ਕਿਸੇ ਵੀ ਉਮਰ ਵਿੱਚ ਬੰਦਾ ਜਲਦੀ ਥੱਕ ਸਕਦਾ ਹੈ। ਜ਼ਿਆਦਾ ਕੰਮ ਕਰ ਕੇ, ਜ਼ਿਆਦਾ ਕਸਰਤ ਕਰਨ ਬਾਅਦ, ਹੱਦੋਂ ਵੱਧ ਲਗਾਤਾਰ ਜਾਗਣ ਕਰ ਕੇ, ਬਹੁਤਾ ਚਿਰ ਵਿਹਲੇ ਬੈਠਣ ਨਾਲ, ਜ਼ਿਆਦਾ ਦੇਰ ਸੁੱਤੇ ਰਹਿਣ ਕਰ ਕੇ,ਆਦਿ ਅਨੇਕ ਕਾਰਨ ਹਨ ਜਿਸ ਕਰ ਕੇ ਥਕਾਨ ਮਹਿਸੂਸ ਹੋ ਸਕਦੀ ਹੈ ਤੇ ਕਮਜ਼ੋਰੀ ਵੀ। ਵੱਖੋ-ਵੱਖ ਉਮਰ ਵਿੱਚ ਕਾਰਨ ਵੀ ਵੱਖ-ਵੱਖ ਹੋ ਸਕਦੇ ਹਨ।
ਇੱਕ ਸਾਲ ਤੋਂ ਛੋਟੀ ਉਮਰ ਵਿੱਚ:- ਜਮਾਂਦਰੂ ਦਿਲ ਦੇ ਰੋਗ, ਦਿਲ ਫ਼ੇਲ੍ਹ ਹੋਣਾ, ਲਹੂ ਹੀ ਕਮੀ, ਥਾਇਰਾਇਡ ਹਾਰਮੋਨਾਂ ਦੀ ਕਮੀ,ਬਚਪਨ ਵਿੱਚ: ਜ਼ੁਕਾਮ ਹੁੰਦਾ ਰਹਿਣਾ, ਸਾਈਨਸ ਵਿੱਚ ਕੀਟਾਣੂਆਂ ਦਾ ਹਮਲਾ, ਕੰਨਾਂ ਦੇ ਰਾਹ ਵਿੱਚ ਕੀਟਾਣੂ ਹੋਣੇ, ਗਲਾ ਖ਼ਰਾਬ ਹੁੰਦਾ ਰਹਿਣਾ, ਦਮਾ, ਐਲਰਜੀ, ਜਿਗਰ ਦੇ ਰੋਗ,, ਰਿਊਮੈਟਿਕ ਬੁਖ਼ਾਰ, ਕੈਂਸਰ, ਏਡਜ਼, ਇਮਿਊਨ ਸਿਸਟਮ ਵਿੱਚਲੀ ਖ਼ਰਾਬੀ, ਗੁਰਦਾ ਫ਼ੇਲ੍ਹ ਹੋਣਾ, ਸੌਣ ਲੱਗਿਆਂ ਸਾਹ ਦਾ ਰੁਕਣਾ।
ਤੇਰ੍ਹਾਂ ਤੋਂ 18 ਵਰ੍ਹੇ ਤਕ: ਨਿਮੂਨੀਆ, ਵਾਇਰਲ ਬੁਖ਼ਾਰ, ਹੈਪਾਟਾਈਟਿਸ, ਜੋੜਾਂ ਦੀ ਬੀਮਾਰੀ, ਐਸ.ਐਲ. ਈ ਬੀਮਾਰੀ, ਸ਼ੱਕਰ ਰੋਗ, ਕੈਂਸਰ, ਅੰਤੜੀਆਂ ਦਾ ਰੋਗ, ਐਡੀਸਨ ਰੋਗ, ਸ਼ਰਾਬ ਪੀਣੀ, ਨਸ਼ਾ ਕਰਨਾ, ਫ਼ੇਫ਼ੜਿਆਂ ਦੇ ਨੁਕਸ, ਫ਼ਾਈਬਰੋਮਾਇਐਲਜੀਆ, ਸੁੱਤੇ ਹੋਏ ਦਾ ਸਾਹ ਵਕਤੀ ਤੌਰ ਉੱਤੇ ਰੁਕਣਾ, ਸੁੱਤੇ ਹੋਏ ਦਾ ਦੌਰਾ, ਢਹਿੰਦੀ ਕਲਾ, ਬਹੁਤ ਜ਼ਿਆਦਾ ਮੋਟਾਪਾ, ਆਦਿ।
ਜ਼ਿਆਦਾਤਰ ਵੱਡਿਆਂ ਵਿੱਚ ਕਮਜ਼ੋਰੀ ਆਮ ਹੀ ਮਹਿਸੂਸ ਹੁੰਦੀ ਰਹਿੰਦੀ ਹੈ। ਭਾਵੇਂ ਕੋਈ ਬਿਮਾਰੀ ਨਾ ਵੀ ਹੋਵੇ, ਫ਼ਿਰ ਵੀ ਕੰਮ ਨਾ ਕਰਨ ਨੂੰ ਤਰਜੀਹ ਦਿੰਦੇ ਹਨ। ਵਿਹਲੇ ਬੈਠਣ ਨਾਲ ਸੁਸਤੀ ਆਉਣ ਕਰ ਕੇ ਬੰਦਾ ਆਲਸ ਨੂੰ ਕਮਜ਼ੋਰੀ ਦਾ ਨਾਂ ਦੇ ਦਿੰਦਾ ਹੈ। ਬੱਚਿਆਂ ਵਿੱਚ ਇਹ ਲੱਛਣ ਆਮ ਨਹੀਂ ਹੈ। ਇਸੇ ਲਈ ਜੇ ਬੱਚਾ ਕਮਜ਼ੋਰੀ ਮਹਿਸੂਸ ਕਰੇ ਤਾਂ ਇਸਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਜੇ ਬੱਚਾ ਚੁੰਘਦਾ ਹੋਇਆ ਵੀ ਦੁੱਧ ਛੱਡ ਕੇ ਢਿੱਲਾ ਪੈ ਜਾਵੇ ਜਾਂ ਖੇਡਦਾ ਹੋਇਆ ਥੱਕ ਕੇ ਬਹਿ ਜਾਂਦਾ ਹੋਵੇ ਤਾਂ ਜ਼ਰੂਰ ਡਾਕਟਰੀ ਸਲਾਹ ਲੈਣ ਦੀ ਲੋੜ ਹੈ।
ਲੱਤਾਂ ਘੜੀਸ ਕੇ ਚੱਲਣਾ, ਸਾਹ ਤੇਜ਼ ਹੋਣਾ, ਨੀਲਾ ਹੋ ਜਾਣਾ, ਚਿਹਰਾ ਪੀਲਾ ਪੈ ਜਾਣਾ, ਧੜਕਨ ਵਧਣੀ, ਪੈਰਾਂ ਉੱਤੇ ਸੋਜਾ ਆਉਣਾ, ਅੱਖਾਂ ਭਾਰੀਆਂ ਹੋਣੀਆਂ, ਲਗਾਤਾਰ ਖੰਘ ਰਹਿਣੀ, ਭਾਰ ਘਟਣਾ, ਚਮੜੀ ਉੱਤੇ ਧੱਫ਼ੜ ਪੈਣੇ, ਪਿਸ਼ਾਬ ਦਾ ਰੁਕਣਾ, ਅੱਖਾਂ ਪੀਲੀਆਂ ਹੋਣੀਆਂ, ਪਿਸ਼ਾਬ ਦਾ ਰੰਗ ਗਾੜ੍ਹਾ ਪੀਲਾ ਹੋ ਜਾਣਾ, ਜੋੜ ਸੁੱਜਣੇ ਤੇ ਪੀੜ ਕਰਨੇ, ਬੁਖ਼ਾਰ ਰਹਿਣਾ, ਆਦਿ ਲੱਛਣ ਜੇ ਬੱਚੇ ਵਿੱਚ ਦਿਸਣ ਤਾਂ ਸਿਆਣੇ ਡਾਕਟਰ ਕੋਲ ਵੇਲੇ ਸਿਰ ਚੈਕਅੱਪ ਕਰਵਾ ਲੈਣਾ ਚਾਹੀਦਾ ਹੈ।
ਕਈ ਵਾਰ ਜਵਾਨ ਹੋ ਰਹੇ ਬੱਚੇ ਵਿੱਚ ਢਹਿੰਦੀ ਕਲਾ ਆਉਣ ਸਦਕਾ ਉਹ ਮੰਜੇ ਉੱਤੇ ਲੇਟੇ ਰਹਿਣ ਜਾਂ ਇੱਕੱਲਾ ਕਮਰੇ ਵਿੱਚ ਬੰਦ ਰਹਿਣ ਨੂੰ ਤਰਜੀਹ ਦੇਣ ਲੱਗ ਪੈਂਦਾ ਹੈ। ਅਜਿਹੇ ਮੌਕੇ ਘਰ ਵਿੱਚ ਵੱਡਿਆਂ ਵੱਲੋਂ ਜਾਂ ਮਾਪਿਆਂ ਵੱਲੋਂ ਝਾੜ ਝੰਬ ਕੀਤੇ ਜਾਣ ਨਾਲ ਕਈ ਬੱਚੇ ਖ਼ੁਦਕੁਸ਼ੀ ਤਕ ਕਰ ਜਾਂਦੇ ਹਨ ਜਾਂ ਕੁੱਝ ਬੱਚੇ ਬਗ਼ਾਵਤ ਉੱਤੇ ਉਤਰ ਆਉਂਦੇ ਹਨ ਤੇ ਖਾਣ ਪੀਣਾ ਵੀ ਛੱਡ ਦਿੰਦੇ ਹਨ। ਮਾਪਿਆਂ ਵੱਲੋਂ ਪੜ੍ਹਾਈ ਦਾ ਲੋੜੋਂ ਵੱਧ ਬੋਝ ਪਾਉਣ ਨਾਲ ਆਮ ਤੌਰ ਉੱਤੇ ਅਜਿਹਾ ਲੱਛਣ ਦਿਸਦਾ ਹੈ।ਇਨ੍ਹਾਂ ਵਿੱਚੋਂ ਕੁੱਝ ਬੱਚੇ ਬਾਅਦ ਵਿੱਚ ਪੜ੍ਹਾਈ ਵਿੱਚ ਪੂਰਾ ਧਿਆਨ ਨਹੀਂ ਲਾ ਸਕਦੇ ਤੇ ਕੁਝ ਟਿਕ ਕੇ ਨਾ ਬਹਿ ਸਕਣ ਦੀ ਬਿਮਾਰੀ ਸਹੇੜ ਲੈਂਦੇ ਹਨ। ਅਜਿਹੇ ਮੌਕੇ ਸਿਆਣਪ ਨਾਲ, ਕਿਸੇ ਬਾਲ ਮਨੋਵਿਗਿਆਨੀ ਦੀ ਦੇਖ-ਰੇਖ ਹੇਠ ਬੱਚਾ ਨਾਰਮਲ ਕੀਤਾ ਜਾ ਸਕਦਾ ਹੈ।
ਕਮਜ਼ੋਰੀ ਮਹਿਸੂਸ ਹੁੰਦੇ ਸਾਰ ਭੁੱਖ ਮਰ ਜਾਣੀ, ਉਲਟੀਆਂ, ਦਿਲ ਕੱਚਾ ਹੋਣਾ ਵੀ ਕਦੇ ਕਦਾਈਂ ਬੱਚੇ ਨੂੰ ਹੋ ਸਕਦਾ ਹੈ। ਸ਼ਰਾਬ ਜਾਂ ਨਸ਼ੇ ਦੀ ਲਤ ਬਾਰੇ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਨਸ਼ੇ ਦੀ ਲੋਰ ਹੇਠ ਬੱਚਾ ਕਮਜ਼ੋਰੀ ਹੀ ਮਹਿਸੂਸ ਕਰਦਾ ਹੈ। ਕੁਝ ਬੱਚੇ ਤਣਾਓ ਸਦਕਾ ਪੂਰੀ ਨੀਂਦਰ ਨਹੀਂ ਲੈ ਸਕਦੇ ਤੇ ਉਨੀਂਦਰੇ ਕਾਰਨ ਸਿਰ ਪੀੜ, ਸਿਰ ਭਾਰਾ ਹੋਣਾ, ਸੁਸਤੀ ਤੇ ਕਮਜ਼ੋਰੀ ਮਹਿਸੂਸ ਕਰਨ ਲੱਗ ਪੈਂਦੇ ਹਨ। ਅਧਿਆਪਕਾਂ ਵੱਲੋਂ ਪੜ੍ਹਾਈ ਦਾ ਲੋੜੋਂ ਵੱਧ ਜ਼ੋਰ ਪਾਉਣ ਨਾਲ ਵੀ ਬੱਚੇ ਦਾ ਦਿਮਾਗ਼ ਉੱਕਾ ਹੀ ਚੱਲਣੋਂ ਬੰਦ ਹੋ ਜਾਂਦਾ ਹੈ ਤੇ ਉਹ ਬਿਮਾਰੀ ਦਾ ਬਹਾਨਾ ਲਾ ਕੇ ਸਕੂਲ ਜਾਣ ਤੋਂ ਕਤਰਾਉਣ ਲੱਗ ਪੈਂਦਾ ਹੈ।
ਕਰੌਨਿਕ ਫ਼ਟੀਗ ਸਿੰਡਰੋਮ: 1985 ਵਿੱਚ ਪਹਿਲੀ ਵਾਰ ਬੱਚਿਆਂ ਵਿੱਚ ਇਸ ਸਿੰਡਰੋਮ ਵਿੱਚਲੀ ਕਮਜ਼ੋਰੀ ਬਾਰੇ ਜ਼ਿਕਰ ਕੀਤਾ ਗਿਆ ਜੋ ਲੰਮੇ ਸਮੇਂ ਤਕ ਮਹਿਸੂਸ ਹੁੰਦੀ ਰਹਿੰਦੀ ਹੈ। ਠੀਕ ਹੋਣ ਤੋਂ ਬਾਅਦ ਦੁਬਾਰਾ ਕਮਜ਼ੋਰੀ ਮਹਿਸੂਸ ਹੁੰਦੀ ਰਹਿਣ ਕਾਰਨ ਹੀ ਇਸਨੂੰ ਕਰੌਨਿਕ ਬਿਮਾਰੀ ਵਜੋਂ ਮੰਨ ਲਿਆ ਗਿਆ ਹੈ।
ਕਮਜ਼ੋਰੀ ਦੇ ਨਾਲ ਇਸ ਵਿੱਚ ਹਲਕਾ ਬੁਖ਼ਾਰ, ਸਿਰ ਪੀੜ, ਗਲੇ ‘ਚ ਪੀੜ, ਗਲੇ ਵਿੱਚ ਗੰਢਾਂ, ਜੋ ਹਲਕਾ ਦਰਦ ਕਰਨ, ਜੀਅ ਕੱਚਾ ਹੋਣਾ, ਉਲਟੀਆਂ ਆਉਣੀਆਂ, ਜੋੜ ਦੁਖਣੇ, ਪੱਠੇ ਦੁਖਣੇ, ਢਿਡ ਪੀੜ ਹੋਣੀ, ਧਿਆਨ ਨਾ ਲਾ ਸਕਣਾ, ਨੀਂਦਰ ਨਾ ਪੂਰੀ ਆਉਣੀ, ਗ਼ੱਲ ਪੂਰੀ ਨਾ ਸਮਝ ਸਕਣਾ, ਗੱਲ ਯਾਦ ਨਾ ਰੱਖ ਸਕਣੀ, ਢਹਿੰਦੀ ਕਲਾ ਮਹਿਸੂਸ ਹੋਣੀ, ਘਬਰਾਹਟ, ਚਿੜਚਿੜਾਪਨ ਆਦਿ ਹੁੰਦੇ ਰਹਿੰਦੇ ਹਨ। ਇਹ ਸਾਰੇ ਲੱਛਣ ਹਰ ਮਰੀਜ਼ ਵਿੱਚ ਨਹੀਂ ਹੁੰਦੇ। ਕਿਸੇ ਵਿੱਚ ਘੱਟ ਤੇ ਕਿਸੇ ਵਿੱਚ ਵੱਧ ਹੋ ਸਕਦੇ ਹਨ। ਟੈਸਟ ਕਰਵਾਉਣ ਉੱਤੇ ਸਾਰੇ ਹੀ ਟੈਸਟ ਨਾਰਮਲ ਆਉਂਦੇ ਹਨ। 1984 ਵਿੱਚ ਵੱਡਿਆਂ ਵਿੱਚ ਇਸ ਬਿਮਾਰੀ ਦੇ ਲੱਛਣ ਬੱਚਿਆਂ ਨਾਲੋਂ ਕੁੱਝ ਵੱਖ ਕਰ ਦਿੱਤੇ ਗਏ।
ਇੱਕ ਗੱਲ ਪੱਕੀ ਮੰਨ ਲਈ ਗਈ ਕਿ ਇਸ ਬੀਮਾਰੀ ਨੂੰ ਲੱਭਣ ਲਈ ਕੁੱਝ ਲੱਛਣ ਜ਼ਰੂਰ ਹੋਣੇ ਚਾਹੀਦੇ ਹਨ। ਕਮਜ਼ੋਰੀ ਘੱਟੋ ਘੱਟ 6 ਮਹੀਨੇ ਮਹਿਸੂਸ ਹੁੰਦੀ ਰਹੇ, ਪੱਠਿਆਂ ਵਿੱਚ ਪੀੜ, ਦਰਦ ਕਰਦੀਆਂ ਗੰਢਾਂ ਦਾ ਹੋਣਾ, ਸਿਰ ਪੀੜ, ਜੋੜਾਂ ਵਿੱਚ ਪੀੜ, ਯਾਦਾਸ਼ਤ ਦਾ ਘਟਣਾ, ਧਿਆਨ ਨਾ ਲਾ ਸਕਣਾ, ਹਲਕਾ ਬੁਖ਼ਾਰ ਰਹਿਣਾ, ਨੀਂਦਰ ਪੂਰੀ ਨਾ ਆਉਣੀ, ਰਤਾ ਕੁ ਹੀ ਤੁਰ ਫ਼ਿਰ ਕੇ ਸਾਹ ਸੱਤ ਖ਼ਤਮ ਹੋਇਆ ਮਹਿਸੂਸ ਹੋਣਾ, ਅਜਿਹੇ ਲੱਛਣਾਂ ਵਾਲੇ ਮਰੀਜ਼ਾਂ ਵਿੱਚ ‘ਇਨਫ਼ੈਕਸ਼ੀਅਸ ਮੋਨੋਨਿਊਕਲਿਓਸਿਸ’ ਵਾਇਰਲ ਬਿਮਾਰੀ ਵੀ ਲੱਭੀ।
2006 ਵਿੱਚ ਅੰਤਰਰਾਸ਼ਟਰੀ ਪੱਧਰ ਉੱਤੇ ਬੱਚਿਆਂ ਵਿੱਚ ਇਸ ਬਿਮਾਰੀ ਨੂੰ ਵੱਡਿਆਂ ਤੋਂ ਕੁੱਝ ਵੱਖ ਮੰਨ ਕੇ ਇਸਦੇ ਸਾਰੇ ਲੱਛਣ ਤਾਂ ਲਗਪਗ ਉਹੀ ਰੱਖੇ ਗਏ ਪਰ ਸਮਾਂ 6 ਮਹੀਨੇ ਤੋਂ ਘਟਾ ਕੇ ਤਿੰਨ ਮਹੀਨੇ ਤਕ ਮਹਿਸੂਸ ਹੋ ਰਹੀ ਕਮਜ਼ੋਰੀ ਮੰਨ ਲਿਆ ਗਿਆ। ਅਜਿਹੇ ਲੱਛਣ ਬੱਚਿਆਂ ਵਿੱਚ ਕਈ ਵਾਰ ਸਾਲਾਂ ਤਕ ਵੀ ਦਿਸਦੇ ਰਹਿ ਸਕਦੇ ਹਨ। ਬੱਚਿਆਂ ਵਿੱਚ ਇਸ ਤਰ੍ਹਾਂ ਦੀ ਕਮਜ਼ੋਰੀ ਦੇ ਠੀਕ ਹੋਣ ਦੇ ਆਸਾਰ ਵੱਡਿਆਂ ਨਾਲੋਂ ਵੱਧ ਹੁੰਦੇ ਹਨ। ਵਾਰ-ਵਾਰ ਹੋਣ ਦੇ ਆਸਾਰ ਵੀ ਘੱਟ ਹੁੰਦੇ ਹਨ। ਲਗਪਗ ਅੱਧੇ ਮਰੀਜ਼ ਤਾਂ ਇੱਕ ਵਾਰ ਦੀ ਅਜਿਹੀ ਕਮਜ਼ੋਰੀ ਤੋਂ ਬਾਅਦ ਦੁਬਾਰਾ ਇਹ ਬਿਮਾਰੀ ਸਹੇੜਦੇ ਵੀ ਨਹੀਂ।
ਪੱਠੇ ਢਿੱਲੇ ਪੈਣੇ: ਇਹ ਇੱਕ ਵੱਖ ਬਿਮਾਰੀ ਹੈ ਜਿਸ ਵਿੱਚ ਜੰਮਦੇ ਸਾਰ ਬੱਚਾ ਡੱਡੂ ਵਾਂਗ ਲੱਤਾਂ ਰੱਖਣ ਲੱਗ ਪੈਂਦਾ ਹੈ। ਡਾਊਨ ਸਿੰਡਰੋਮ (ਜੀਨ ਆਧਾਰਿਤ ਰੋਗ), ਜਮਾਂਦਰੂ ਥਾਇਰਾਇਡ ਹਾਰਮੋਨਾਂ ਦੀ ਕਮੀ, ਵਰਡਨਿਗ ਹੌਫ਼ਮੈਨ ਬੀਮਾਰੀ, ਬੌਟੂਲਿਜ਼ਮ ਜ਼ਹਿਰ ਦਾ ਅਸਰ, ਮਾਇਸਥੀਨੀਆ ਗਰੇਵਿਸ, ਗੁਲਿਨ ਬਰੇ ਸਿੰਡਰੋਮ (ਕੀਟਾਣੂਆਂ ਦੇ ਹਮਲੇ ਬਾਅਦ ਹੋਈ ਨਸਾਂ ਦੀ ਕਮਜ਼ੋਰੀ), ਪੌਲੀਮਾਇਓਸਾਈਟਿਸ, ਡਰਮੈਟੋਮਾਇਓ-ਸਾਈਟਿਸ ਵਿੱਚ ਪੱਠੇ ਢਿੱਲੇ ਪਏ ਵੇਖੇ ਜਾ ਸਕਦੇ ਹਨ।
ਕਮਜ਼ੋਰੀ ਦਾ ਇਲਾਜ: ਟੈਸਟ ਕਰਨ ਤੋਂ ਬਾਅਦ ਜੇ ਕੋਈ ਸੀਰੀਅਸ ਬਿਮਾਰੀ ਨਾ ਲੱਭੇ ਤਾਂ ਮਾਪਿਆਂ ਨੂੰ ਬੱਚੇ ਉੱਤੇ ਬੇਲੋੜਾ ਦਬਾਓ ਪਾਉਣ ਤੋਂ ਰੋਕਣਾ ਪੈਂਦਾ ਹੈ। ਬੱਚੇ ਦੇ ਖੇਡਣ ਤੇ ਸੌਣ ਦਾ ਸਮਾਂ ਨਿਸਚਿਤ ਕਰਨ ਦੀ ਲੋੜ ਹੁੰਦੀ ਹੈ। ਮਨੋਵਿਗਿਆਨੀ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
ਬੱਚੇ ਨੂੰ ਤੁਰੰਤ ਡਾਕਟਰ ਕੋਲ ਲਿਜਾਣ ਦੀ ਕਦੋਂ ਲੋੜ: ਬਹੁਤ ਜ਼ਿਆਦਾ ਭਾਰ ਦਾ ਘਟਣਾ, ਪੱਠੇ ਢਿੱਲੇ ਪੈ ਕੇ ਲਟਕ ਜਾਣੇ, ਖ਼ੁਦਕੁਸ਼ੀ ਕਰਨ ਬਾਰੇ ਸੋਚਣਾ, ਬਹੁਤ ਜ਼ਿਆਦਾ ਲਹੂ ਦੀ ਕਮੀ ਹੋਣੀ, ਕੈਂਸਰ ਦਾ ਸ਼ੱਕ ਹੋਵੇ,
ਦਾਖ਼ਲ ਕਦੋਂ ਕਰਨਾ ਚਾਹੀਦਾ ਹੈ: ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੋਵੇ, ਢਹਿੰਦੀ ਕਲਾ ਠੀਕ ਨਾ ਹੋ ਰਹੀ ਹੋਵੇ, ਮਾਇਸਥੀਨੀਆ ਗਰੇਵਿਸ ਬਿਮਾਰੀ ਹੋਵੇ,ਗੁਲਿਨ ਬਰੇ ਸਿੰਡਰੋਮ ਬਿਮਾਰੀ ਹੋਵੇ।
-ਡਾ. ਹਰਸ਼ਿੰਦਰ ਕੌਰ










