ਹਾਈ ਕਰੋਟ ਨੇ ਚੌਟਾਲਾ ਦੀ ਪਟੀਸ਼ਨ ‘ਤੇ ਦਿੱਲੀ ਸਰਕਾਰ ਤੋਂ ਮੰਗਿਆ ਜਵਾਬ

4ਨਵੀਂ ਦਿੱਲੀ :  ਦਿੱਲੀ ਹਾਈ ਕੋਰਟ ਨੇ ਸੋਮਵਾਰ ਨੂੰ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੀ ਉਸ ਪਟੀਸ਼ਨ ‘ਤੇ ਦਿੱਲੀ ਸਰਕਾਰ ਤੋਂ ਜਵਾਬ ਮੰਗਿਆ, ਜਿਸ ਵਿਚ ਉਨ੍ਹਾਂ ਨੇ ਇਲਾਜ ਲਈ 60 ਦਿਨ ਦੀ ਪੈਰੋਲ ਦੀ ਬੇਨਤੀ ਕੀਤੀ ਹੈ। ਚੌਟਾਲਾ ਅਧਿਆਪਕ ਭਰਤੀ ਘਪਲੇ ਮਾਮਲੇ ‘ਚ 10 ਸਾਲ ਦੀ ਜੇਲ ਦੀ ਸਜ਼ਾ ਕੱਟ ਰਹੇ ਹਨ।
ਜਸਟਿਸ ਆਸ਼ੂਤੋਸ਼ ਕੁਮਾਰ ਨੇ ਦਿੱਲੀ ਸਰਕਾਰ ਨੂੰ ਕਿਹਾ ਕਿ ਉਹ ਚੌਟਾਲਾ ਦੀ ਪਟੀਸ਼ਨ ‘ਤੇ 29 ਜਨਵਰੀ ਤੋਂ ਪਹਿਲਾਂ ਰਿਪੋਰਟ ਦਾਖਲ ਕਰੇ। ਸੁਪਰੀਮ ਕੋਰਟ ਨੇ ਪਿਛਲੇ ਸਾਲ 3 ਅਗਸਤ ਨੂੰ ਹਾਈ ਕੋਰਟ ਵਲੋਂ ਉਨ੍ਹਾਂ ਨੂੰ ਦੋਸ਼ੀ ਠਹਿਰਾਏ ਜਾਣ ਅਤੇ ਸਜ਼ਾ ਸੁਣਾਏ ਜਾਣ ਦੇ ਫੈਸਲੇ ਵਿਰੁੱਧ ਚੌਟਾਲਾ ਦੀ ਅਪੀਲ ਖਾਰਜ ਕਰ ਦਿੱਤੀ ਸੀ।
ਸੁਪਰੀਮ ਕੋਰਟ ਨੇ ਹਾਲਾਂਕਿ ਕਿਹਾ ਸੀ ਕਿ ਦੋਸ਼ੀ ਸਿਹਤ ਦੇ ਆਧਾਰ ‘ਤੇ ਪੈਰੋਲ ਵਰਗੀ ਰਾਹਤ ਦੀ ਮੰਗ ਨੂੰ ਲੈ ਕੇ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕਰ ਸਕਦੇ ਹਨ। ਚੌਟਾਲਾ, ਉਨ੍ਹਾਂ ਦੇ ਪੁੱਤਰ ਅਜੇ ਸਿੰਘ ਚੌਟਾਲਾ ਅਤੇ 3 ਹੋਰ ਇਸ ਮਾਮਲੇ ਵਿਚ 10 ਸਾਲ ਦੀ ਜੇਲ ਦੀ ਸਜ਼ਾ ਕੱਟ ਰਹੇ ਹਨ। 82 ਸਾਲ ਦੇ ਚੌਟਾਲਾ ਨੇ ਪੋਲੀਓ ਤੋਂ ਪ੍ਰਭਾਵਿਤ ਆਪਣੇ ਪੈਰ ਵਿਚ ਕੁਝ ਸਮੱਸਿਆ ਦਾ ਇਲਾਜ ਕਰਾਉਣ ਲਈ 60 ਦਿਨ ਦੇ ਪੈਰੋਲ ਦੀ ਮੰਗ ਕੀਤੀ ਹੈ।