ਭਾਜਪਾ ਕਾਰਕਰਤਾ ਨੇ ਮੇਰੇ ‘ਤੇ ਵੱਡਾ ਪੱਥਰ ਸੁੱਟਿਆ: ਰਾਹੁਲ ਗਾਂਧੀ

ਨਵੀਂ ਦਿੱਲੀ—ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਰਤੀ ਜਨਤਾ ਪਾਰਟੀ ਅਤੇ ਰਾਸ਼ਟਰੀ ਸਵੈ ਸੇਵਕ ਸੰਘ (ਆਰ.ਐਸ.ਐਸ.) ‘ਤੇ ਹਿੰਸਾ ਦੀ ਰਾਜਨੀਤੀ ਕਰਨ ਦਾ ਦੋਸ਼ ਲਗਾਉਂਦੇ ਹੋਏ ਅੱਜ ਕਿਹਾ ਕਿ ਬਨਾਸਕਾਂਠਾ ‘ਚ ਭਾਜਪਾ ਦੇ ਇਕ ਕਾਰਜਕਰਤਾ ਨੇ ਉਨ੍ਹਾਂ ‘ਤੇ ਪੱਥਰ ਸੁੱਟਿਆ ਸੀ। ਉਪ ਰਾਸ਼ਟਰਪਤੀ ਅਹੁਦੇ ਦੇ ਲਈ ਵੋਟਾਂ ‘ਚ ਹਿੱਸਾ ਲੈਣ ਸੰਸਦ ਭਵਨ ਪਹੁੰਚੇ ਗਾਂਧੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਭਾਜਪਾ ਦੇ ਇਕ ਕਾਰਜਕਰਤਾ ਨੇ ਮੇਰੇ ‘ਤੇ ਪੱਥਰ ਸੁੱਟ ਕੇ ਮਾਰਿਆ। ਇਸ ਨਾਲ ਮੇਰਾ ਸੁਰੱਖਿਆ ਕਰਮਚਾਰੀ ਜ਼ਖਮੀ ਹੋ ਗਿਆ। ਮੋਦੀ ਜੀ, ਭਾਜਪਾ ਅਤੇ ਆਰ.ਐਸ.ਐਸ. ਇਸ ਤਰ੍ਹਾਂ ਦੀ ਰਾਜਨੀਤੀ ਕਰਦੇ ਹਨ। ਇਹ ਪੁੱਛਣ ‘ਤੇ ਹਮਲੇ ਦੀ ਭਾਜਪਾ ਨੇ ਨਿੰਦਾ ਨਹੀਂ ਕੀਤੀ ਗਾਂਧੀ ਨੇ ਕਿਹਾ ਕਿ ਜਿਨ੍ਹਾਂ ਨੇ ਹਮਲਾ ਕੀਤਾ ਹੈ ਉਹ ਇਸ ਦੀ ਨਿੰਦਾ ਕਿਸ ਤਰ੍ਹਾਂ ਕਰ ਸਕਦੇ ਹਨ।
ਰਾਹੁਲ ਗਾਂਧੀ ‘ਤੇ ਗੁਜਰਾਤ ‘ਚ ਪੱਥਰ ਸੁੱਟਣ ਦੀ ਘਟਨਾ ਦੀ ਸਖਤ ਨਿੰਦਾ ਕਰਦੇ ਹੋਏ ਕਾਂਗਰਸ ਨੇ ਦੋਸ਼ ਲਗਾਇਆ ਹੈ ਕਿ ਭਾਰਤੀ ਜਨਤਾ ਪਾਰਟੀ ਅਤੇ ਰਾਸ਼ਟਰੀ ਸਵੈ ਸੇਵਕ ਸੰਘ (ਆਰ.ਐਸ.ਐਸ.) ਨੇ ਸਾਜਿਸ਼ ਦੇ ਤਹਿਤ ਉਨ੍ਹਾਂ ‘ਤੇ ਜਾਨਲੇਵਾ ਹਮਲਾ ਕੀਤਾ ਹੈ। ਰਾਜ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਅਤੇ ਲੋਕ ਸਭਾ ‘ਚ ਪਾਰਟੀ ਦੇ ਨੇਤਾ ਮਲਿਕਾਰਜੁਨ ਖਡਗੇ ਨੇ ਅੱਜ ਸੰਸਦ ਭਵਨ ਪਰੀਸਰ ‘ਚ ਸੰਯੁਕਤ ਪੱਤਰਕਾਰ ਸੰਮੇਲਨ ‘ਚ ਇਸ ਘਟਨਾ ਦੀ ਸਖਤ ਨਿੰਦਾ ਕਰਦੇ ਹੋਏ ਕਿਹਾ ਕਿ ਪਹਿਲੀ ਸ਼ਰੇਣੀ ਦੀ ਐਸ.ਪੀ.ਜੀ. ਸੁਰੱਖਿਆ ਪ੍ਰਾਪਤ ਸ਼੍ਰੀ ਗਾਂਧੀ ਨੂੰ ਸੁਰੱਖਿਆ ਦੇਣ ‘ਚ ਕੇਂਦਰ ਅਤੇ ਸੂਬਾ ਸਰਕਾਰ ਅਸਫਲ ਰਹੀ ਹੈ।
ੱਜ਼ਿਕਰਯੋਗ ਹੈ ਕਿ ਗਾਂਧੀ ‘ਤੇ ਸ਼ੁੱਕਰਵਾਰ ਨੂੰ ਗੁਜਰਾਤ ਦੇ ਬਨਾਸਕਾਂਠਾ ਜ਼ਿਲੇ ਦੇ ਧਨੇਰਾ ‘ਚ ਪੱਥਰ ਸੁੱਟ ਕੇ ਹਮਲਾ ਕੀਤਾ ਗਿਆ ਸੀ। ਕਾਂਗਰਸ ਨੇ ਹਮਲੇ ਦੀ ਸਖਤ ਨਿੰਦਾ ਕਰਦੇ ਹੋਏ ਕਿਹਾ ਕਿ ਕਰੀਬ ਡੇਢ ਕਿਲੋਗ੍ਰਾਮ ਭਾਰਾ ਪੱਥਰ ਸੁੱਟ ਕੇ ਗਾਂਧੀ ‘ਤੇ ਜਾਨ ਲੇਵਾ ਹਮਲਾ ਕੀਤਾ ਗਿਆ ਹੈ। ਗਾਂਧੀ ਗੁਜਰਾਤ ‘ਚ ਹੜ੍ਹ ਨਾਲ ਸਭ ਤੋਂ ਪ੍ਰਭਾਵਿਤ ਬਨਾਸਕਾਂਠਾ ‘ਚ ਪੀੜਤਾਂ ਨੂੰ ਮਿਲਣ ਗਏ ਸੀ। ਧਨੇਰਾ ਦੇ ਮੋਡ ‘ਤੇ ਉਨ੍ਹਾਂ ਦੀ ਕਾਰ ‘ਤੇ ਪੱਥਰ ਸੁੱਟਿਆ ਗਿਆ, ਜਿਸ ਨਾਲ ਕਾਰ ਦੇ ਪਿੱਛੇ ਦੀ ਖਿੜਕੀ ‘ਤੇ ਲੱਗਿਆ ਸ਼ੀਸ਼ਾ ਟੁੱਟ ਗਿਆ ਅਤੇ ਪੱਥਰ ਕਾਰ ਦੀ ਸੀਟ ‘ਤੇ ਜਾ ਕੇ ਵੱਜਿਆ। ਕਾਂਗਰਸ ਪ੍ਰਧਾਨ ਕਾਰ ਦੀ ਅਗਲੀ ਸੀਟ ‘ਤੇ ਬੈਠੇ ਸੀ ਅਤੇ ਉਨ੍ਹਾਂ ਦੀ ਖਿੜਕੀ ਖੁੱਲ੍ਹੀ ਸੀ। ਇਸ ਤੋਂ ਪਹਿਲਾਂ ਧਨੇਰਾ ‘ਚ ਵੀ ਉਨ੍ਹਾਂ ਨੂੰ ਕਾਲੇ ਝੰਡੇ ਵੀ ਦਿਖਾਏ ਗਏ ਸੀ।