ਬੈੱਸਟ ਦੇਣਾ ਅਜੇ ਬਾਕੀ ਹੈ: ਸੋਨਮ

ਸੋਨਮ ਕਪੂਰ ਨੇ ਸੰਜੇ ਲੀਲਾ ਭੰਸਾਲੀ ਨਾਲ ਬਤੌਰ ਅਸਿਸਟੈਂਟ ਡਾਇਰੈਕਟਰ ਫ਼ਿਲਮਾਂ ‘ਚ ਕਰੀਅਰ ਸ਼ੁਰੂ ਕੀਤਾ ਸੀ। ਬਾਅਦ ਵਿੱਚ ਭੰਸਾਲੀ ਨੇ ਉਸ ਨੂੰ ਫ਼ਿਲਮ ‘ਸਾਂਵਰੀਆ’ ਵਿੱਚ ਬਤੌਰ ਹੀਰੋਇਨ ਬ੍ਰੇਕ ਦਿੱਤਾ। ਫ਼ਿਰ ਸੋਨਮ ਨੇ ‘ਦਿੱਲੀ 6’, ‘ਆਇਸ਼ਾ’, ‘ਰਾਂਝਣਾ’, ‘ਭਾਗ ਮਿਲਖਾ ਭਾਗ’, ‘ਨੀਰਜਾ’ ਅਤੇ ‘ਪ੍ਰੇਮ ਰਤਨ ਧਨ ਪਾਇਓ’ ਵਰਗੀਆਂ ਫ਼ਿਲਮਾਂ ਦਿੱਤੀਆਂ। ‘ਨੀਰਜਾ’ ਨਾਲ ਉਸ ਨੂੰ ਕਈ ਐਵਾਰਡ ਮਿਲੇ ਅਤੇ ਉਸ ਦੇ ਅਭਿਨੈ ਦੀ ਵੀ ਖੂਬ ਤਾਰੀਫ਼ ਹੋਈ। ਆਪਣੀਆਂ ਆਉਣ ਵਾਲੀਆਂ ਫ਼ਿਲਮਾਂ ਬਾਰੇ ਉਸ ਦਾ ਕਹਿਣਾ ਹੈ, ”ਸੰਜੇ ਦੱਤ ਦੀ ਬਾਇਓਪਿਕ ‘ਸੰਜੂ’ ਵਿੱਚ ਮੈਂ ਟੀਨਾ ਮੁਨੀਮ ਦਾ ਕਿਰਦਾਰ ਨਿਭਾਅ ਰਹੀ ਹਾਂ। ‘ਪੈਡਮੈਨ’ ਵਿੱਚ ਅਕਸ਼ੈ ਕੁਮਾਰ ਅਤੇ ਰਾਧਿਕਾ ਆਪਟੇ ਨਾਲ ਨਜ਼ਰ ਆਵਾਂਗੀ। ‘ਵੀਰੇ ਦੀ ਵੈਡਿੰਗ’ ਵਿੱਚ ਮੇਰੇ ਨਾਲ ਕਰੀਨਾ ਕਪੂਰ ਖਾਨ ਤੇ ਸਵਰਾ ਭਾਸਕਰ ਹੋਣਗੀਆਂ। ਇਹ ਸਾਰੀਆਂ ਫ਼ਿਲਮਾਂ ਮੇਰੇ ਲਈ ਖਾਸ ਹਨ, ਕਿਉਂਕਿ ਸਾਰੀਆਂ ਇੱਕ-ਦੂਜੇ ਤੋਂ ਵੱਖਰੀਆਂ ਹਨ। ਉਂਝ ਮੇਰੀ ਭਾਲ ਹਮੇਸ਼ਾ ਚੰਗੀ ਸਕ੍ਰਿਪਟ ਦੀ ਹੁੰਦੀ ਹੈ। ਮੈਂ ਹੁਣ ਆਮ ਭੂਮਿਕਾਵਾਂ ਨਹੀਂ ਚੁਣਦੀ, ਕਿਉਂਕਿ ਮੈਂ ਦਰਸ਼ਕਾਂ ਦੇ ਸਾਹਮਣੇ ਆਪਣੀ ਅਭਿਨੈ ਕੁਸ਼ਲਤਾ ਦਿਖਾਉਣਾ ਚਾਹੁੰਦੀ ਹਾਂ। ਮੈਂ ਅਭਿਨੈ ਦਾ ਭਰਪੂਰ ਆਨੰਦ ਮਾਨਣਾ ਚਾਹੁੰਦੀ ਹਾਂ ਤੇ ਮਾਣਦੀ ਹਾਂ। ਇਸੇ ਕਾਰਨ ਮੈਨੂੰ ਲੱਗਦਾ ਹੈ ਕਿ ਜੇ ਆਮ ਭੂਮਿਕਾਵਾਂ ਨਿਭਾਵਾਂਗੀ ਤਾਂ ਲੋਕ ਮੇਰੇ ਅਭਿਨੈ ‘ਤੇ ਜ਼ਿਆਦਾ ਧਿਆਨ ਨਹੀਂ ਦੇਣਗੇ।” ਇੱਕ ਚੰਗੀ ਅਦਾਕਾਰ ਹੋਣ ‘ਤੇ ਵੀ ਹੁਣ ਤੱਕ ਉਸ ਦੇ ਖਾਤੇ ਵਿੱਚ ਬਹੁਤ ਘੱਟ ਫ਼ਿਲਮਾਂ ਰਹੀਆਂ ਹਨ। ਇਸ ਬਾਰੇ ਉਸ ਦਾ ਕਹਿਣਾ ਹੈ, ”ਮੈਂ ਕਿਸੇ ‘ਨੰਬਰ ਗੇਮ’ ਦਾ ਹਿੱਸਾ ਨਹੀਂ ਤੇ ਨਾ ਅਜਿਹੀ ਕਿਸੇ ਰੇਸ ਵਿੱਚ ਖੁਦ ਨੂੰ ਸ਼ਾਮਲ ਕਰਨਾ ਚਾਹੁੰਦੀ ਹਾਂ। ਮੈਂ ਸਾਲ ਵਿੱਚ ਇੱਕ ਦੋ ਫ਼ਿਲਮਾਂ ਹੀ ਕਰਦੀ ਹਾਂ, ਹੋਰ ਹੀਰੋਇਨਾਂ ਦੀ ਤਰ੍ਹਾਂ ਚਾਰ-ਪੰਜ ਫ਼ਿਲਮਾਂ ਨਹੀਂ ਕਰ ਸਕਦੀ। ਮੈਂ ਘੱਟ, ਪਰ ਅਜਿਹੀਆਂ ਫ਼ਿਲਮਾਂ ਕਰਦੀ ਹਾਂ, ਜਿਨ੍ਹਾਂ ਵਿੱਚ ਮੇਰੇ ਕੋਲ ਕਰਨ ਨੂੰ ਕੁਝ ਖਾਸ ਹੋਵੇ। ਫ਼ਿਲਮ ਚੁਣਨ ਸਮੇਂ ਸਾਵਧਾਨੀ ਵਰਤਣ ਤੋਂ ਬਾਅਦ ਮੇਰੇ ਕੰਮ ‘ਚ ਵੀ ਨਿਖਾਰ ਆਇਆ ਹੈ।” ਸੋਨਮ ਦਾ ਕਹਿਣਾ ਹੈ ਕਿ ਅਜੇ ਉਸ ਨੇ ਆਪਣੇ ਟੇਲੈਂਟ ਮੁਤਾਬਕ ਆਪਣਾ ਬੈਸਟ ਨਹੀਂ ਦਿੱਤਾ, ”ਇਹ ਮੈਨੂੰ ਵੀ ਨਹੀਂ ਪਤਾ, ਪਰ ਮੈਨੂੰ ਇੰਨਾ ਪਤਾ ਹੈ ਕਿ ਮੈਂ ਨਿਰਦੇਸ਼ਕ ਦੀ ਹੀਰੋਇਨ ਹਾਂ ਤੇ ਚੰਗਾ ਜਾਂ ਮਾੜਾ ਅਭਿਨੈ ਨਿਰਦੇਸ਼ਕ ਦੇ ਹੱਥ ਵਿੱਚ ਹੁੰਦਾ ਹੈ। ਜੇ ਨਿਰਦੇਸ਼ਕ ਸੰਤੁਸ਼ਟ ਹੈ ਤਾਂ ਮੇਰੇ ਲਈ ਕੰਮ ਚੰਗਾ ਹੈ। ਦੇਖਦੇ ਹਾਂ, ਕਿਹੜਾ ਨਿਰਮਾਤਾ ਕਦੋਂ ਮੈਨੂੰ ‘ਦਿ ਬੈਸਟ’ ਰੋਲ ਆਫ਼ਰ ਕਰਦਾ ਹੈ।” ਸੋਨਮ ਨੇ ਹੁਣ ਤੱਕ ਰੋਮਾਂਟਿਕ ਕਿਰਦਾਰ ਜ਼ਿਆਦਾ ਕੀਤੇ ਹਨ। ਜੇ ਉਸ ਨੂੰ ਨੈਗੇਟਿਵ ਕਿਰਦਾਰ ਆਫ਼ਰ ਮਿਲਿਆ ਤਾਂ ਉਹ ਅਜਿਹਾ ਕਿਰਦਾਰ ਨਿਭਾਉਣਾ ਚਾਹੇਗੀ। ਇਸ ਬਾਰੇ ਉਸ ਦਾ ਕਹਿਣਾ ਹੈ, ”ਮੈਂ ਕਿਉਂ ਨਹੀਂ ਕਰ ਸਕਦੀ ਅਜਿਹੇ ਰੋਲ? ਆਖਰ ਅਸੀਂ ਐਕਟਰ ਹਾਂ ਤੇ ਪਰਦੇ ਉੱਤੇ ਆਮ ਨਹੀਂ, ਸਗੋਂ ਇੱਕ ਖਾਸ ਕਿਰਦਾਰ ਜਿਊਂਦੇ ਹਾਂ, ਜੋ ਪਾਜ਼ੇਟਿਵ ਜਾਂ ਨੈਗੇਟਿਵ ਕੁਝ ਵੀ ਹੋ ਸਕਦਾ ਹੈ।”