ਅਰਸ਼ ‘ਤੇ ਪਹੁੰਚੀ ਤਮੰਨਾ ਭਾਟੀਆ
ਬੌਲੀਵੁੱਡ ਦੀ ਦੁਨੀਆਂ ਬਹੁਤ ਅਜੀਬੋ-ਗ਼ਰੀਬ ਹੈ। ਇੱਥੇ ਕਦੇ ਵੀ ਕੋਈ ਅਰਸ਼ ਤੋਂ ਫ਼ਰਸ਼ ਅਤੇ ਫ਼ਰਸ਼ ਤੋਂ ਅਰਸ਼ ਤਕ ਪਹੁੰਚ ਜਾਂਦਾ ਹੈ। ਕੱਲ੍ਹ ਤਕ ਜਿਸਨੂੰ ਕੋਈ ਨਹੀਂ ਜਾਣਦਾ ਸੀ, ਅੱਜ ਉਸਨੂੰ ਪੂਰਾ ਭਾਰਤ ਜਾਣਨ ਲੱਗਾ ਹੈ। ਬੌਲੀਵੁੱਡ ਦੀ ਇੱਕ ਅਜਿਹੀ ਹੀ ਅਭਿਨੇਤਰੀ ਹੈ ਤਮੰਨਾ ਭਾਟੀਆ, ਜਿਸ ਨੂੰ ਉਸਦੀ ਫ਼ਿਲਮ ‘ਬਾਹੂਬਲੀ’ ਤੋਂ ਪੂਰੇ ਦੇਸ਼ ਵਿੱਚ ਪਹਿਚਾਣ ਮਿਲੀ। ਹਾਲਾਂਕਿ, ਤਮੰਨਾ ਇਸਤੋਂ ਪਹਿਲਾਂ ਵੀ ਕਈ ਬੌਲੀਵੁੱਡ ਫ਼ਿਲਮਾਂ ਵਿੱਚ ਵਿਖਾਈ ਦੇ ਚੁੱਕੀ ਹੈ, ਪਰ ਹੁਣ ਤਕ ਉਸਨੂੰ ਉਹ ਮੁਕਾਮ ਹਾਸਲ ਨਹੀਂ ਹੋ ਸਕਿਆ ਜਿਸਦੀ ਉਸਨੂੰ ਤਲਾਸ਼ ਹੈ। ਪੇਸ਼ ਹੈ ਤਮੰਨਾ ਭਾਟੀਆ ਨਾਲ ਹੋਈ ਗੱਲਬਾਤ ਦੇ ਪ੍ਰਮੁੱਖ ਅੰਸ਼:
– ਹਿੰਦੀ ਫ਼ਿਲਮਾਂ ਵਿੱਚ ਤੁਹਾਡੀ ਅਦਾਕਾਰੀ ਨੂੰ ਜ਼ਿਆਦਾ ਨੋਟਿਸ ਨਹੀਂ ਕੀਤਾ ਗਿਆ। ਇਸ ਲਈ ਕਿਸ ਨੂੰ ਜ਼ਿੰਮੇਵਾਰ ਮੰਨਦੇ ਹੋ ?
– ਇਸਦੀ ਜ਼ਿੰਮੇਵਾਰ ਮੈਂ ਆਪਣੇ ਆਪ ਨੂੰ ਮੰਨਦੀ ਹਾਂ ਕਿਉਂਕਿ ਹਿੰਦੀ ਫ਼ਿਲਮਾਂ ਮੈਂ ਬਿਨਾਂ ਸੋਚੇ – ਸਮਝੇ ਅਤੇ ਗੰਭੀਰਤਾ ਦਿਖਾਏ ਸਾਈਨ ਕਰ ਲਈਆਂ ਸਨ। ਹਾਲਾਂਕਿ, ਆਪਣੀ ਇਸ ਗ਼ਲਤੀ ਨੂੰ ਹੁਣ ਮੈਂ ਕਦੇ ਦੁਹਰਾਉਣਾ ਨਹੀਂ ਚਾਹੁੰਦੀ। ਹੁਣ ਕੋਈ ਵੀ ਹਿੰਦੀ ਫ਼ਿਲਮ ਸੋਚ ਸਮਝ ਕੇ ਹੀ ਸਾਈਨ ਕਰਾਂਗੀ। ਹੁਣ ਮੈਨੂੰ ਚੰਗੀ ਹਿੰਦੀ ਫ਼ਿਲਮ ਦੀ ਹੀ ਤਲਾਸ਼ ਹੈ। ਮੈਂ ਛੇਤੀ ਹੀ ਬੌਲੀਵੁੱਡ ਵਿੱਚ ਧਮਾਕੇਦਾਰ ਵਾਪਸੀ ਕਰਨ ਦੀ ਤਿਆਰੀ ਵਿੱਚ ਹਾਂ।
-ਹਿੰਦੀ ਫ਼ਿਲਮਾਂ ਦੀ ਚੋਣ ਵਿੱਚ ਤੁਹਾਡੇ ਤੋਂ ਕਿੱਥੇ ਭੁੱਲ ਹੋਈ?
– ਦਰਅਸਲ, ਜਦੋਂ ਮੈਂ ਹਿੰਦੀ ਫ਼ਿਲਮਾਂ ਕਰਨੀਆਂ ਸ਼ੁਰੂ ਕੀਤੀਆਂ ਸਨ, ਉਦੋਂ ਮੈਂ ਇਹ ਸਮਝਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਮੈਂ ਅਸਲ ਵਿੱਚ ਕੌਣ ਹਾਂ ਅਤੇ ਫ਼ੈਸ਼ਨ ਨੇ ਮੈਨੂੰ ਆਪਣੇ ਆਪ ਨੂੰ ਲੱਭਣ ਵਿੱਚ ਮਦਦ ਕੀਤੀ ਸੀ। ਜਦੋਂ ਮੈਂ ਬੌਲੀਵੁੱਡ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਅਤੇ ਹਿੰਦੀ ਫ਼ਿਲਮਾਂ ਵਿੱਚ ਅਭਿਨੈ ਸ਼ੁਰੂ ਕੀਤਾ, ਉਦੋਂ ਮੈਂ ਵਾਸਤਵ ਵਿੱਚ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਮੈਂ ਕੌਣ ਹਾਂ। ਉਹ ਖੋਜ ਹੌਲੀ- ਹੌਲੀ ਫ਼ੈਸ਼ਨ ਦੇ ਜ਼ਰੀਏ ਪੂਰੀ ਹੋਈ ਕਿਉਂਕਿ ਫ਼ੈਸ਼ਨ ਇੱਕ ਸ਼ਖ਼ਸ ਦੇ ਰੂਪ ਵਿੱਚ ਆਪਣੇ ਆਪ ਨੂੰ ਪ੍ਰਗਟ ਕਰਨ ਦਾ ਇੱਕ ਵਧੀਆ ਜ਼ਰੀਆ ਹੈ। ਮੈਨੂੰ ਲੱਗਦਾ ਹੈ ਕਿ ਮੈਂ ਆਤਮ ਵਿਸ਼ਵਾਸ ਨਾਲ ਕਹਿ ਸਕਦੀ ਹਾਂ ਕਿ ਮੈਂ ਇਸਦੇ ਲਈ ਬਹੁਤ ਮਿਹਨਤ ਨਹੀਂ ਕਰਦੀ ਹਾਂ।
– ਤੁਸੀਂ ਫ਼ੈਸ਼ਨ ਦਾ ਜ਼ਿਕਰ ਕੀਤਾ ਜਦੋਂ ਕਿ ਇਹ ਫ਼ੈਸ਼ਨ ਵੀ ਕਈ ਵਾਰ ਆਲੋਚਨਾ ਦੀ ਵਜ੍ਹਾ ਬਣਦਾ ਹੈ ?
– ਹਾਂ, ਅਭਿਨੇਤਰੀਆਂ ਦੇ ਫ਼ੈਸ਼ਨ ਦੀ ਕਦੇ ਪ੍ਰਸ਼ੰਸਾ ਵੀ ਹੁੰਦੀ ਹੈ ਤਾਂ ਕਦੇ ਉਸ ਲਈ ਉਨ੍ਹਾਂ ਨੂੰ ਆਲੋਚਨਾ ਵੀ ਸਹਿਣੀ ਪੈਂਦੀ ਹੈ। ਪਰ, ਮੈਨੂੰ ਲੱਗਦਾ ਹੈ ਕਿ ਇਹ ਆਲੋਚਨਾ ਵੀ ਕਲਾਕਾਰਾਂ ਲਈ ਮਦਦਗਾਰ ਹੀ ਸਾਬਤ ਹੁੰਦੀ ਹੈ। ਮੈਂ ਆਲੋਚਕਾਂ ਦੀ ਅਹਿਸਾਨਮੰਦ ਹਾਂ ਕਿਉਂਕਿ ਮੈਂ ਉਦੋਂ ਤਕ ਬਿਹਤਰ ਨਹੀਂ ਕਰ ਸਕਦੀ ਜਦੋਂ ਤਕ ਮੈਨੂੰ ਆਲੋਚਨਾ ਨਹੀਂ ਮਿਲਦੀ।
-ਬੌਲੀਵੁੱਡ ਵਿੱਚ ਤੁਹਾਡੀ ਸ਼ੁਰੂਆਤ ਚੰਗੀ ਨਹੀਂ ਰਹੀ। ਕਿਤੇ ਹੌਸਲਾ ਤਾਂ ਨਹੀਂ ਡਗਮਗਾ ਰਿਹਾ ?
– ਬਿਲਕੁਲ ਨਹੀਂ, ਸਿਰਫ਼ ਇੱਕ ਫ਼ਿਲਮ ਦੀ ਅਸਫ਼ਲਤਾ ਮੈਨੂੰ ਕਦੇ ਵੀ ਪ੍ਰਭਾਵਿਤ ਨਹੀਂ ਕਰ ਸਕਦੀ। ਉਂਜ, ਦੱਸਣਾ ਚਾਹਾਂਗੀ ਕਿ ਮੈਨੂੰ ਕਰੀਅਰ ਦੇ ਸ਼ੁਰੂ ਵਿੱਚ ਜੋ ਵੀ ਕੰਮ ਮਿਲਿਆ, ਉਸਨੂੰ ਕੀਤਾ ਅਤੇ ਜੀ- ਜਾਨ ਦੇ ਨਾਲ ਕੀਤਾ ਕਿਉਂਕਿ ਉਸ ਸਮੇਂ ਸੀਮਤ ਮੌਕਿਆਂ ਵਿੱਚੋਂ ਹੀ ਚੁਣਨਾ ਹੁੰਦਾ ਹੈ। ਤੁਹਾਨੂੰ ਸ਼ਾਇਦ ਪਤਾ ਨਹੀਂ ਹੋਵੇਗਾ ਕਿ ਦੱਖਣ ਭਾਰਤ ਵਿੱਚ ਮੈਂ ਪੰਜ ਫ਼ਿਲਮਾਂ ਵਿੱਚ ਕੰਮ ਕਰਨ ਤੋਂ ਬਾਅਦ ਆਪਣੀ ਪਹਿਚਾਣ ਬਣਾਉਣ ਵਿੱਚ ਸਫ਼ਲ ਹੋਈ ਸੀ। ਬੌਲੀਵੁੱਡ ਵਿੱਚ ਵੀ ਕਈ ਅਭਿਨੇਤਰੀਆਂ ਅਜਿਹੀਆਂ ਹਨ, ਜਿਨ੍ਹਾਂ ਦੀਆਂ ਸ਼ੁਰੂਆਤੀ ਦੌਰ ਵਿੱਚ ਫ਼ਿਲਮਾਂ ਅਸਫ਼ਲ ਰਹੀਆਂ ਹਨ, ਪਰ ਉਨ੍ਹਾਂ ਨੇ ਹੁਣ ਆਪਣੀ ਵੱਖ ਪਹਿਚਾਣ ਬਣਾ ਲਈ ਹੈ। ਮੈਨੂੰ ਵੀ ਉਮੀਦ ਹੈ ਕਿ ਬੇਸ਼ੱਕ ਦੇਰ ਲੱਗ ਰਹੀ ਹੈ, ਪਰ ਮੇਰਾ ਵਕਤ ਵੀ ਜ਼ਰੂਰ ਆਵੇਗਾ।
-ਚੰਗੀਆਂ ਫ਼ਿਲਮ ਨਾ ਮਿਲਣ ਦੇ ਕਾਰਨ ਹੀ ਤੁਸੀਂ ਦੱਖਣ ਭਾਰਤੀ ਫ਼ਿਲਮ ਸਨਅਤ ਦਾ ਰੁਖ਼ ਕਰ ਲਿਆ?
– ਹਿੰਦੀ ਫ਼ਿਲਮ ਜਗਤ ਵਿੱਚ ਜ਼ਿਆਦਾ ਸਫ਼ਲਤਾ ਨਾ ਮਿਲਣ ਦੇ ਬਾਅਦ ਮੈਂ ਦੁਬਾਰਾ ਦੱਖਣ ਭਾਰਤੀ ਫ਼ਿਲਮ ਇੰਡਸਟਰੀ ਵਿੱਚ ਆਪਣੇ ਰੁਝੇਵੇਂ ਕਾਇਮ ਕਰ ਲਏ ਹਨ, ਨਾ ਕਿ ਰੁਖ਼ ਕੀਤਾ ਹੈ। ਮੈਂ ਪਹਿਲਾਂ ਤੋਂ ਹੀ ਦੱਖਣ ਭਾਰਤੀ ਫ਼ਿਲਮ ਇੰਡਸਟਰੀ ਵਿੱਚ ਕੰਮ ਕਰ ਰਹੀ ਹਾਂ। ਖ਼ਾਸ ਗੱਲ ਇਹ ਹੈ ਕਿ ਮੈਂ ਦੱਖਣ ਦੀਆਂ ਫ਼ਿਲਮਾਂ ਵਿੱਚ ਆਪਣੀ ਦਮਦਾਰ ਅਦਾਕਾਰੀ ਨਾਲ ਇਹ ਵੀ ਸਾਬਤ ਕਰ ਦਿੱਤਾ ਕਿ ਮੈਂ ਵੀ ਕਿਸੇ ਬੌਲੀਵੁੱਡ ਅਦਾਕਾਰਾ ਤੋਂ ਘੱਟ ਨਹੀਂ ਹਾਂ। ਇਸ ਵਿੱਚ ਸ਼ੱਕ ਨਹੀਂ ਕਿ ਮੈਂ ਬੌਲੀਵੁੱਡ ਇੰਡਸਟਰੀ ਵਿੱਚ ਕੋਈ ਖ਼ਾਸ ਸਫ਼ਲਤਾ ਪ੍ਰਾਪਤ ਨਹੀਂ ਕੀਤੀ, ਪਰ ਮੈਂ ਦੱਖਣ ਭਾਰਤੀ ਫ਼ਿਲਮਾਂ ਦਾ ਇੱਕ ਜਾਣਿਆ – ਪਛਾਣਿਆ ਅਤੇ ਹਿੱਟ ਨਾਂ ਹਾਂ। ਉੱਥੇ ਮੈਨੂੰ ਆਪਣੀ ਹਰ ਫ਼ਿਲਮ ਲਈ ਲਗਪਗ 1 ਕਰੋੜ ਰੁਪਏ ਮਿਲਦੇ ਹਨ।
– ਤੁਸੀਂ ਅਦਾਕਾਰੀ ਦੇ ਖੇਤਰ ਵਿੱਚ ਕਿਵੇਂ ਆ ਗਏ?
– ਮੈਂ ਮੁੰਬਈ ਦੀ ਰਹਿਣ ਵਾਲੀ ਹਾਂ। ਮੈਨੂੰ ਬਚਪਨ ਤੋਂ ਹੀ ਅਦਾਕਾਰੀ ਦਾ ਸ਼ੌਕ ਸੀ। 12 ਸਾਲ ਦੀ ਉਮਰ ਤੋਂ ਥਿਏਟਰ ਕਰਨ ਲੱਗੀ ਸੀ। ਮੇਰੇ ਸਕੂਲ ਵਿੱਚ ਇੱਕ ਨਿਰਮਾਤਾ ਦੇ ਬੱਚੇ ਵੀ ਪੜ੍ਹਦੇ ਸਨ। ਜਦੋਂ ਉਸ ਨਿਰਮਾਤਾ ਨੇ ਮੈਨੂੰ ਸਕੂਲ ਦੇ ਸਾਲਾਨਾ ਸਮਾਗਮ ਵਿੱਚ ਵੇਖਿਆ ਤਾਂ ਆਪਣੀ ਅਗਲੀ ਫ਼ਿਲਮ ਵਿੱਚ ਲੈ ਲਿਆ। ਇਸ ਤਰ੍ਹਾਂ ਸਾਢੇ ਤੇਰਾਂ ਸਾਲ ਦੀ ਉਮਰ ਵਿੱਚ ਹੀ ਮੈਨੂੰ ਆਪਣੀ ਪਹਿਲੀ ਫ਼ਿਲਮ ਮਿਲੀ ਜਿਸਦਾ ਨਾਮ ਸੀ ‘ਚਾਂਦ ਸਾ ਰੌਸ਼ਨ ਚਿਹਰਾ’। ਜਦੋਂ ਇਹ ਫ਼ਿਲਮ ਰਿਲੀਜ਼ ਹੋਈ ਤਾਂ ਮੇਰੀ ਬੋਰਡ ਦੀ ਪ੍ਰੀਖਿਆ ਸੀ। ਡੇਢ ਸਾਲ ਤਕ ਫ਼ਿਲਮ ਦੀ ਸ਼ੂਟਿੰਗ ਵਿੱਚ ਰੁੱਝੀ ਰਹਿਣ ਤੋਂ ਬਾਅਦ ਵੀ ਮੇਰੇ 73 ਪ੍ਰਤੀਸ਼ਤ ਅੰਕ ਆਏ। ਹਾਲਾਂਕਿ, ਫ਼ਿਲਮ ਤਾਂ ਨਹੀਂ ਚੱਲੀ, ਪਰ ਬਚਪਨ ਤੋਂ ਹੀ ਹੀਰੋਇਨ ਬਣਨ ਦੀ ਹਸਰਤ ਪੂਰੀ ਹੋ ਗਈ। ਉਸਤੋਂ ਬਾਅਦ ਮੈਂ ਤੇਲਗੂ ਫ਼ਿਲਮ ਇੰਡਸਟਰੀ ਦਾ ਰੁਖ਼ ਕਰ ਲਿਆ।
– ਤੁਹਾਨੂੰ ਦੱਖਣ ਭਾਰਤੀ ਭਾਸ਼ਾ ਵਿੱਚ ਕੰਮ ਕਰਨ ਵਿੱਚ ਮੁਸ਼ਕਿਲ ਨਹੀਂ ਹੋਈ ?
– ਨਹੀਂ, ਹਾਲਾਂਕਿ ਆਮ ਤੌਰ ‘ਤੇ ਦੱਖਣ ਦਾ ਰੁਖ਼ ਕਰਨ ਵਾਲੀਆਂ ਜ਼ਿਆਦਾਤਰ ਅਭਿਨੇਤਰੀਆਂ ਤਮਿਲ ਜਾਂ ਤੇਲਗੂ ਨਹੀਂ ਸਿੱਖ ਪਾਉਂਦੀਆਂ, ਪਰ ਮੈਂ ਟਿਊਟਰ ਰੱਖਕੇ ਦੋਨੋਂ ਭਾਸ਼ਾਵਾਂ ਸਿੱਖੀਆਂ ਕਿਉਂਕਿ ਮੈਂ ਸਮਰਪਣ, ਅਨੁਸ਼ਾਸਨ ਅਤੇ ਮਿਹਨਤ ਵਿੱਚ ਭਰੋਸਾ ਕਰਦੀ ਹਾਂ।
– ਤੁਹਾਡੀ ਬੌਲੀਵੁੱਡ ਵਿੱਚ ਕਿਸ ਖ਼ਾਸ ਅਭਿਨੇਤਾ ਨਾਲ ਕੰਮ ਕਰਨ ਦੀ ਇੱਛਾ ਹੈ?
– ਉਹ ਕਲਾਕਾਰ ਹੈ ਰਿਤਿਕ ਰੌਸ਼ਨ। ਉਹ ਹਮੇਸ਼ਾਂ ਮੇਰੀ ਪ੍ਰੇਰਣਾ ਰਹੇ ਹਨ ਅਤੇ ਮੈਂ ਉਨ੍ਹਾਂ ਕਾਰਨ ਮਨੋਰੰਜਨ ਜਗਤ ਵਿੱਚ ਆਈ ਹਾਂ। ਜੇਕਰ ਮੌਕਾ ਮਿਲੇ ਤਾਂ ਮੈਂ ਉਨ੍ਹਾਂ ਨਾਲ ਕੰਮ ਕਰਨਾ ਚਾਹਾਂਗੀ। ਮੈਨੂੰ ਲੱਗਦਾ ਹੈ ਕਿ ਰਿਤਿਕ ਵਰਗਾ ਡਾਂਸ ਹੁਨਰ ਕਿਸੇ ਦੇ ਕੋਲ ਨਹੀਂ ਹੈ।
-ਕੀ ਤੁਸੀਂ ਵੀ ਡਾਂਸ ਦੇ ਵੱਖ – ਵੱਖ ਰੂਪ ਸਿੱਖਦੇ ਹੋ?
– ਬਿਲਕੁਲ, ਫ਼ਿਲਮ ਅਭਿਨੇਤਰੀਆਂ ਲਈ ਹਰ ਤਰ੍ਹਾਂ ਦੇ ਡਾਂਸ ਵਿੱਚ ਨਿਪੁੰਨ ਹੋਣਾ ਬੇਹੱਦ ਜ਼ਰੂਰੀ ਹੁੰਦਾ ਹੈ। ਫ਼ਿਲਹਾਲ ਮੈਂ ਆਪਣੀ ਅਗਲੀ ਤੇਲਗੂ ਫ਼ਿਲਮ ਲਈ ਟੈਂਗੋ ਸਿੱਖ ਰਹੀ ਹਾਂ। ਮੈਂ ਪਹਿਲੀ ਵਾਰ ਇਸ ਤਰ੍ਹਾਂ ਦਾ ਡਾਂਸ ਕਰ ਰਹੀ ਹਾਂ ਅਤੇ ਮੈਨੂੰ ਇਹ ਕਹਿਣ ਵਿੱਚ ਹਿਚਕ ਨਹੀਂ ਕਿ ਇਹ ਆਸਾਨ ਡਾਂਸ ਨਹੀਂ ਹੈ। ਮੈਂ ਅਭਿਆਸ ਦੌਰਾਨ ਕਈ ਵਾਰ ਜ਼ਖ਼ਮੀ ਹੋ ਚੁੱਕੀ ਹਾਂ।
– ਤੁਹਾਡੀ ਬੌਲੀਵੁੱਡ ਵਿੱਚ ਕਿਹੋ ਜਿਹਾ ਕਿਰਦਾਰ ਨਿਭਾਉਣ ਦੀ ਇੱਛਾ ਹੈ?
– ਜੀ ਹਾਂ, ਮੇਰਾ ਮਨ ਹੈ ਕਿ ਸੰਜੈ ਲੀਲਾ ਭੰਸਾਲੀ ਦਾ ਨਿਰਦੇਸ਼ਨ ਹੋਵੇ ਅਤੇ ਰਿਤਿਕ ਰੌਸ਼ਨ ਮੇਰੇ ਹੀਰੋ ਹੋਣ। ਨਾਲ ਹੀ ਜੇਕਰ ਮੈਨੂੰ ਮੌਕਾ ਮਿਲਿਆ ਤਾਂ ਸ਼ਾਹਰੁਖ਼ ਅਤੇ ਸਲਮਾਨ ਨਾਲ ਕੰਮ ਕਰਨਾ ਚਾਹਾਂਗੀ। ਦੋਨੋਂ ਕਲਾਕਾਰ ਬੌਲੀਵੁੱਡ ਦੇ ਸੁਪਰ ਸਟਾਰ ਹਨ। ਜੇਕਰ ਦੋਨਾਂ ਵਿੱਚੋਂ ਇੱਕ ਨੂੰ ਚੁਣਨਾ ਹੋਵੇ , ਤਾਂ ਪਹਿਲਾਂ ਮੈਂ ਸ਼ਾਹਰੁਖ਼ ਨਾਲ ਕੰਮ ਕਰਨਾ ਪਸੰਦ ਕਰਾਂਗੀ। ਮੈਂ ਉਮੀਦ ਕਰਦੀ ਹਾਂ ਕਿ ਅੱਜ ਜਿਸ ਤਰ੍ਹਾਂ ਦੀ ਪ੍ਰਤੀਕਿਰਿਆ ਮੈਨੂੰ ਮਿਲ ਰਹੀ ਹੈ, ਇੱਕ ਦਿਨ ਮੇਰੀ ਮਿਹਨਤ ਰੰਗ ਜ਼ਰੂਰ ਲਿਆਵੇਗੀ ਅਤੇ ਮੇਰਾ ਸੁਪਨਾ ਜ਼ਰੂਰ ਸਾਕਾਰ ਹੋਵੇਗਾ।











