ਕੀ ਹੈ ਔਰਤਾਂ ਦੇ ਸੀਨੇ ਦਾ ਕੈਂਸਰ? ਔਰਤਾਂ ਵਿੱਚ ਸੀਨੇ ਦੇ ਕੈਂਸਰ (ਬ੍ਰੈਸਟ ਕੈਂਸਰ) ਤੇਜ਼ੀ ਨਾਲ ਵਧ ਰਹੇ ਹਨ। ਵਿਕਸਿਤ ਦੇਸ਼ਾਂ ਵਿੱਚ ਅੱਠ ਔਰਤਾਂ ਵਿੱਚੋਂ ਇੱਕ ਔਰਤ ਸੀਨੇ ਦੇ ਕੈਂਸਰ ਤੋਂ ਪੀੜਤ ਹੈ। ਵਿਕਸਿਤ ਦੇਸ਼ਾਂ ਦੇ ਮੁਕਾਬਲੇ ਸਾਡੇ ਦੇਸ਼ ਅੰਦਰ ਸੀਨੇ ਦੇ ਕੈਂਸਰ ਦੇ ਕੇਸ ਜਿਹੜੇ ਵੱਧ ਸਾਹਮਣੇ ਆ ਰਹੇ ਹਨ, ਉਹ ਪੰਜਾਹ ਸਾਲ ਤੋਂ ਘੱਟ ਉਮਰ ਦੀਆਂ ਔਰਤਾਂ ਨਾਲ ਸੰਬੰਧਿਤ ਹਨ। ਸੱਚ ਇਹ ਹੈ ਕਿ ਸੱਤਰ ਤੋਂ ਅੱਸੀ ਫ਼ੀਸਦੀ ਭਾਰਤੀ ਔਰਤਾਂ ਡਾਕਟਰਾਂ ਕੋਲ ਉਦੋਂ ਜਾਂਦੀਆਂ ਜਦੋਂ ਕੈਂਸਰ ਦੀਆਂ ਅਲਾਮਤਾਂ ਬਹੁਤ ਵੱਧ ਚੁੱਕੀਆਂ ਹੁੰਦੀਆਂ ਹਨ। ਇਲਾਜ ਵਿੱਚ ਦੇਰੀ ਹੋਣ ਕਾਰਨ ਇਹ ਬਿਮਾਰੀ ਜਾਨਲੇਵਾ ਹੋ ਸਕਦੀ ਹੈ।ਕਾਰਨ: ਲਗਪਗ ਪੰਜ ਤੋਂ ਦਸ ਫ਼ੀਸਦੀ ਕੈਂਸਰ ਪਿਤਾਪੁਰਖੀ (ਜੈਨੇਟਿਕ) ਹੁੰਦੇ ਹਨ। ਅਜਿਹੀਆਂ ਪੀੜਤ ਔਰਤਾਂ ਦੇ ਪਰਿਵਾਰ ਦੀਆਂ ਸਾਰੀਆਂ ਔਰਤਾਂ ਵਿੱਚ ਬੀਆਰਸੀਏ- ਵਨ ਅਤੇ ਬੀਆਰਸੀਏ -ਟੂ ਨਾਮੀ ਜੀਨ ਹੁੰਦੇ ਹਨ ਜੋ ਸੀਨੇ ਅਤੇ ਅੰਡੇਦਾਨੀ (ਓਵਰੀ) ਦੇ ਕੈਂਸਰ ਦੀ ਸੰਭਾਵਨਾ ਨੂੰ ਪਚਵੰਜਾ ਤੋਂ ਪਚਾਸੀ ਫ਼ੀਸਦੀ ਤੱਕ ਵਧਾਉਂਦੇ ਹਨ। ਲਗਪਗ ਨੱਬੇ ਤੋਂ ਪਚੱਨਵੇਂ ਫ਼ੀਸਦੀ ਔਰਤਾਂ ‘ਚ ਸੀਨੇ (ਬ੍ਰੈਸਟ) ਤੇ ਓਵਰੀ (ਅੰਡੇਦਾਨੀ) ਦੇ ਕੈਂਸਰ ਦੀ ਕੋਈ ਇੱਕ ਵਜ੍ਹਾ ਨਹੀਂ ਹੁੰਦੀ। ਬੀਆਰਸੀਏ -ਵਨ ਅਤੇ ਬੀਆਰਸੀਏ-ਟੂ ਜੀਨ ਦੀ ਜਾਂਚ ਸਿਰਫ਼ ਉਨ੍ਹਾਂ ਔਰਤਾਂ ਲਈ ਸਹੀ ਹੈ ਜਿਨ੍ਹਾਂ ਦੇ ਪਰਿਵਾਰ ਦੀਆਂ ਦੋ ਜਾਂ ਤਿੰਨ ਔਰਤਾਂ ਬੀਤੇ ਸਮੇਂ ਦੌਰਾਨ ਬ੍ਰੈਸਟ ਕੈਂਸਰ ਜਾਂ ਓਵਰੀ ਕੈਂਸਰ ਨਾਲ ਪੀੜਤ ਰਹੀਆਂ ਹੋਣ। ਹੁਣ ਔਰਤਾਂ ਲਈ ਇਸ ਕੈਂਸਰ ਦਾ ਇਕ ਹੀ ਉਪਾਅ ਤੇ ਬਚਾਅ ਹੈ ਕਿ ਆਪ ਆਪਣੇ ਸਰੀਰ ‘ਚ ਕੈਂਸਰ ਯੁਕਤ ਬਦਲਾਅ ਲਈ ਜਾਗਰੂਕ ਹੋਣ ਅਤੇ ਚੌਕਸ ਰਹਿਣ।ਲੱਛਣ:- ਬ੍ਰੈਸਟ ਕੈਂਸਰ ਜਦੋਂ ਸ਼ੁਰੂ ਹੁੰਦਾ ਹੈ, ਉਦੋਂ ਉਸ ਦੇ ਕੋਈ ਲੱਛਣ ਜ਼ਾਹਿਰਾ ਤੌਰ ‘ਤੇ ਨਹੀਂ ਹੁੰਦੇ। ਜੇ ਸ਼ੁਰੂਆਤੀ ਪੜਾਅ ‘ਤੇ ਕੈਂਸਰ ਦਾ ਪਤਾ ਲੱਗ ਜਾਵੇ ਤਾਂ ਇਸ ਦਾ ਇਲਾਜ ਸੌਖਾ ਹੋ ਜਾਂਦਾ ਹੈ। ਅਜਿਹੀ ਹਾਲਤ ਵਿੱਚ ਪੀੜਤ ਔਰਤ ਦੀ ਜਾਨ ਚਲੀ ਜਾਣ ਦਾ ਕੋਈ ਖ਼ਤਰਾ ਨਹੀਂ ਹੁੰਦਾ। ਇਸ ਦੇ ਬਾਵਜੂਦ ਸੀਨੇ ਦਾ ਕੈਂਸਰ ਜਦੋਂ ਵਧਦਾ ਹੈ, ਉਦੋਂ ਇਸ ਦੇ ਕੁਝ ਲੱਛਣ ਪ੍ਰਗਟ ਹੁੰਦੇ ਹਨ ਜਿਨ੍ਹਾਂ ਪ੍ਰਤੀ ਹਰ ਔਰਤ ਨੂੰ ਚੌਕਸ ਰਹਿਣ ਦੀ ਲੋੜ ਹੈ ਜਿਵੇਂ ਸੀਨੇ (ਬ੍ਰੈਸਟ) ਵਿੱਚ ਗੰਢ, ਨਿੱਪਲ ਦੇ ਸਾਈਜ਼ ਵਿੱਚ ਤਬਦੀਲੀ, ਨਿੱਪਲ ਚੋਂ ਖੂਨ ਜਾਂ ਪਾਣੀ ਵਰਗੇ ਤਰਲ ਦਾ ਨਿਕਲਣਾ, ਕੱਛਾਂ ਵਿੱਚ ਗੰਢਾਂ ਦਾ ਹੋ ਜਾਣਾ, ਬਹੁਤੇ ਕੇਸਾਂ ਵਿੱਚ ਛਾਤੀ ਅੰਦਰਲੀ ਗੰਢ ਵਿੱਚ ਦਰਦ ਨਹੀਂ ਹੁੰਦਾ। ਇਹੀ ਕਾਰਨ ਹੈ ਕਿ ਔਰਤਾਂ ਸਮੇਂ ਸਿਰ ਡਾਕਟਰ ਕੋਲ ਸਲਾਹ ਲੈਣ ਨਹੀਂ ਪਹੁੰਚਦੀਆਂ।ਜਾਂਚ ਤੇ ਇਲਾਜ:-ਇਹ ਜ਼ਰੂਰੀ ਹੈ ਕਿ ਤੀਹ ਸਾਲ ਦੀ ਉਮਰ ਤੋਂ ਹਰੇਕ ਔਰਤ ਹਰ ਮਾਹਵਾਰੀ ਪਿੱਛੋਂ ਆਪਣੀਆਂ ਛਾਤੀਆਂ ਅਤੇ ਇਸ ਦੇ ਨੇੜੇ ਤੇੜੇ ਹੋਣ ਵਾਲੀਆਂ ਤਬਦੀਲੀਆਂ ਦੀ ਖ਼ੁਦ ਜਾਂਚ ਕਰੇ। ਚਾਲ੍ਹੀ ਸਾਲ ਦੀ ਉਮਰ ਪਿੱਛੋਂ ਹਰੇਕ ਔਰਤ ਨੂੰ ਸਾਲ ਵਿੱਚ ਇੱਕ ਵਾਰੀ ਮਾਹਿਰ ਡਾਕਟਰ ਦੀ ਸਲਾਹ ਨਾਲ ਸੀਨੇ ਦਾ ਐਕਸਰੇ ਜਾਂ ਮੈਮੋਗ੍ਰਾਫ਼ੀ ਕਰਾਉਣੀ ਚਾਹੀਦੀ ਹੈ।ਇਹ ਐਕਸਰੇ ਖਾਸ ਹੁੰਦਾ ਹੈ। ਮੈਮੋਗ੍ਰਾਫ਼ੀ ਦੇ ਜ਼ਰੀਏ ਚਾਵਲ ਦੇ ਦਾਣੇ ਜਿੱਡੇ ਸੂਖਮ ਕੈਂਸਰਗ੍ਰਸਤ ਭਾਗ ਦਾ ਵੀ ਪਤਾ ਲਾਇਆ ਜਾ ਸਕਦਾ ਹੈ। ਅਜਿਹੀ ਹਾਲਤ ਵਿੱਚ ਕੈਂਸਰ ਦੇ ਇਲਾਜ ਲਈ ਪੂਰੇ ਸੀਨੇ (ਬ੍ਰੈਸਟ) ਨੂੰ ਕੱਢਣ ਦੀ ਲੋੜ ਨਹੀਂ ਪੈਂਦੀ। ਇਸ ਸਟੇਜ ‘ਤੇ ਪਤਾ ਲੱਗਣ ਵਾਲੇ ਕੈਂਸਰ ਦੇ ਰੋਗੀਆਂ ਦਾ ਨੱਬੇ ਤੋਂ ਪਚੰਨਵੇਂ ਫ਼ੀਸਦੀ ਤਕ ਸਫ਼ਲ ਇਲਾਜ ਹੋ ਸਕਦਾ ਹੈ। ਸੀਨੇ ਦੇ ਕੈਂਸਰ ਨਾਲ ਜੁੜਿਆ ਇੱਕ ਹੋਰ ਕੈਂਸਰ ਵੀ ਹੈ। ਇਸ ਨੂੰ ਅਸੀਂ ਅੰਡੇਦਾਨੀਆਂ ਦਾ ਕੈਂਸਰ ਕਹਿੰਦੇ ਹਾਂ ਜਾਂ ਅੰਗਰੇਜ਼ੀ ਵਿੱਚ ਓਵੇਰੀਅਨ ਕੈਂਸਰ ਕਿਹਾ ਜਾਂਦਾ ਹੈ। ਜ਼ਿਆਦਾਤਰ ਔਰਤਾਂ ਨੂੰ ਓਵੇਰੀਅਨ ਕੈਂਸਰ ਭਾਵ ਓਵਰੀ ਜਾਂ ਅੰਡੇਦਾਨੀ ਦੇ ਕੈਂਸਰ ਦਾ ਪਤਾ ਰੋਗ ਦੀ ਸ਼ੁਰੂਆਤੀ ਹਾਲਤ ਵਿੱਚ ਨਹੀਂ ਲੱਗਦਾ। ਇਸ ਕੈਂਸਰ ਦੇ ਕੁਝ ਲੱਛਣ ਹਨ -ਪੇਟ ਜਾਂ ਪਿੱਠ ਵਿੱਚ ਦਰਦ ਰਹਿਣਾ, ਪੇਟ ਦਾ ਫ਼ੁਲਣਾ, ਮਾਹਵਾਰੀ ਤੋਂ ਬਿਨਾਂ ਵੀ ਖ਼ੂਨ ਪੈਣਾ, ਪਿਸ਼ਾਬ ਵੇਲੇ ਤਕਲੀਫ਼ ਹੋਣੀ, ਪੇਟ ਦੇ ਰੰਗੀਨ ਐਕਸਰੇ ਭਾਵ ਅਲਟਰਾ ਸਾਊਂਡ ਵਿੱਚ ਤਬਦੀਲੀ ਨਜ਼ਰ ਆਉਣੀ। ਇਸ ਕੈਂਸਰ ਵਿੱਚ ਅਲਟਰਾਸਾਊਂਡ ਇੱਕ ਪ੍ਰਭਾਵਸ਼ਾਲੀ ਜਾਂਚ ਹੈ। ਇਸ ਤੋਂ ਇਲਾਵਾ ਖ਼ੂਨ ਦਾ ਇੱਕ ਟੈਸਟ ਜਿਸ ਨੂੰ- ਸੀਏ -125 ਕਹਿੰਦੇ ਹਨ, ਕਰਵਾਇਆ ਜਾ ਸਕਦਾ ਹੈ। ਸੀਟੀ ਸਕੈਨ ਅਤੇ ਐਮਆਰਆਈ ਵੀ ਕੈਂਸਰ ਦੀ ਸ਼ਨਾਖ਼ਤ ਕਰਨ ਵਿੱਚ ਕੰਮ ਆਉਂਦੀ ਹੈ।ਇਲਾਜ:- ਕੈਂਸਰ ਹੈ ਜਾਂ ਨਹੀਂ, ਇਸ ਦੀ ਜਾਂਚ ਕਰਨ ਲਈ ਆਪ੍ਰੇਸ਼ਨ ਨਾਲ ਮਾਸ ਦਾ ਟੁਕੜਾ ਭਾਵ ਬਾਇਪਸੀ ਲੈ ਕੇ ਜਾਂਚ ਕੀਤੀ ਜਾਂਦੀ ਹੈ। ਇਸ ਦੌਰਾਨ ਕੈਂਸਰ ਦੇ ਪੜਾਅ ਨੂੰ ਨਿਸ਼ਚਿਤ ਕੀਤਾ ਜਾਂਦਾ ਹੈ। ਓਵੇਰੀਅਨ ਕੈਂਸਰ ਦੇ ਇਲਾਜ ਵਿੱਚ ਆਪਰੇਸ਼ਨ ਦੇ ਨਾਲ ਕੀਮੋਥੈਰਪੀ ਵੀ ਦਿੱਤੀ ਜਾਂਦੀ ਹੈ।ਜਦੋਂ ਕੈਂਸਰ ਕਾਰਨ ਔਰਤ ਦੀ ਬ੍ਰੈਸਟ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਜਾਂਦਾ ਹੈ ਤਾਂ ਕਿਸੇ ਵੀ ਔਰਤ ਲਈ ਇਹ ਅਹਿਸਾਸ ਬੇਹੱਦ ਅਸਹਿ ਹੁੰਦਾ ਹੈ। ਕੁਝ ਲੋਕ ਇਸ ਕਰਕੇ ਉਸ ਤੋਂ ਮੂੰਹ ਮੋੜ ਲੈਂਦੇ ਹਨ। ਅਜਿਹੀਆਂ ਔਰਤਾਂ ਵਿੱਚ ਬ੍ਰੈਸਟ ਦਾ ਪੁਨਰਗਠਨ ਵੀ ਹੋ ਸਕਦਾ ਹੈ ਜੋ ਕਿਸੇ ਵਰਦਾਨ ਤੋਂ ਘੱਟ ਨਹੀਂ। ਇਸ ਨੂੰ ਅਸੀਂ ਬ੍ਰੈਸਟ ਰੀਕੰਸਟ੍ਰਕਸ਼ਨ ਕਹਿੰਦੇ ਹਾਂ। ਇਸ ਅਪਰੇਸ਼ਨ ਵਿੱਚ ਪਲਾਸਟਿਕ ਸਰਜਰੀ ਕਰਕੇ ਬ੍ਰੈਸਟ ਨੂੰ ਦੁਬਾਰਾ ਬਣਾਇਆ ਜਾ ਸਕਦਾ ਹੈ। ਬ੍ਰੈਸਟ ਪਹਿਲਾਂ ਵਾਂਗ ਨਜ਼ਰ ਆਉਣ ਲੱਗਦੀਆਂ ਹਨ। ਜਿਨ੍ਹਾਂ ਔਰਤਾਂ ਦੀ ਅੰਸ਼ਿਕ ਸਰਜਰੀ ਹੋਈ ਹੁੰਦੀ ਹੈ, ਉਨ੍ਹਾਂ ਦੀਆਂ ਬ੍ਰੈਸਟ ਦੇ ਸਾਈਜ਼ ਦੇ ਆਕਾਰ ਨੂੰ ਫ਼ੇਰ ਸੁੰਦਰ ਰੂਪ ਦਿੱਤਾ ਜਾ ਸਕਦਾ ਹੈ।










