ਨਵੀਂ ਦਿੱਲੀ : ਦਿੱਲੀ ਟੈਸਟ ਵਿਚ ਭਾਰਤ ਨੇ ਦੱਖਣੀ ਅਫਰੀਕਾ ਨੂੰ 337 ਦੌੜਾਂ ਨਾਲ ਹਰਾ ਕੇ ਚਾਰ ਟੈਸਟ ਮੈਚਾਂ ਦੀ ਸੀਰੀਜ਼ 3-0 ਨਾਲ ਆਪਣੇ ਨਾਮ ਕਰ ਲਈ। ਜਿੱਤ ਲਈ 481 ਦੌੜਾਂ ਦਾ ਪਿੱਛਾ ਕਰਦਿਆਂ ਦੱਖਣੀ ਅਫਰੀਕਾ ਦੀ ਟੀਮ ਕੇਵਲ 143 ਦੌੜਾਂ ‘ਤੇ ਢੇਰ ਹੋ ਗਈ।
ਜ਼ਿਕਰਯੋਗ ਹੈ ਕਿ ਭਾਰਤ ਨੇ ਪਹਿਲੀ ਪਾਰੀ ਵਿਚ 334 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿਚ ਦੱਖਣੀ ਅਫਰੀਕਾ ਦੀ ਟੀਮ 121 ਦੌੜਾਂ ਬਣਾ ਸਕੀ। ਦੂਸਰੀ ਪਾਰੀ ਵਿਚ ਭਾਰਤ ਨੇ 5 ਵਿਕਟਾਂ ‘ਤੇ 267 ਦੌੜਾਂ ਬਣਾਈਆਂ ਅਤੇ ਦੱਖਣੀ ਅਫਰੀਕਾ ਦੀ ਟੀਮ ਦੂਸਰੀ ਪਾਰੀ ਵਿਚ ਕੇਵਲ 143 ਦੌੜਾਂ ‘ਤੇ ਸਿਮਟ ਗਈ।
ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਦੀ ਟੀਮ ਨੇ ਕੱਲ੍ਹ ਦੀਆਂ 2 ਵਿਕਟਾਂ ਦੇ ਨੁਕਸਾਨ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਏ.ਬੀ. ਡਿਵੀਲੀਅਰਸ ਅਤੇ ਹਾਸ਼ਿਮ ਅਮਲਾ ਨੇ ਇਸ ਪਾਰੀ ਕਾਫੀ ਲੰਬਾ ਖਿੱਚਿਆ। ਅਮਲਾ ਨੇ ਜਿਥੇ 244 ਗੇਂਦਾਂ ਵਿਚ 25 ਦੌੜਾਂ ਬਣਾਈਆਂ, ਉਥੇ ਏ.ਬੀ. ਡਿਵੀਲੀਅਰਸ ਨੇ 297 ਗੇਂਦਾਂ ਵਿਚ 43 ਦੌੜਾਂ ਬਣਾਈਆਂ। ਰਵਿੰਦਰ ਜਡੇਜਾ ਨੇ ਜਿਥੇ ਅਮਲਾ ਨੂੰ ਆਊਟ ਕੀਤਾ, ਉਥੇ ਆਰ. ਅਸ਼ਵਿਨ ਨੇ ਡਿਵੀਲੀਅਰਸ ਨੂੰ। ਇਸ ਤੋਂ ਬਾਅਦ ਪਲੇਸਿਸ ਨੇ 97 ਗੇਂਦਾਂ ਵਿਚ 10 ਦੌੜਾਂ ਬਣਾਈਆਂ। ਜਦੋਂ ਕਿ ਹੋਰ ਕੋਈ ਵੀ ਬੱਲੇਬਾਜ਼ ਜ਼ਿਆਦਾ ਦੇਰ ਤੱਕ ਨਾ ਟਿਕ ਸਕਿਆ। ਭਾਰਤ ਵੱਲੋਂ ਦੂਸਰੀ ਪਾਰੀ ਵਿਚ ਆਰ. ਅਸ਼ਵਿਨ ਨੇ 5, ਜਡੇਜਾ ਨੇ 2, ਉਮੇਸ਼ ਯਾਦਵ ਨੇ 3 ਵਿਕਟਾਂ ਹਾਸਲ ਕੀਤੀਆਂ।
ਅਜੰਕਿਆ ਰਹਾਨੇ ਨੂੰ ਮੈਨ ਆਫ ਦਾ ਮੈਚ, ਜਦੋਂ ਕਿ ਆਰ. ਅਸ਼ਵਿਨ ਨੂੰ ਮੈਨ ਆਫ ਦਾ ਸੀਰੀਜ਼ ਐਲਾਨਿਆ ਗਿਆ। ਇਸ ਤਰ੍ਹਾਂ ਦੱਖਣੀ ਅਫਰੀਕਾ ਦੇ ਭਾਰਤ ਦੌਰੇ ਦਾ ਅੱਜ ਅੰਤ ਹੋ ਗਿਆ। ਦੱਖਣੀ ਅਫਰੀਕਾ ਦੀ ਟੀਮ ਇਥੇ 70 ਦਿਨ ਰਹੀ। ਦੱਖਣੀ ਅਫਰੀਕਾ ਨੇ ਭਾਰਤ ਖਿਲਾਫ਼ ਪਹਿਲਾਂ ਵਨਡੇ ਸੀਰੀਜ਼ ਜਿੱਤੀ ਸੀ, ਪਰ ਟੈਸਟ ਸੀਰੀਜ਼ ਗਵਾ ਦਿੱਤੀ। ਦੋਨਾਂ ਟੀਮਾਂ ਲਈ ਇਹ ਸੀਰੀਜ਼ ਬੇਹੱਦ ਅਹਿਮ ਰਹੀ।















