ਟੈਲੀਫ਼ੋਨ ਦੀ ਘੰਟੀ ਖੜਕੀ। ਖੁਸ਼ਖਬਰੀ ਦੇ ਇੰਤਜ਼ਾਰ ਵਿੱਚ ਅੱਨਾ ਨੇ ਫ਼ੋਨ ਚੁੱਕਿਆ। ਅਗਲੇ ਹੀ ਪਲ ਉਸ ਦੀ ਚੀਕ ਨਿਕਲ ਗਈ। ‘ਨਹੀਂ! ਇਹ ਨਹੀਂ ਹੋ ਸਕਦਾ। ਪ੍ਰਮਾਤਮਾ ਇੰਨਾ ਹੈਂਸਿਆਰਾ ਨਹੀਂ ਹੋ ਸਕਦਾ…।’
ਅੱਨਾ ਸੱਚੀ ਸੀ। ਅਜੇ ਗਿਆਰਾਂ ਮਹੀਨੇ ਪਹਿਲਾਂ ਉਸ ਦੀ ਫ਼ੁੱਲਾਂ ਵਰਗੀ ਪਿਆਰੀ ਬੱਚੀ ਐਲੀ ਚੱਲ ਵਸੀ ਸੀ। ਐਲੀਸਨ ਉਸ ਦੀ ਤੇ ਜਾਅਨ ਦੀ ਸਭ ਤੋਂ ਵੱਡੀ ਬੇਟੀ ਸੀ। ਅੱਤ ਦੀ ਸੁੰਦਰ, ਕਾਲੇਸ਼ਾਹ ਵਾਲਾਂ ਵਾਲੀ ਤੇ ਹਰ ਪਲ ਮੁਸਕਰਾਉਂਦਾ ਚਿਹਰਾ, ਉਸ ਨੂੰ ਉਹ ਪਿਆਰ ਨਾਲ ਐਲੀ ਕਿਹਾ ਕਰਦੇ ਸਨ। ਬਾਰ੍ਹਾਂ ਵਰ੍ਹਿਆਂ ਦੀ ਐਲੀ ਜ਼ਿੰਦਗੀ ਜਿਊਣ ਦੇ ਉਤਸ਼ਾਹ ਨਾਲ ਨੱਕੋ-ਨਕ ਭਰੀ ਹੋਈ ਸੀ। ਆਪਣੇ ਪਿਤਾ ਨਾਲ ਤਾਂ ਉਸ ਨੂੰ ਲੋਹੜੇ ਦਾ ਪਿਆਰ ਸੀ। ਉਸ ਦੇ ਗਲ ‘ਚ ਬਾਹਾਂ ਪਾ ਕੇ ਖਿੜਖਿੜਾ ਕੇ ਹੱਸਦੀ ਰਹਿੰਦੀ ਸੀ।
ਅਚਾਨਕ 23 ਦਸੰਬਰ 1994 ਨੂੰ ਪਤਾ ਲੱਗਾ, ਐਲੀ ਨੂੰ ਜਿਗਰ ਦੇ ਕੈਂਸਰ ਦੀ ਨਾਮੁਰਾਦ ਬੀਮਾਰੀ ਹੈ ਪਰ ਐਲੀ ਦੀ ਕੈਂਸਰ ਵਰਗੀ ਬੀਮਾਰੀ ਨਾਲ ਲੜਨ ਦੀ ਸ਼ਕਤੀ ਦੇਖ ਕੇ ਡਾਕਟਰ ਵੀ ਹੈਰਾਨ ਰਹਿ ਗਏ। ਉਹ ਇਲਾਜ ਦੇ ਤਸੀਹੇ ਵੀ ਹੱਸ-ਹੱਸ ਸਹਿ ਗਈ। ਕਿਊਮੋਥੈਰੇਪੀ ਚੱਲ ਰਹੀ ਸੀ। ਡਾਕਟਰਾਂ ਨੇ ਉਸ ਦੇ ਕਾਲੇਸ਼ਾਹ ਸੁੰਦਰ ਵਾਲ ਕੱਟ ਦਿੱਤੇ ਸਨ। ਉਹ ਹੱਸ ਕੇ ਕਹਿਣ ਲੱਗੀ-ਇਸ ਇਲਾਜ ਦਾ ਇਕ ਬੜਾ ਵੱਡਾ ਫ਼ਾਇਦਾ ਹੈ, ਵਾਲਾਂ ਦਾ ਸਟਾਈਲ ਖਰਾਬ ਹੋਣ ਦਾ ਡਰ ਨਹੀਂ।
ਤੇ ਉਹ ਖਿੜਖਿੜਾ ਕੇ ਹੱਸ ਪਈ ਸੀ। ਐਲੀ ਦੀ ਇਹ ਨਿਰਾਲੀ ਖੁਸ਼ੀ, ਉਸ ਦੇ ਮਾਤਾ-ਪਿਤਾ ਨੂੰ ਰੁਆ ਗਈ ਸੀ। ਐਲੀ ਨੇ ਉਨ੍ਹਾਂ ਨੂੰ ਹੌਸਲਾ ਦਿੱਤਾ ਸੀ ਤਾਂ ਉਹ ਇੰਨਾ ਹੀ ਆਖ ਸਕੇ ਸਨ-ਝੱਲੀਏ ਇਹ ਤਾਂ ਖੁਸ਼ੀ ਦੇ ਅੱਥਰੂ ਹਨ।
ਸੱਚਮੁੱਚ ਹੀ ਉਹ ਖੁਸ਼ੀ ਦੇ ਅੱਥਰੂ ਸਨ। ਐਲੀ ਦਿਨਾਂ ਵਿੱਚ ਹੀ ਠੀਕ ਹੋ ਗਈ। ਡਾਕਟਰ ਹੈਰਾਨ ਰਹਿ ਗਏ। ਜਿਸ ਕੈਂਸਰ ਨੂੰ ਉਹ ਜਾਨਲੇਵਾ ਸਮਝ ਰਹੇ ਸਨ, ਉਸ ਦਾ ਹੁਣ ਕਿੱਧਰੇ ਨਾਂ-ਨਿਸ਼ਾਨ ਵੀ ਨਹੀਂ ਸੀ।
ਉਨ੍ਹਾਂ ਦੀ ਬੇਟੀ ਐਲੀ ਆਪਣੇ ਹੌਸਲੇ ਨਾਲ ਹੀ ਮੌਤ ਦੇ ਮੂੰਹ ਵਿੱਚੋਂ ਨਿਕਲ ਆਈ ਸੀ ਪਰ ਇਸ ਨਾਲ ਉਸ ਦੀ ਜ਼ਿੰਦਗੀ ਜ਼ਰੂਰ ਬਦਲ ਗਈ ਸੀ। ਉਹ ਆਪਣੀ ਉਮਰ ਨਾਲੋਂ ਕਿਤੇ ਵੱਧ ਸਿਆਣੀ ਹੋ ਗਈ ਸੀ।
ਜਦ ਉਹ ਵਾਪਸ ਸਕੂਲ ਪੜ੍ਹਨ ਜਾਣ ਲੱਗੀ ਤਾਂ ਕਈ ਵਾਰ ਅਜਿਹੀ ਕਲਾਸ ਦੇ ਬੱਚਿਆਂ ਦੇ ਰਵੱਈਏ ਤੋਂ ਦੁਖੀ ਹੋ ਜਾਂਦੀ। ਕਈ ਵਾਰ ਉਹ ਉਦਾਸੀ ਵਿੱਚ ਅੱਨਾ ਨੂੰ ਦੱਸਦੀ-ਮਾਮਾ ਮੇਰੇ ਦੋਸਤਾਂ ਨੂੰ ਜ਼ਰਾ ਵੀ ਪਤਾ ਨਹੀਂ, ਜ਼ਿੰਦਗੀ ਕੀ ਹੈ? ਉਹ ਨਿੱਕੀ ਗੱਲ ਤੋਂ ਦੁਖੀ ਹੋ ਜਾਂਦੇ ਆ। ਉਨ੍ਹਾਂ ਨੂੰ ਕਿਉਂ ਸਮਝ ਨਹੀਂ?ਅੱਨਾ ਤੇ ਉਸ ਦੇ ਪਤੀ ਜਾਅਨ ਨੂੰ ਸਮਝ ਨਾ ਪੈਂਦੀ, ਉਨ੍ਹਾਂ ਦੀ ਬਾਰ੍ਹਾਂ ਸਾਲਾਂ ਦੀ ਨਿਆਣੀ ਬੇਟੀ, ਇੰਨੀਆਂ ਸਿਆਣੀਆਂ ਗੱਲਾਂ ਕਿਵੇਂ ਕਰ ਲੈਂਦੀ ਹੈ। ਇਕ ਦਿਨ ਉਸ ਨੇ ਆਪਣੇ ਡੈਡੀ ਦੇ ਗਲ ਵਿੱਚ ਬਾਹਾਂ ਪਾਈ, ਖਿੜਖਿੜ ਹੱਸਦੀ ਨੇ ਕਿਹਾ-‘ਡੈਡ, ਕੈਂਸਰ ਦੀ ਬੀਮਾਰੀ ਹੋਣੀ, ਮੇਰੀ ਜ਼ਿੰਦਗੀ ਦੀ ਬਿਹਤਰੀਨ ਘਟਨਾ ਸੀ। ਜਾਅਨ ਸੁਣ ਕੇ ਹੱਕਾ-ਬੱਕਾ ਰਹਿ ਗਿਆ। ਇਹ ਉਹ ਕੀ ਆਖ ਰਹੀ ਹੈ? ਕੈਂਸਰ ਬਿਹਤਰੀਨ ਘਟਨਾ ਕਿਵੇਂ ਹੋ ਸਕਦੀ ਹੈ? 1995 ਦਾ ਦਸੰਬਰ ਫ਼ਿਰ ਮਨਹੂਸ ਖਬਰ ਲੈ ਕੇ ਆ ਗਿਆ। ਐਲੀ ਦਾ ਕੈਂਸਰ ਫ਼ਿਰ ਜਾਗ ਪਿਆ ਸੀ ਤੇ ਇਸ ਵਾਰ ਐਲੀ ਦੀ ਹਿੰਮਤ ਵੀ ਉਸ ਅੱਗੇ ਹਾਰ ਗਈ ਪਰ ਉਸ ਨੇ ਬੜੇ ਧੀਰਜ ਨਾਲ ਜ਼ਿੰਦਗੀ ਨਾਲ ਸਮਝੌਤਾ ਕਰ ਲਿਆ ਜਾਪਦਾ ਸੀ। ਕਦੇ ਵੀ ਉਸ ਦੇ ਮੂੰਹੋਂ ਨਾ ਨਿਕਲਿਆ ਕਿ ਆਖਿਰ ਉਸ ਨਾਲ ਹੀ ਅਜਿਹਾ ਕਿਉਂ ਹੋਇਆ ਸੀ। ਲੱਗਭਗ ਇਕ ਸਾਲ ਉਹ ਬੀਮਾਰੀ ਦਾ ਦੁੱਖ ਖਿੜੇ ਮੱਥੇ ਝੱਲਦੀ ਰਹੀ। ਕਈ ਵਾਰ ਅੱਨਾ ਆਪਣੀ ਫ਼ੁੱਲਾਂ ਵਰਗੀ ਧੀ ਨੂੰ ਇੰਝ ਦਿਨੋ-ਦਿਨ ਕੁਮਲਾਉਂਦੀ ਜਾਂਦੀ ਨੂੰ ਦੇਖਦੀ ਤਾਂ ਡੋਲ ਜਾਂਦੀ ਪਰ ਅੱਗੋਂ ਐਲੀ ਉਸ ਨੂੰ ਹੌਸਲਾ ਦਿੰਦੀ-ਠੀਕ ਈ ਤਾਂ ਹੈ, ਮਾਮਾ! ਜ਼ਿੰਦਗੀ ਵਿੱਚ ਜੋ ਹੋਣਾ, ਹੋ ਕੇ ਹੀ ਰਹਿਣੈਂ।’
ਤਿੰਨ ਨਵੰਬਰ 1996 ਨੂੰ ਜੋ ਹੋਣਾ ਸੀ, ਹੋ ਕੇ ਹੀ ਰਿਹਾ, ਐਲੀ ਚੱਲ ਵਸੀ।
ਉਸ ਦੇ ਤੁਰ ਜਾਣ ਤੋਂ ਬਾਅਦ ਅੱਨਾ ਤੇ ਜਾਅਨ ਨੂੰ ਪਤਾ ਲੱਗਾ, ਉਹ ਆਪਣੇ ਦੋਸਤਾਂ ਤੇ ਸਹੇਲੀਆਂ ਤੋਂ ਵਾਅਦਾ ਲੈ ਕੇ ਗਈ ਸੀ ਕਿ ਉਹ ਸਾਰੇ ਉਸ ਦੇ ਅੰਤਿਮ ਸੰਸਕਾਰ ‘ਤੇ ਲਾਲ ਕੱਪੜੇ ਪਹਿਨ ਕੇ ਆਉਣ।
ਧੀ ਦੀ ਰੀਝ ਸੁਣ ਕੇ ਉਨ੍ਹਾਂ ਦੇ ਦਿਲ ‘ਚੋਂ ਹੂਕ ਨਿਕਲ ਗਈ। ਉਹ ਵੀ ਆਪਣੇ ਲਈ ਤੇ ਆਪਣੇ ਦੋਹਾਂ ਪੁੱਤਰਾਂ ਲਈ ਲਾਲ ਡਰੈੱਸਾਂ ਖਰੀਦ ਲਿਆਏ। ਐਲੀ ਦੇ ਸਸਕਾਰ ‘ਤੇ ਹਰ ਪਾਸੇ ਲਾਲ ਰੰਗ ਠਾਠਾਂ ਮਾਰ ਰਿਹਾ ਸੀ।
ਐਲੀ ਦੇ ਤੁਰ ਜਾਣ ਨਾਲ ਪਰਿਵਾਰ ਵਿੱਚ ਜੋ ਖਲਾਅ ਪੈਦਾ ਹੋਇਆ ਸੀ, ਉਹ ਕਦੇ ਭਰਨ ਵਾਲਾ ਨਹੀਂ ਸੀ। ਅੱਨਾ ਅੰਦਰੋ-ਅੰਦਰੀ ਟੁੱਟ ਚੁੱਕੀ ਸੀ।
ਜ਼ਿੰਦਗੀ ਉਸ ਲਈ ਗ਼ਮ ਦਾ ਪਹਾੜ ਬਣ ਗਈ ਸੀ। ਜਾਅਨ ਆਪਣੀ ਬ੍ਰੋਕੇਜ ਫ਼ਰਮ ਚਲਾ ਤਾਂ ਰਿਹਾ ਸੀ ਪਰ ਪਹਿਲਾਂ ਵਾਲੀ ਗੱਲ ਨਹੀਂ ਸੀ। ਐਲੀ ਤੋਂ ਬਾਅਦ ਪਹਿਲਾਂ ‘ਥੈਂਕਸ ਗਿਵਿੰਗ’ ਸੀ। ਸਾਰਾ ਪਰਿਵਾਰ ਖਾਣਾ ਖਾਣ ਬੈਠਾ। ਜਾਅਨ ਬੇਹੱਦ ਭਾਵੁਕ ਹੋ ਗਿਆ। ਸਾਰਿਆਂ ਤੋਂ ਮੁਆਫ਼ੀ ਮੰਗ ਕੇ ਉਠ ਕੇ ਚਲਾ ਗਿਆ। ਕੁਝ ਦੇਰ ਬਾਅਦ ਅੱਨਾ ਉਸ ਦੇ ਮਗਰ ਗਈ। ਜਾਅਨ ਐਲੀ ਦੇ ਕਮਰੇ ਵਿੱਚ ਬੈਠਾ ਫ਼ੁੱਟ-ਫ਼ੁੱਟ ਕੇ ਰੋ ਰਿਹਾ ਸੀ। ਅੱਨਾ ਨੇ ਅੱਗੇ ਵਧ ਕੇ ਉਸ ਨੂੰ ਹੌਸਲਾ ਦਿੱਤਾ ਪਰ ਉਹ ਇਹੋ ਕਹੀ ਜਾਵੇ-ਮੇਰੀ ਜ਼ਿੰਦਗੀ ਦਾ ਉਹ ਹੀ ਬਿਹਤਰੀਨ ਦਿਨ ਹੋਵੇਗਾ, ਜਦ ਮੈਂ ਆਪਣੀ ਐਲੀ ਕੋਲ ਚਲਾ ਜਾਵਾਂਗਾ।
ਅੱਨਾ ਦੀ ਵੀ ਧਾਹ ਨਿਕਲ ਗਈ। ਹਾਂ ਅਸੀਂ ਸਾਰਿਆਂ ਨੇ ਇਕ ਦਿਨ ਐਲੀ ਕੋਲ ਚਲੇ ਜਾਣਾ ਹੈ…ਪਰ ਜੇ ਅਸੀਂ ਇੰਝ ਡੋਲ ਜਾਵਾਂਗੇ, ਸਾਡੇ ਪੁੱਤਰਾਂ ਦਾ ਕੀ ਣੇਗਾ? ਜਾਅਨ ਨੇ ਆਪਣੇ ਅੱਥਰੂ ਪੂੰਝ ਲਏ। ਐਲੀ ਨੇ ਆਖਰੀ ਦਮ ਤਕ ਜ਼ਿੰਦਗੀ ਨੂੰ ਭਰਪੂਰਤਾ ਨਾਲ ਜੀਵਿਆ ਸੀ। ਉਹ ਉਸ ਦਾ ਬਾਪ ਹੋ ਕੇ ਡੋਲ ਕਿਵੇਂ ਸਕਦਾ ਹੈ। ਉਸ ਨੇ ਆਪਣੀ ਧੀ ਦੀ ਯਾਦ ਨੂੰ ਸਾਕਾਰ ਕਰਨ ਦਾ ਮਨ ਬਣਾ ਲਿਆ। ਐਲੀ ਦੀ ਯਾਦ ਉਸ ਦਾ ਆਦਰਸ਼ ਬਣ ਗਈ, ਜਿਸ ਕੈਂਸਰ ਨੇ ਉਸ ਦੀ ਪਿਆਰੀ ਧੀ ਉਸ ਤੋਂ ਖੋਹ ਲਈ ਸੀ, ਉਹ ਉਸ ਕੈਂਸਰ ਦਾ ਦੁਨੀਆ ਤੋਂ ਖੁਰਾ-ਖੋਜ ਮਿਟਾਉਣ ਲਈ ਦਿਨ-ਰਾਤ ਇਕ ਕਰ ਦੇਵੇਗਾ।
ਜਾਅਨ ਨੇ ਯੂਨੀਵਰਸਿਟੀ ਆਫ਼ ਮੈਸੀਚਿਊਸਟ ਕੈਂਸਰ ਸੈਂਟਰ ਨਾਲ ਮਿਲ ਕੇ ਆਪਣੀ ਧੀ ਦੀ ਯਾਦ ਵਿੱਚ ਐਲੀ ਪੀਅਰਸ ਇਨਡੋਮੈਂਟ ਫ਼ੰਡ ਸਥਾਪਿਤ ਕੀਤਾ ਜੋ ਪੈਡੀਐਟ੍ਰਿਕ ਕੈਂਸਰ ਦੇ ਇਲਾਜ ਲਈ ਖੋਜ ਕਰੇਗਾ। ਉਹ ਕਦੇ ਮੈਰਾਥਨ ਦੌੜਦਾ ਹੁੰਦਾ ਸੀ। ਉਸ ਨੇ ਆਪਣੇ ਦੋਸਤਾਂ-ਯਾਰਾਂ ਤੇ ਵਾਕਿਫ਼ਕਾਰਾਂ ਨਾਲ ਮਿਲ ਕੇ ਬੋਸਟਨ ਮੈਰਾਥਨ ਆਰੰਭ ਕਰਨ ਦਾ ਪ੍ਰੋਗਰਾਮ ਬਣਾ ਲਿਆ। ਉਸ ਦਾ ਨਾਂ ਵੀ ਉਸ ਨੇ ‘ਐਲੀ’ ਆਰਮੀ’ ਰੱਖਿਆ। ਹਰ ਪੰਜ ਸਾਲ ਵਿੱਚ ਉਸ ਨੇ ਪੰਜ ਲੱਖ ਡਾਲਰ ਇਕੱਠਾ ਕਰਨ ਦਾ ਟੀਚਾ ਮਿੱਥ ਲਿਆ।ਅੱਨਾ ਨੇ ਇਸ ਵਿੱਚ ਕੋਈ ਦਿਲਚਸਪੀ ਨਾ ਦਿਖਾਈ। ਇਕ ਦਿਨ ਉਸ ਨੇ ਜਾਅਨ ਨੂੰ ਕਿਹਾ-ਇਹ ਪ੍ਰੋਗਰਾਮ ਸਿਰਫ਼ ਤੇਰੇ ਦਿਮਾਗ ਦਾ ਬੱਚਾ ਹੈ, ਮੇਰਾ ਇਸ ਨਾਲ ਕੋਈ ਸਰੋਕਾਰ ਨਹੀਂ ਹੈ।
ਜਾਅਨ ਨੇ ਅੱਗੋਂ ਹੱਸ ਕੇ ਕਿਹਾ-ਮੇਰਾ ਕੋਈ ਬੱਚਾ, ਤੇਰਾ ਹੋਇਆ ਬਗੈਰ ਸਰੂਪ ਕਿਵੇਂ ਲੈ ਸਕਦਾ ਹੈ?
ਜਾਅਨ ਹਾਸੇ-ਹਾਸੇ ਵਿੱਚ ਕਿੱਡਾ ਵੱਡਾ ਸੱਚ ਬੋਲ ਗਿਆ ਸੀ। ਇਸ ਦਾ ਅੱਨਾ ਨੂੰ ਬਾਅਦ ਵਿੱਚ ਪਤਾ ਲੱਗਾ।
ਜਾਅਨ ਮੈਰਾਥਨ ਦੀ ਪ੍ਰੈਕਟਿਸ ਵਿੱਚ ਰੁੱਝ ਗਿਆ। ਅਕਤੂਬਰ 1997 ਵਿੱਚ ਐਲੀ ਦੀ ਮੌਤ ਤੋਂ ਗਿਆਰਾਂ ਮਹੀਨੇ ਬਾਅਦ ਬੋਸਟਨ ਮੈਰਾਥਨ ਹੋ ਰਹੀ ਸੀ। ਅੱਨਾ ਘਰ ਬੈਠੀ ਖੁਸ਼ਖਬਰੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਸੀ।
ਟੈਲੀਫ਼ੋਨ ਦੀ ਘੰਟੀ ਖੜਕੀ। ਅੱਨਾ ਨੇ ਫ਼ੋਨ ਚੁੱਕਿਆ। ਜਾਅਨ ਦਾ ਹੀ ਫ਼ੋਨ ਹੋਵੇਗਾ। ਮੈਰਾਥਨ ਦੀ ਖੁਸ਼ਖਬਰੀ ਹੋਵੇਗੀ ਪਰ ਉਸ ਦੀ ਚੀਕ ਨਿਕਲ ਗਈ-ਨਹੀਂ ਇਹ ਨਹੀਂ ਹੋ ਸਕਦਾ। ਪ੍ਰਮਾਤਮਾ ਇੰਨਾ ਹੈਂਸਿਆਰਾ ਨਹੀਂ ਹੋ ਸਕਦਾ।
ਫ਼ੋਨ ‘ਤੇ ਹਸਪਤਾਲ ਦੀ ਨਰਸ ਬੋਲ ਰਹੀ ਸੀ-ਮਿਸਿਜ਼ ਅੱਨਾ ਪੀਅਰਸ, ਮੈਨੂੰ ਇਹ ਦੱਸਦਿਆਂ ਬਹੁਤ ਦੁੱਖ ਹੋ ਰਿਹਾ ਹੈ, ਤੁਹਾਡੇ ਪਤੀ ਇਸ ਜਹਾਨ ਵਿੱਚ ਨਹੀਂ ਰਹੇ। ਉਹ ਮੈਰਾਥਨ ਦੌੜਦੇ ‘ਕੋਲੈਪਸ’ ਹੋ ਗਏ ਹਨ…। ਡਾਕਟਰ ਉਨ੍ਹਾਂ ਨੂੰ ਜੀਵਤ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।
ਅੱਨਾ ਦੀ ਛਾਤੀ ਵਿੱਚ ਜਿਵੇਂ ਸਿੱਧਾ ਕੁਲਹਾੜਾ ਮਾਰ ਦਿੱਤਾ ਹੋਵੇ। ਉਹ ਵਿਲਕ ਉਠੀ ਉਸ ਦੇ ਦੋਵੇਂ ਪੁੱਤਰ ਭੱਜੇ-ਭੱਜੇ ਆਏ।
ਦੋਵੇਂ ਬੁਰੀ ਤਰ੍ਹਾਂ ਘਬਰਾਏ ਹੋਏ ਸਨ। ਉਨ੍ਹਾਂ ਦੇ ਚਿਹਰਿਆਂ ਵੱਲ ਦੇਖ ਕੇ ਅੱਨਾ ਨੇ ਆਪਣੇ ਅੱਥਰੂ ਪੂੰਝ ਦਿੱਤੇ।
ਕਹਿਣ ਲੱਗੀ-ਤੁਹਾਡੇ ਡੈਡੀ ਕੋਲੈਪਸ ਹੋ ਗਏ ਹਨ। ਤੁਹਾਨੂੰ ਪਤੈ-ਉਹ ਤੁਹਾਨੂੰ ਕਿੰਨਾ ਪਿਆਰ ਕਰਦੇ ਹਨ। ਉਹ ਬੇਹੱਦ ਮਜ਼ਬੂਤ ਹਨ। ਉਹ ਠੀਕ ਹੋ ਜਾਣਗੇ।
ਵੱਡਾ ਪੁੱਤਰ 12 ਸਾਲਾ ਜੇ ਟੀ ਬੋਲਿਆ-ਹਾਂ ਠੀਕ ਹੋ ਜਾਣਗੇ। ਪ੍ਰਮਾਤਮਾ ਇਕੋ ਸਾਲ ਵਿੱਚ ਸਾਡੇ ਨਾਲ ਦੋ ਵਾਰ ਅਜਿਹਾ ਨਹੀਂ ਕਰ ਸਕਦਾ।
ਅੱਨਾ ਪੁੱਤਰਾਂ ਨੂੰ ਲੈ ਕੇ ਹਸਪਤਾਲ ਪੁੱਜੀ। ਇੱਕੀ ਸਾਲ ਉਸ ਦੇ ਸਾਹਾਂ ਵਿੱਚ ਜੀਣ ਵਾਲਾ ਉਸ ਦਾ ਜਾਅਨ ਪੱਥਰ ਬਣਿਆ ਪਿਆ ਸੀ। ਉਹ ਮੈਰਾਥਨ ਦੀ ਫ਼ਿਨਿਸ਼ਿੰਗ ਲਾਈਨ ਤੋਂ ਕੁਝ ਫ਼ੁੱਟ ਦੀ ਦੂਰੀ ‘ਤੇ ਦਮ ਤੋੜ ਗਿਆ ਸੀ। ਪਰ ਅੱਨਾ ਸੋਚ ਰਹੀ ਸੀ-ਜਾਅਨ ਦੀ ਦੌੜ ਫ਼ਿਨਿਸ਼ਿੰਗ ਲਾਈਨ ‘ਤੇ ਖਤਮ ਨਹੀਂ ਹੋਈ। ਉਹ ਤਾਂ ਉਸ ਨੂੰ ਪਾਰ ਕਰਕੇ ਦੂਰ ਆਪਣੀ ਧੀ ਕੋਲ ਪੁੱਜ ਗਿਆ ਸੀ। ਅੱਨਾ ਰੋਈ ਨਾ। ਉਸ ਨੇ ਆਪਣੇ ਦਿਲ ਵਿੱਚ ਹੀ ਸੋਚਿਆ-ਪਿਓ-ਧੀ ਦੇ ਮਿਲਾਪ ‘ਤੇ ਮੈਂ ਕਿਵੇਂ ਰੋਵਾਂ? ਉਸ ਨੇ ਆਪਣੇ ਦੋਹਾਂ ਪੁੱਤਰਾਂ ਨੂੰ ਕਲਾਵੇ ਵਿੱਚ ਲੈ ਲਿਆ ਤੇ ਕਿਹਾ-ਸਭ ਕੁਝ ਠੀਕ ਹੋ ਜਾਵੇਗਾ। ਮੇਰੇ ਪੁੱਤਰੋ ਅਸੀਂ ਸਭ ਠੀਕ ਕਰ ਲਵਾਂਗੇ।
ਘਰ ਆ ਕੇ ਉਸ ਨੇ ਪਤੀ ਦੇ ਨਾਂ ਖਤ ਲਿਖਿਆ ਤੇ ਉਸ ਦੇ ਅੰਤਿਮ ਸੰਸਕਾਰ ‘ਤੇ ਜਾਅਨ ਨੂੰ ਮੁਖਾਤਿਬ ਹੋ ਕੇ ਪੜ੍ਹਿਆ-
ਮੈਂ ਤੁਹਾਡੇ ਬੇਟਿਆਂ ਨੂੰ ਪਾਲ ਕੇ ਤੁਹਾਡੇ ਵਰਗੇ ਬਣਾਵਾਂਗੀ। ਤੁਸੀਂ ਆਪਣੀ ਬੇਟੀ ਦੀ ਯਾਦ ਵਿੱਚ ਜੋ ਕਾਰਜ ਆਰੰਭਿਆ ਸੀ, ਉਹ ਨੇਪਰੇ ਚਾੜ੍ਹਾਂਗੀ। ਹੁਣ ਐਲੀ ਦੀ ਆਰਮੀ ਦਾ ਨਾਂ ‘ਐਲੀ ਤੇ ਡੈਡੀ ਦੀ ਆਰਮੀ’ ਹੋਵੇਗਾ। ਇਹ ਜੋ ਬੱਚਾ ਤੁਸੀਂ ਮੇਰੀ ਝੋਲੀ ਪਾ ਕੇ ਜਾ ਰਹੇ ਹੋ, ਉਸ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।
ਅੱਨਾ ਨੇ ਆਪਣੇ ਪਤੀ ਦੇ ਮਿਸ਼ਨ ਨੂੰ ਆਪਣਾ ਮਿਸ਼ਨ ਬਣਾ ਲਿਆ। ਉਸ ਦੀ ਹਿੰਮਤ ਸਦਕਾ, ਜਾਅਨ ਨੇ ਜੋ ਪੰਜ ਲੱਖ ਪੰਜ ਸਾਲ ਵਿੱਚ ਇਕੱਠਾ ਕਰਨ ਦਾ ਟੀਚਾ ਮਿੱਥਿਆ ਸੀ, ਸਿਰਫ਼ 11 ਮਹੀਨੇ ਵਿੱਚ ਪੂਰਾ ਕਰ ਦਿੱਤਾ।
ਐਲੀ ਤੇ ਜਾਅਨ ਦੀ ਯਾਦ ਨੂੰ ਸਮਰਪਿਤ ਬੋਸਟਨ ਮੈਰਾਥਨ ਅੱਨਾ ਦੀ ਅਗਵਾਈ ਵਿੱਚ ਸਫ਼ਲਤਾ ਨਾਲ ਚੱਲ ਰਹੀ ਹੈ। ਯੂਨੀਵਰਸਿਟੀ ਆਫ਼ ਮੈਸੀਚਿਊਸਟ ਕੈਂਸਰ ਸੈਂਟਰ ਹੁਣ ਕੈਂਸਰ ਨਾਲ ਪੀੜਤ ਬੱਚਿਆਂ ਲਈ ਥੈਰੇਪੀ ਦੇ ਦੂਸਰੇ ਢੰਗ ਅਪਣਾਉਣ ਦੇ ਯੋਗ ਹੋ ਚੁੱਕਾ ਹੈ।
ਬਲਦੇਵ ਸਿੰਘ ਗਰੇਵਾਲ















