾ’ ਬਾਰੇ ਰਾਏ ਦਿੰਦਾ ਹੋਇਆ ਲਿਖਦਾ ਹੈ:
”ਸਮੇਂ ਦੀ ਸਰਕਾਰ ਨੂੰ ਨੀਲਾ ਤਾਰਾ ਅਪਰੇਸ਼ਨ ਲਈ ਕਦੇ ਮੁਆਫ਼ ਨਹੀਂ ਕੀਤਾ ਜਾ ਸਕਦਾ। ਨਾ ਹੀ ਉਹਨਾਂ ਨੂੰ, ਜਿਹਨਾਂ ਨੇ ਫ਼ੌਜੀ ਕਾਰਵਾਈ ਨੂੰ ਅੰਜ਼ਾਮ ਦੇਣ ਲਈ ਤੁੱਖਣੀ ਦਿੱਤੀ ਸੀ। ਆਪਣੀ ਫ਼ੌਜ ਨੇ ਉਸ ਜੜ੍ਹ ਨੂੰ ਪੁੱਟਣ ਦੀ ਕੋਸ਼ਿਸ਼ ਕੀਤੀ, ਜਿਸਨੇ ਮੁਗਲ ਰਾਜ ਦੀਆਂ ਜੜ੍ਹਾਂ ਪੁੱਟਣ ਵਿੱਚ ਸਭ ਤੋਂ ਵੱਧ ਯੋਗਦਾਨ ਪਾਇਆ ਸੀ। ਅਜਿਹੀਆਂ ਅਣਹੋਣੀਆਂ ਲਈ ਇਤਿਹਾਸ, ਸਮੇਂ ਦੀਆਂ ਸਰਕਾਰਾਂ ਨੂੰ ਕਦੇ ਮੁਆਫ਼ ਨਹੀਂ ਕਰ ਸਕਦਾ। ਸਮਝ ਨਹੀਂ ਆਉਂਦੀ ਕਿ ਧਰਮ-ਨਿਰਪੱਖ ਦੇਸ਼ਦੀ ਵਿਆਕਰਣ ਹਾਲੇ ਵੀ ਫ਼ਿਰਕਾਪ੍ਰਸਤੀ ਤੇ ਕਿਉਂ ਟਿਕੀ ਹੋਈ ਹੈ ਜਿਸ ਕਰ ਕੇ ਬੰਦੇ ‘ਚੋਂ ਇਨਸਾਨ ਲੱਭਣਾ ਔਖਾ ਹੋ ਰਿਹਾ ਹੈ।’
ਬੁਨਿਆਦੀ ਤੌਰ ‘ਤੇ ਵਰਿੰਦਰ ਵਾਲੀਆ ਇਕ ਪੱਤਰਕਾਰ ਹੈ ਅਤੇ ਪੱਤਰਕਾਰੀ ਹਮੇਸ਼ਾ ਤੱਥਮੁਖੀ ਹੁੰਦੀ ਹੈ। ਇਹ ਨਾਵਲ ਵੀ ਤੱਥਾਂ ਦੀ ਜ਼ਮੀਨ ‘ਤੇ ਸਿਰਜਿਆ ਹੋਇਆ ਹੈ। ਖਾੜਕੂ ਲਹਿਰ ਸਬੰਧੀ ਲਿਖੇ ਗਏ ਸਾਹਿਤ ਵਿੱਚ ਸ਼ਾਇਦ ਪਹਿਲੀ ਵਾਰ ਜਨਰਲ ਸੁਬੇਗ ਸਿੰਘ ਨੂੰ ਮੁੱਖ ਪਾਤਰ ਦੇ ਤੌਰ ‘ਤੇ ਪੇਸ਼ ਕੀਤਾ ਗਿਆ ਹੈ। ਸੁਬੇਗ ਸਿੰਘ ਵੱਲੋਂ ਬੰਗਲਾਦੇਸ਼ ਵਿੱਚ ਨਿਭਾਈ ਗਈ ਭੂਮਿਕਾ ਨੂੰ ਬਾਖੂਬੀ ਪੇਸ਼ ਕੀਤਾ ਗਿਆ ਹੈ। ਬੰਗਲਾਦੇਸ਼ ਦੀ ਲੜਾਈ ਸਮੇਂ ਜਿੱਥੇ ਬ੍ਰਿਗੇਡੀਅਰ ਸੁਬੇਗ ਸਿੰਘ ਮੁਕਤੀ ਵਾਹਿਨੀ ਦੇ ਜਾਂਬਾਜ਼ਾਂ ਨੂੰ ਗੁਰੀਲਾ ਜੰਗ ਦੀ ਟਰੇਨਿੰਗ ਦਿੰਦਾ ਹੈ, ਉਥੇ ਨਾਵਲਕਾਰ ਨੇ ਪਾਕਿਸਤਾਨੀਆਂ ਵੱਲੋਂ ਬੰਗਾਲੀ ਮੁਸਲਮਾਨਾਂ ਉਤੇ ਢਾਏ ਜੁਲਮਾਂ ਦੀ ਤਸਵੀਰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਫ਼ਿਰ 16 ਦਸੰਬਰ 1971 ਦਾ ਉਹ ਦਿਨ ਆਉਂਦਾ ਹੈ ਜਦੋਂ ਲੈਫ਼ਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਸਾਹਮਣੇ ਜਨਰਲ ਅਮੀਰ ਅਬਦੁੱਲਾ ਖੁਰਮ ਨਿਆਜ਼ੀ 90 ਹਜ਼ਾਰ ਫ਼ੌਜੀਆਂ ਸਮੇਤ ਆਤਮ ਸਮਰਪਣ ਕਰ ਦਿੰਦਾ ਹੈ।
ਬੰਗਲਾਦੇਸ਼ ਬਣਨ ਤੋਂ ਬਾਅਦ ਸੁਬੇਗ ਸਿੰਘ ਨੂੰ ਬ੍ਰਿਗੇਡੀਅਰ ਤੋਂ ਤਰੱਕੀ ਦੇ ਕੇ ਮੇਜਰ ਜਨਰਲ ਬਣਾਇਆ ਗਿਆ ਸੀ। ਉਸਨੂੰ ਭਾਰਤੀ ਰਾਸ਼ਟਰਪਤੀ ਵੱਲੋਂ ਅਤਿ ਵਸ਼ਿਸ਼ਟ ਸੇਵਾ ਮੈਡਲ ਸਨਮਾਨ ਵਜੋਂ ਮਿਲਿਆ ਸੀ। ਇਹ ਮੇਜਰ ਜਨਰਲ ਸੁਬੇਗ ਸਿੰਘ ਉਸ ਸਮੇਂ ਜਜ਼ਬਾਤੀ ਤੌਰ ‘ਤੇ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਜਦੋਂ ਉਸ ਉਪਰ ਕੰਟੀਨ ਦੀ ਦਾਰੂ ਵੇਚਣ ਅਤੇ ਬੰਗਲਾਦੇਸ਼ ਬਣਨ ਬਾਅਦ ਕੁਝ ਸਮਾਨ ਆਪਣੇ ਨਾਲ ਲਿਆਉਣ ਦੇ ਇਲਜ਼ਾਮ ਲਾ ਕੇ ਇਨਕੁਆਰੀ ਆਰੰਭ ਕਰ ਦਿੱਤੀ ਗਈ। ਖੁੰਦਕ ਵਿੱਚ ਸੁਬੇਗ ਸਿੰਘ ਹਿੰਦੁਸਤਾਨ ਤੋਂ ਬਦਲਾ ਲੈਣ ਲਈ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨਾਲ ਸੰਪਰਕ ਬਣਾਉਂਦਾ ਹੈ। ਨਾਵਲਕਾਰ ਜਨਰਲ ਸੁਬੇਗ ਸਿੰਘ ਦੀ ਮਾਨਿਸਕ ਹਾਲਤ ਇਉਂ ਬਿਆਨ ਕਰਦਾ ਹੈ:
”ਸੰਤ ਭਿੰਡਰਾਂਵਾਲਿਆਂ ‘ਚ ਲੱਗਦਾ ਏ ਕੁਝ ਸਪਾਰਕ। ਬੱਸ ਫ਼ੀਤੇ ਨੂੰ ਅੱਗ ਲਾਉਣ ਦੀ ਲੋੜ ਏ। ਸੰਤ ਜੇ ਮੇਰੀ ਗੱਲ ਮੰਨ ਗੲੈ ਤਾਂ ਕਰੂੰ ਚੈਲੰਜ ਸਾਲੇ ਕਰੱਪਟ ਜਰਨੈਲਾਂ ਨੂੰ ਕਿ ਆਓ ਕਰੋ ਮੁਕਾਬਲਾ ਸੁਬੇਗ ਸਿੰਘ ਨਾਲ- ਨਹੀਂ ਜਨਰਲ ਸੁਬੇਗ ਸਿੰਘ ਨਾਲ। ਮੈਂ ਫ਼ੌਜ ਦਾ ਜਰਨੈਲ ਤੇ ਸੰਤ ਕੌਮ ਦਾ।”
ਨਾਵਲ ਵਿੱਚ ਹਰਿਮੰਦਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਦੇ ਹਾਲਾਤ ਅਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਿੱਚ ਚੱਲ ਰਹੀ ਕਸ਼ਮਕਸ਼ ਨੂੰ ਬਿਆਨ ਕੀਤਾ ਗਿਆ ਹੈ। ਅਪਰੇਸ਼ਨ ਨੀਲਾ ਤਾਰਾ ਦਾ ਵਿਵਰਣ ਨਾਵਲਕਾਰ ਨੇ ਬਹੁਤ ਵਿਸਥਾਰ ਵਿੱਚ ਕੀਤਾ ਹੈ। ਇਨਾਂ ਦਿਨਾਂ ਵਿੱਚ ਪੱਤਰਕਾਰਾਂ ਵੱਲੋਂ ਕੀਤੀ ਰਿਪੋਰਟਿੰਗ ਨੂੰ ਵੀ ਨਾਵਲਕਾਰ ਵੱਲੋਂ ਪੇਸ਼ ਕਰਨਾ ਇਹ ਦਰਸਾਉਂਦਾ ਹੈ ਕਿ ਲੇਖਕ ਖੁਦ ਉਸ ਸਮੇਂ ਅੰਮ੍ਰਿਤਸਰ ਤੋਂ ਵਰ੍ਹਦੀਆਂ ਗੋਲੀਆਂ ਵਿੱਚ ਰਿਪੋਰਟਿੰਗ ਕਰਦਾ ਰਿਹਾ ਹੈ।
ਅਪਰੇਸ਼ਨ ਨੀਲਾ ਤਾਰਾ ਤੋਂ ਬਾਅਦ ਦੇ ਹਾਲਾਤ ਬਾਰੇ ਵੀ ਨਾਵਲ ਵਿੱਚ ਪੇਸ਼ ਕੀਤੀ ਤਸਵੀਰ ਯਥਾਰਥ ਦੇ ਕਾਫ਼ੀ ਨੇੜੇ ਹੈ। ”ਅਗਲੇ ਦਿਨ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੁਕਸਾਨ ਦਾ ਜਾਇਜ਼ਾ ਲੈਣ ਲਈ ਦਰਬਾਰ ਸਾਹਿਬ ਪਹੁੰਚ ਗਿਆ। ਫ਼ੌਜੀ ਜਰਨੈਲਾਂ ਵਿੱਚ ਘਿਰੇ ਫ਼ੌਜ ਦੇ ਸੁਪਰੀਮ ਕਮਾਂਡਰ ਦੀਆਂ ਅੱਖਾਂ ਵਿੱਚੋਂ ਲਾਚਾਰੀ ਸਾਫ਼ ਝਲਕ ਰਹੀ ਸੀ।”
ਨਾਵਲ ਵਿੱਚ ਬਰਨਾਲਾ ਸਰਕਾਰ ਦਾ ਬਣਨਾ ਅਤੇ ਫ਼ਿਰ ਗਵਰਨਰੀ ਰਾਜ ਦਾ ਲਾਗੂ ਹੋਣਾ। ਪੰਜਾਬ ਵਿੱਚ ਖਾੜਕੂ ਲਹਿਰ ਦਾ ਜੋਰ। ਪਾਕਿਸਤਾਨ ਵਿੱਚਲੇ ਸਿੱਖ ਖਾੜਕੂਆਂ ਦੀ ਭੂਮਿਕਾ, ਬੇਅੰਤ ਸਰਕਾਰ ਅਤੇ ਕੇ. ਪੀ. ਐਸ. ਗਿੱਲ ਦਾ ਰੋਲ ਅਤੇ ਖਾੜਕੂਆਂ ਨੂੰ ਖਤਮ ਕਰਨ ਲਈ ਪੁਲਿਸ ਦੀਆਂ ਚਾਲਾਂ ਨੂੰ ਪੇਸ਼ ਕਰਨ ਸਮੇਂ ਨਾਵਲਕਾਰ ਨੇ ਆਪਣੀ ਲਿਖਣ ਕਲਾ ਦਾ ਖੂਬ ਪ੍ਰਦਰਸ਼ਨ ਕੀਤਾ ਹੈ।
ਇਹ ਨਾਵਲ ਇਕ ਯਥਾਰਥ ਅਤੇ ਇਕ ਇਤਿਹਾਸ ਆਪਣੇ ਵਿੱਚ ਸਮੋਈ ਬੈਠਾ ਹੈ। ਇਸ ਨਾਵਲ ਦਾ ਵੱਡਾ ਗੁਣ ਨਾਵਲਕਾਰ ਦਾ ਖੁਦ ਪੱਤਰਕਾਰ ਹੋਣਾ ਹੈ। ਜਿਸਨੇ ਪੱਤਰਕਾਰ ਦੇ ਨਾਤੇ ਸਾਰੀਆਂ ਘਟਨਾਵਾਂ ਨੂੰ ਬਹੁਤ ਨੇੜਿਉਂ ਵੇਖਿਆ ਹੈ। ਉਹ ਖੁਦ ਕਹਿੰਦਾ ਹੈ ”ਸਰਕਾਰੀ ਨੌਕਰੀ ਵੇਲੇ ਸਰਕਾਰ ਦੀਆਂ ਨੀਤੀਆਂ, ਬਦਨੀਤੀਆਂ ਤੇ ਕੁਟਿਲ ਨੀਤੀਆਂ ਨੂੰ ਵੀ ਬਹੁਤ ਨੇੜਿਉਂ ਹੋ ਕੇ ਤੱਕਿਆ ਹੈ। ਪੱਤਰਕਾਰੀ ਕਰਦਿਆਂ ਪਾਕਿਸਤਾਨ ਦੀ ਧਰਤੀ ‘ਤੇ ਲਸ਼ਕਰੇ-ਤੋਇਬਾ ਵਰਗੇ ਖਤਰਨਾਕ ਸੰਗਠਨਾਂ ਵਚ ਨੰਨੇ-ਮੁੰਨੇ ਬੱਚਿਆਂ ਨੂੰ ਅਗਨ ਹਥਿਆਰਾਂ ਦੀ ਟ੍ਰੇਨਿੰਗ ਲੈਂਦੇ ਵੀ ਤੱਕਿਆ। ਪਾਰਲੀਮੈਂਟ ‘ਤੇ ਹੋਏ ਹਮਲੇ ਤੋਂ ਬਾਹਅਦ ਇੰਡੀਆ ਵੱਲੋਂ ਐਲਾਨੇ ‘ਮੋਸਟ ਵਾਂਟਡ’ ਖਾੜਕੂਆਂ ਨਾਲ ਪਾਕਿਸਤਾਨ ਦੀ ਧਰਤੀ ਤੇ ਮੁਲਾਕਾਤਾਂ ਵੀ ਕੀਤੀਆਂ ਜੋ ਟ੍ਰਿਬਿਊਨ ਸਮੂਹ ਵਿੱਚ ਪ੍ਰਮੁੱਖਤਾ ਨਾਲ ਛਪੀਆਂ ਸਨ। ਇਤਿਹਸਾ ਦੀਆਂ ਰੰਗ-ਬਿਰੰਗੀਆਂ ਵਾਦੀਆਂ, ਕਾਲੀਆਂ-ਕਲੂਟੀਆਂ ਕੁੰਦਰਾਂ ਅਤੇ ਹਨੇਰੀਆਂ ਗੁਫ਼ਾਵਾਂ ਵਿੱਚੋਂ ਗੁਜ਼ਰਨ ਤੋਂ ਬਾਅਦ ਕੁਝ ਘਟਨਾਵਾਂ ਮਨ ਦੇ ਸ਼ਿਲਾਲੇਖ ‘ਤੇ ਸਦਾ ਲਈ ਉਕਰੀਆਂ ਗਈਆਂ ਹਨ। ਅਜਿਹੀਆਂ ਘਟਨਾਵਾਂ ਨੂੰ ਕਲਮਬੱਧ ਕਰਨਾ ਕੋਈ ਸੁਖਾਲਾ ਕੰਮ ਨਹੀਂ ਹੁੰਦਾ। ਸੱਚਮੁਚ ਹੀ ਲੇਖਕ ਨੇ ਇਹ ਨਾਵਲ ਲਿਖ ਕੇ ਵੱਡਾ ਕੰਮ ਕੀਤਾ ਹੈ। ਵਰਿੰਦਰ ਵਾਲੀਆ ਦੇ ਨਾਵਲ ‘ਤਨਖਾਹੀਏ’ ਦਾ ਸਵਾਗਤ ਕਰਨਾ ਬਣਦਾ ਹੈ। ਸੋ ਅਸੀਂ ਇਸ ਨੂੰ ਖੁਸ਼ਆਮਦੀਦ ਕਹਿੰਦੇ ਹਾਂ।