ਆਮ ਆਦਮੀ ਪਾਰਟੀ ਪੰਜਾਬ ਦੇ ਅਹਿਮ ਮੁੱਦਿਆਂ ਉੱਤੇ ਦੋਗਲੀ ਨੀਤੀ ਅਪਣਾ ਰਹੀ ਹੈ : ਅਕਾਲੀ ਦਲ

6ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਮ ਆਦਮੀ ਪਾਰਟੀ ਦੇ ਆਗੂਆਂ ਉੱਤੇ ”ਪੰਜਾਬ ਨਾਲ ਸਬੰਧਤ ਅਹਿਮ ਮੁੱਦਿਆਂ ਉੱਤੇ ਖ਼ਤਰਨਾਕ ਦੋਗਲੀ ਨੀਤੀ ਅਪਨਾਉੁਣ” ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਹ ”ਰਾਜਨੀਤੀ ਵਿਚ ਧਰਮ ਦੇ ਸਥਾਨ ਅਤੇ ਸਿਮਰਨਜੀਤ ਸਿੰਘ ਮਾਨ ਵਲੋਂ ਵੱਖਰੇ ਸਿੱਖ ਰਾਜ ਦੀ ਮੰਗ” ਸਬੰਧੀ ਆਪਣਾ ਸਿਧਾਂਤਕ ਸਟੈਂਡ ਸਪਸ਼ਟ ਕਰਨ ਦੀ ਜੁਰੱਅਤ ਕਰਨ।
ਸ਼੍ਰੋਮਣੀ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਇਹ ਵੀ ਕਿਹਾ ਹੈ ਕਿ ਉਹ ਫਿਰਕਾਪ੍ਰਸਤੀ ਦੇ ਘਾਤਕ ਰਾਹ ਨਾ ਪੈਣ ਅਤੇ ਲੋਕਾਂ ਵਿਚ ਧਰਮ ਜਾਂ ਫਿਰਕੇ ਦੇ ਅਧਾਰ ਉੱਤੇ ਵੰਡੀਆਂ ਪਾ ਸਕਣ ਵਾਲੇ ਸਾਰੇ ਉਹਨਾਂ ਮੁੱਦਿਆਂ ਉੱਤੇ ਆਪਣਾ ਸਟੈਂਡ ਸਪਸ਼ਟ ਕਰਨਾ ਚਾਹੀਦਾ ਹੈ ਜਿਹੜੇ ਪੰਜਾਬ ਵਿਚ ਹਜ਼ਾਰਾਂ ਕੁਰਬਾਨੀਆਂ ਦੇ ਕੇ ਕਾਇਮ ਕੀਤੀ ਗਈ ਅਮਨ-ਸ਼ਾਂਤੀ ਤੇ ਭਾਈਚਾਰਕ ਸਾਂਜ ਲਈ ਖਤਰਾ ਬਣਦੇ ਹੋਣ। ਪਾਰਟੀ ਨੇ ਆਪ ਦੇ ਆਗੂਆਂ ਨੂੰ ਕਿਹਾ ਹੈ ਕਿ ਉਹ ”ਸਿਆਸੀ ਸੁਆਦ” ਲੈਣ ਵਾਲੀ ਬਿਆਨਬਾਜ਼ੀ ਤੋਂ ਬਾਜ਼ ਆਉਣ ਕਿਉਂਕਿ ਇਸ ਨਾਲ ਸਾਡੇ ਕੌਮੀ ਹਿੱਤਾਂ ਨੂੰ ਨੁਕਸਾਨ ਹੁੰਦਾ ਹੈ।
ਪਾਰਟੀ ਦੇ ਜਨਰਲ ਸਕੱਤਰ ਤੇ ਬੁਲਾਰੇ ਹਰਚਰਨ ਸਿੰਘ ਬੈਂਸ ਨੇ ਅੱਜ ਇਥੋਂ ਜਾਰੀ ਆਪਣੇ ਇੱਕ ਬਿਆਨ ਵਿਚ ਕਿਹਾ ਹੈ, ”ਆਮ ਆਦਮੀ ਪਾਰਟੀ ਨੇ ਵੱਖਰੇ ਸਿੱਖ ਰਾਜ ਅਤੇ ਧਰਮ ਤੇ ਰਾਜਨੀਤੀ ਦੇ ਸੁਮੇਲ” ਦੇ ਮੁੱਦਿਆਂ ਉੱਤੇ ਦੋਗਲੀ ਅਤੇ ਭੁਲੇਖਾਪਤਊ ਨੀਤੀ ਅਪਣਾਈ ਹੋਈ ਹੈ। ਇੱਕ ਪਾਸੇ ਇਸ ਪਾਰਟੀ ਦੇ ਆਗੂ ਸਿੱਖੀ ਦੇ ਮੀਰੀ-ਪੀਰੀ ਸਿਧਾਂਤ ਅਨੁਸਾਰ ਧਰਮ ਤੇ ਰਾਜਨੀਤੀ ਦੇ ਸੁਮੇਲ ਦਾ ਵਿਰੋਧ ਕਰ ਰਹੇ ਹਨ, ਪਰ ਦੂਜੇ ਪਾਸੇ ਪਾਸੇ ਸ਼ਹੀਦੀ ਜੋੜ ਮੇਲਿਆਂ ਮੌਕੇ ਚਮਕੌਰ ਸਾਹਿਬ, ਫਤਹਿਗੜ੍ਹ ਸਾਹਿਬ ਤੇ ਸ੍ਰੀ ਮੁਕਤਸਰ ਵਰਗੇ ਧਾਰਮਿਕ ਅਸਥਾਨਾਂ ਉੱਤੇ ਆਪਣੀਆਂ ਸਿਆਸੀ ਕਾਨਫਰੰਸਾਂ ਕਰ ਕੇ ਸਿੱਖ ਗੁਰੂ ਸਾਹਿਬਾਨ ਅਤੇ ਸਾਹਿਜ਼ਾਦਿਆਂ ਪ੍ਰਤੀ ਸਿੱਖ ਜਗਤ ਵਿਚ ਅਥਾਹ ਸ਼ਰਧਾ ਨੂੰ ਆਪਣੇ ਸਿਆਸੀ ਮੁਫਾਦਾਂ ਲਈ ਵਰਤ ਰਹੇ ਹਨ। ” ਉਹਨਾਂ ਕਿਹਾ ਕਿ ਇਸ ਤੋਂ ਵੀ ਵੱਧ ਖ਼ਤਰਨਾਕ ਮਾਮਲਾ ਆਪ ਦੇ ਆਗੂਆਂ ਵਲੋਂ ਕੌਮੀ ਏਕਤਾ ਤੇ ਸੁਰੱਖਿਆ ਸਬੰਧੀ ਕੀਤੀ ਆਪਾ ਵਿਰੋਧੀ ਤੇ ਗੁੰਮਰਾਹਕੁੰਨ ਬਿਆਨਬਾਜ਼ੀ ਹੈ।
ਸ਼੍ਰੀ ਬੈਂਸ ਨੇ ਕਿਹਾ, ”ਉਹ ਆਪਣੀ ਪਾਰਟੀ ਨੂੰ ਕੌਮੀ ਤੇ ਧਰਮ ਨਿਰਪੱਖ ਪਾਰਟੀ ਕਹਿੰਦੇ ਹਨ। ਪਰ ਪੰਜਾਬ ਵਿਚ ਇਸ ਪਾਰਟੀ ਦੀ ਸਭ ਤੋਂ ਵੱਡੇ ਬੁਲਾਰੇ ਭਗਵੰਤ ਮਾਨ ਖੁੱਲੇਆਮ ਸਿਮਰਨਜੀਤ ਸਿੰਘ ਮਾਨ ਵਲੋਂ ਵੱਖਰੇ ਸਿੱਖ ਰਾਜ ਦੀ ਕੀਤੀ ਗਈ ਮੰਗ ਦਾ ਸਮਰਥਨ ਕਰਦਾ ਹੋਇਆ ਕਹਿੰਦਾ ਹੈ ਕਿ ਖ਼ਾਲਿਸਤਾਨ ਦੀ ਮੰਗ ਕਰਨਾ ਅਤੇ ਬੇਇਨਸਾਫੀ ਤੇ ਧੱਕੇਸ਼ਾਹੀ ਦਾ ਵਿਰੋਧ ਕਰਨਾ ਉਹਨਾਂ ਦਾ ਹੱਕ ਹੈ। ਸੰਵਿਧਾਨਕ ਪੱਖੋਂ ਇਹ ਮੁੱਦਾ ਬਹਿਸ ਅਤੇ ਵਿਚਾਰਚਰਚਾ ਦਾ ਵਿਸ਼ਾ ਹੋ ਸਕਦਾ ਹੈ, ਪਰ ਸਿਆਸੀ ਤੌਰ ਉੱਤੇ ਆਮ ਆਦਮੀ ਪਾਰਟੀ ਦਾ ਖ਼ਾਲਿਸਤਾਨ ਸਬੰਧੀ ਕੀ ਸਟੈਂਡ ਹੈ? ਕੀ ਭਗਵੰਤ ਮਾਨ ਵਲੋਂ ਵੱਖਰੇ ਸਿੱਖ ਰਾਜ ਸਬੰਧੀ ਲਿਆ ਜਾ ਰਿਹਾ ਸਟੈਂਡ ਹੀ ਪਾਰਟੀ ਦਾ ਸਟੈਂਡ ਹੈ?”
ਪਾਰਟੀ ਦੇ ਜਨਰਲ ਸਕੱਤਰ ਨੇ ਭਗਵੰਤ ਮਾਨ ਸਮੇਤ ਆਮ ਆਦਮੀ ਪਾਰਟੀ ਦੇ ਕਈ ਆਗੂਆਂ ਵਲੋਂ ਆਪਣੀ ਟੀ.ਵੀ. ਇੰਟਰਵਿਊਆਂ ਦੌਰਾਨ ਕੀਤੀਆਂ ਗਈਆਂ ਟਿੱਪਣੀਆਂ ਦੇ ਹਵਾਲੇ ਵਿਚ ਕਿਹਾ, ”ਭਗਵੰਤ ਮਾਨ ਦੀ ਇੰਟਰਵਿਊ ਨੂੰ ਉਸ ਦੇ ਕਈ ਬਿਆਨਾਂ ਵਾਂਗ ਇਹ ਕਹਿਕੇ ਅੱਖੋਂ ਪਰੋਖੇ ਕੀਤਾ ਜਾ ਸਕਦਾ ਸੀ ਕਿ ਉਸ ਦੀ ਜ਼ਬਾਨ ਅਕਸਰ ਹੀ ਟਪਲਾ ਖਾ ਜਾਂਦੀ ਹੈ, ਪਰ ਉਸ ਨੇ ਤੁਰੰਤ ਹੀ ਧਾਰਮਿਕ-ਸਿਆਸੀ ਸੰਧਰਭ ਵਿਚ ਸਿੱਖ ਗੁਰੂ ਸਾਹਿਬਾਨ ਦਾ ਹਵਾਲਾ ਦੇ ਕੇ ਇਹ ਸਪਸ਼ਟ ਕਰ ਦਿੱਤਾ ਕਿ ਉਹ ਜਾਣ ਬੁੱਝ ਕੇ ਸਿੱਖ ਇਤਿਹਾਸ ਤੇ ਸਿਧਾਂਤ ਨੂੰ ਤੋੜ ਮਰੋੜ ਕੇ ਪੇਸ਼ ਕਰ ਰਿਹਾ ਹੈ। ਉਸ ਦਾ ਇਹ ਕਾਰਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।”