ਮੈਨੂੰ ਹੋਰ ਕੀ ਚਾਹੀਦੈ: ਅਨੁਸ਼ਕਾ

ਅਨੁਸ਼ਕਾ ਸ਼ਰਮਾ ਨੇ ਬਹੁਤ ਘੱਟ ਸਮੇਂ ਵਿੱਚ ਬਾਲੀਵੁੱਡ ਵਿੱਚ ਆਪਣਾ ਚੰਗਾ ਥਾਂ ਬਣਾ ਲਿਆ ਹੈ। ਚੰਗੇ ਕਿਰਦਾਰ ਅਨੁਸ਼ਕਾ ਕਰ ਹੀ ਰਹੀ ਹੈ, ਫ਼ਿਲਮ ਨਿਰਮਾਤਾ ਬਣ ਕੇ ਵੀ ਉਸ ਨੇ ਸਿੱਧ ਕਰ ਦਿੱਤਾ ਹੈ ਕਿ ਮਨ ਵਿੱਚ ਵਿਸ਼ਵਾਸ ਹੋਵੇ ਅਤੇ ਨਾਲ ਜਨੂੰਨ ਵੀ ਹੋਵੇ ਤਾਂ ਕੋਈ ਵੀ ਕੰਮ ਕਰਨਾ ਮੁਸ਼ਕਲ ਅਤੇ ਨਾਮੁਮਕਿਨ ਨਹੀਂ ਹੈ। ਅਨੁਸ਼ਕਾ ਆਪਣੇ ਪ੍ਰੋਡਕਸ਼ਨ ਦੀ ਤੀਸਰੀ ਫ਼ਿਲਮ ‘ਪਰੀ’ ਬਾਰੇ ਹੁਣ ਕਾਫ਼ੀ ਉਤਸ਼ਾਹਤ ਹੈ। ਇਸ ਬਾਰੇ ਉਸ ਦਾ ਕਹਿਣਾ ਹੈ, “ਪਰੀ ਸਾਡੇ ਪ੍ਰੋਡਕਸ਼ਨ ਹਾਊਸ ਦੀ ਤੀਸਰੀ ਫ਼ਿਲਮ ਹੈ, ਜਿਸ ਨੂੰ ਮੈਂ ਪਿਛਲੀਆਂ ਫ਼ਿਲਮਾਂ ‘ਐੱਨ ਐੱਚ 10’ ਅਤੇ ‘ਫ਼ਿਲੌਰੀ’ ਵਾਂਗ ਆਪਣੇ ਭਰਾ ਕਰਣੇਸ਼ ਸ਼ਰਮਾ ਨਾਲ ਮਿਲ ਕੇ ਬਣਾ ਰਹੀ ਹਾਂ। ਇਸ ਦਾ ਨਿਰਦੇਸ਼ਨ ਨਵੇਂ ਨਿਰਦੇਸ਼ਕ ਪ੍ਰੋਸਿਤ ਰਾਏ ਕਰ ਰਹੇ ਹਨ। ਫ਼ਿਲਮ ਵਿੱਚ ਮੇਰੇ ਆਪੋਜ਼ਿਟ ਬੰਗਾਲੀ ਫ਼ਿਲਮਾਂ ਦੇ ਕਲਾਕਾਰ ਪਰਮਬ੍ਰਤ ਚੈਟਰਜੀ ਨਜ਼ਰ ਹੋਣਗੇ। ਫ਼ਿਲਮ ਦੇ ਨਾਂਅ ਤੇ ਪੋਸਟਰ ਤੋਂ ਭਾਵੇਂ ਲੱਗਦਾ ਹੈ ਕਿ ਇਹ ਕਿਸੇ ਪਰੀ ਦੀ ਕਹਾਣੀ ਹੈ, ਜੋ ਇਨਸਾਨਾਂ ਦੀ ਦੁਨੀਆ ਵਿੱਚ ਫ਼ਸ ਜਾਂਦੀ ਹੈ, ਪਰ ਅਸਲ ਵਿੱਚ ਫ਼ਿਲਮ ਦੀ ਕਹਾਣੀ ਕੀ ਹੈ, ਇਸ ਨੂੰ ਅਜੇ ਸਸਪੈਂਸ ਰੱਖਣਾ ਹੀ ਠੀਕ ਰਹੇਗਾ।” ਆਪਣੇ ਹੁਣ ਤੱਕ ਦੇ ਫ਼ਿਲਮੀ ਸਫ਼ਰ ਬਾਰੇ ਉਹ ਕਹਿੰਦੀ ਹੈ, ”ਮੈਨੂੰ ਸ਼ੁਰੂ ਤੋਂ ਹੀ ਚੰਗੀਆਂ ਫ਼ਿਲਮਾਂ ਮਿਲੀਆਂ ਹਨ ਤੇ ਇਸ ਦੇ ਲਈ ਮੈਂ ਆਦਿੱਤਯ ਚੋਪੜਾ ਦੀ ਅਹਿਸਾਨਮੰਦ ਹਾਂ। ਵਾਈ ਆਰ ਐਫ਼ ਨੇ ਮੇਰੇ ਵਿੱਚ ਵਿਸ਼ਵਾਸ ਦਿਖਾਇਆ, ਇਸ ਲਈ ਅੱਜ ਮੈਂ ਆਪਣੀ ਇਸ ਛੋਟੀ ਜਿਹੀ ਜਰਨੀ ਵਿੱਚ ਸਫ਼ਲ ਹੋ ਸਕੀ ਹਾਂ। ਮੇਰਾ ਫ਼ਿਲਮੀ ਦੁਨੀਆ ਨਾਲ ਦੂਰ ਦੂਰ ਤੱਕ ਕੋਈ ਰਿਸ਼ਤਾ ਨਹੀਂ ਰਿਹਾ, ਹਾਲਾਂਕਿ ਮੈਂ ਫ਼ਿਲਮਾਂ ਦੇਖ ਦੇਖ ਕੇ ਵੱਡੀ ਹੋਈ ਹਾਂ। ਭਗਵਾਨ ਦੀ ਦਇਆ ਨਾਲ ਜੋ ਕੁਝ ਵੀ ਕਰ ਸਕੀ, ਉਸ ਦੀ ਮੈਂ ਸ਼ੁਕਰ ਗੁਜ਼ਾਰ ਹਾਂ। ਮੈਂ ਫ਼ਿਲਮਾਂ ਵਿੱਚ ਨਾਂਅ, ਸ਼ੋਹਰਤ ਅਤੇ ਪੈਸਿਆਂ ਲਈ ਨਹੀਂ ਆਈ, ਕੁਝ ਰਚਨਾਤਮਕ ਕੰਮ ਕਰ ਸਕਾਂ, ਇਹੀ ਮੇਰੀ ਇੱਛਾ ਹੈ। ਮੈਂ ਫ਼ਿਲਮਾਂ ਕਿਸੇ ਲਾਲਚ ਕਰ ਕੇ ਨਹੀਂ ਕਰ ਰਹੀ। ਹਮੇਸ਼ਾ ਹੀ ਮੇਰੀ ਇਹੀ ਕੋਸ਼ਿਸ਼ ਰਹੀ ਹੈ ਕਿ ਕੁਝ ਆਊਟ ਆਫ਼ ਦੀ ਬਾਕਸ ਕਰ ਸਕਾਂ।”ਕੀ ਨਿਰਮਾਤਾ ਬਣਨਾ ਉਸ ਲਈ ਚੰਗਾ ਸਿੱਧ ਹੋਇਆ, ਇਸ ਬਾਰੇ ਉਹ ਕਹਿੰਦੀ ਹੈ, ”ਬਿਲਕੁਲ, ਨਿਰਮਾਤਾ ਬਣਨਾ ਮੇਰੇ ਲਈ ਚੰਗਾ ਸਿੱਧ ਹੋਇਆ, ਕਿਉਂਕਿ ਮੈਂ ਖੁਦ ਨੂੰ ਇਸ ਗੱਲ ਨਾਲ ਪ੍ਰਭਾਵਤ ਨਹੀਂ ਹੋਣ ਦਿੰਦੀ ਕਿ ਦੂਸਰੇ ਲੋਕ ਕੀ ਸੋਚਣਗੇ। ਮੈਂ ਇੱਕ ਹੀ ਰਸਤੇ ਉਤੇ ਨਹੀਂ ਚੱਲਦੀ। ਜਦੋਂ ਗੱਲ ਕੋਈ ਫ਼ਿਲਮ ਕਰਨ ਦੀ ਜਾਂ ਕਿਸੇ ਫ਼ਿਲਮ ਦੇ ਨਿਰਮਾਣ ਦੀ ਆਉਂਦੀ ਹੈ ਤਾਂ ਮੈਂ ਆਪਣੇ ਅੰਦਰ ਦੀ ਆਵਾਜ਼ ਸੁਣਦੀ ਹਾਂ ਤੇ ਉਹ ਕੰਮ ਕਰਨਾ ਜਾਰੀ ਰੱਖਦੀ ਹਾਂ, ਜੋ ਮੈਨੂੰ ਮੇਰੇ ਲਈ ਸਹੀ ਲੱਗਦਾ ਹੈ, ਮਤਲਬ ਮੈਂ ਆਪਣੇ ਦਿਲ ਦੀ ਆਵਾਜ਼ ਸੁਣਦੀ ਹਾਂ ਤੇ ਇੱਕ ਚੰਗੀ ਕਹਾਣੀ ਦਾ ਹਿੱਸਾ ਬਣਨ ‘ਤੇ ਧਿਆਨ ਕੇਂਦਰਿਤ ਕਰਦੀ ਹਾਂ। ਮੈਂ ਖੁਦ ਵਿੱਚ ਵਿਸ਼ਵਾਸ ਰੱਖਦੀ ਹਾਂ।”