ਸੈਂਚੁਰੀਅਨ: ਦੱਖਣ ਅਫ਼ਰੀਕਾ ਦੇ ਸਾਬਕਾ ਬੱਲੇਬਾਜ਼ ਜੋਂਟੀ ਰੋਡਸ ਨੇ ਭਾਰਤ ਦੇ ਧਮਾਕੇਦਾਰ ਬੱਲੇਬਾਜ਼ ਰੋਹਿਤ ਸ਼ਰਮਾ ਨੂੰ ਲੈ ਕੇ ਵੱਡੀ ਗੱਲ ਕਹਿ ਦਿੱਤੀ ਹੈ। ਦੁਨੀਆ ਦੇ ਸਰਵਸ੍ਰੇਸ਼ਠ ਫ਼ੀਲਡਰਾਂ ਵਿੱਚੋਂ ਇੱਕ ਰਹੇ ਰੋਡਸ ਨੇ ਕਿਹਾ ਹੈ ਕਿ ਜੇਕਰ ਦੂਜੀ ਪਾਰੀ ਵਿੱਚ ਉਹ ਵਧੀਆ ਪ੍ਰਦਰਸ਼ਨ ਨਹੀਂ ਕਰਦੇ ਹਨ, ਤਾਂ ਭਵਿੱਖ ਵਿੱਚ ਟੈਸਟ ਟੀਮ ਵਿੱਚ ਉਨ੍ਹਾਂ ਨੂੰ ਕਦੇ ਮੌਕਾ ਨਹੀਂ ਮਿਲੇਗਾ।
ਗਲਤੀਆਂ ਤੋਂ ਵੀ ਨਹੀਂ ਸਿਖ ਰਹੇ
245 ਵਨਡੇ ਅਤੇ 52 ਟੈਸਟ ਮੈਚਾਂ ਵਿੱਚ ਦੱਖਣ ਅਫ਼ਰੀਕਾ ਦੀ ਤਰਜਮਾਨੀ ਕਰ ਚੁੱਕੇ ਰੋਡਸ ਨੇ ਅੱਗੇ ਕਿਹਾ ਕਿ ਰੋਹਿਤ ਵਿਦੇਸ਼ ਵਿੱਚ ਲਗਾਤਾਰ ਤੇਜ਼ ਗੇਂਦਬਾਜ਼ਾਂ ਨੂੰ ਖੇਡਣ ਵਿੱਚ ਅਸਫ਼ਲ ਹੋ ਰਹੇ ਹਨ। ਨਾਲ ਹੀ ਉਹ ਆਪਣੀਆਂ ਪਿਛਲੀਆਂ ਗਲਤੀਆਂ ਤੋਂ ਸਿੱਖ ਵੀ ਨਹੀਂ ਰਹੇ ਹਨ।
ਵਿਦੇਸ਼ ‘ਚ ਬੇਹੱਦ ਅਸਫ਼ਲ ਬੱਲੇਬਾਜ਼
ਆਈ.ਪੀ.ਐੱਲ. ਵਿੱਚ ਮੁੰਬਈ ਇੰਡੀਅਨਸ ਦੀ ਕਪਤਾਨੀ ਕਰਨ ਵਾਲੇ ਰੋਹਿਤ ਨੇ ਦੂਜੇ ਟੈਸਟ ਵਿੱਚ 27 ਗੇਂਦਾਂ ਵਿੱਚ ਸਿਰਫ਼ 10 ਦੌੜਾਂ ਬਣਾ ਕੇ ਰਬਾਡਾ ਦਾ ਸ਼ਿਕਾਰ ਹੋ ਗਏ ਸਨ। ਰੋਹਿਤ ਦਾ ਘਰੇਲੂ ਔਸਤ 85.44 ਅਤੇ ਵਿਦੇਸ਼ ਵਿੱਚ 24.55 ਦਾ ਰਿਹਾ ਹੈ, ਜੋ ਇਹ ਦਰਸਾਉਂਦਾ ਹੈ ਕਿ ਉਹ ਵਿਦੇਸ਼ ਵਿੱਚ ਬੇਹੱਦ ਅਸਫ਼ਲ ਬੱਲੇਬਾਜ਼ ਹਨ।
ਰਬਾਡਾ ਅੱਗੇ ਗੋਡੇ ਟੇਕਦੇ ਨਜ਼ਰ ਆਏ
ਰੋਡਸ ਨੇ ਕਿਹਾ, ਰੋਹਿਤ ਸ਼ਰਮਾ ਵਿਦੇਸ਼ੀ ਪਿੱਚਾਂ ਉੱਤੇ ਦੁਨੀਆ ਦੇ ਨੰਬਰ ਇੱਕ ਤੇਜ਼ ਗੇਂਦਬਾਜ਼ ਰਬਾਡਾ ਦੇ ਸਾਹਮਣੇ ਗੋਡੇ ਟੇਕਦੇ ਨਜ਼ਰ ਆਏ ਹਨ, ਪਹਿਲੇ ਟੈਸਟ ਮੈਚ ਵਿੱਚ ਉਹ ਬਾਹਰ ਦੀਆਂ ਗੇਂਦਾਂ ਨੂੰ ਛੱਡਦੇ-ਛੱਡਦੇ ਅਚਾਨਕ ਐੱਲ.ਬੀ.ਡਬਲਿਊ. ਹੋ ਗਏ ਸਨ। ਠੀਕ ਇਸੇ ਤਰ੍ਹਾਂ ਉਹ ਪਹਿਲੇ ਟੈਸਟ ਮੈਚ ਵਿੱਚ ਵੀ ਆਊਟ ਹੋਏ ਸਨ। ਜਿੱਥੇ ਭਾਰਤ ਨੂੰ 72 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਹੋ ਸਕਦੀ ਆਖਰੀ ਟੈਸਟ ਸੀਰੀਜ਼
ਇੱਕ ਟੀਵੀ ਸ਼ੋਅ ਵਿੱਚ ਰੋਡਸ ਨੇ ਕਿਹਾ ਕਿ ਦੱਖਣ ਅਫ਼ਰੀਕੀ ਗੇਂਦਬਾਜ਼ਾਂ ਨੇ ਰੋਹਿਤ ਦੀ ਕਮੀ ਨੂੰ ਪ੍ਰਗਟ ਕੀਤਾ ਹੈ, ਉਨ੍ਹਾਂ ਨੂੰ ਗਲਤ ਲਾਈਨ ਉੱਤੇ ਖੇਡਣ ਉੱਤੇ ਮਜ਼ਬੂਰ ਕੀਤਾ ਹੈ। ਅਜਿਹੇ ਵਿੱਚ ਜੇਕਰ ਉਹ ਸੈਂਚੁਰੀਅਨ ਟੈਸਟ ਮੈਚ ਵਿੱਚ ਭਾਰਤ ਦੀ ਦੂਜੀ ਪਾਰੀ ਵਿੱਚ ਵੀ ਖ਼ਰਾਬ ਖੇਡਦੇ ਹਨ, ਤਾਂ ਇਹ ਸੀਰੀਜ਼ ਉਨ੍ਹਾਂ ਦੀ ਆਖਰੀ ਟੈਸਟ ਸੀਰੀਜ਼ ਹੋ ਸਕਦੀ ਹੈ।












