ਗਰਮੀ ਦਾ ਮੌਸਮ ਆਪਣੇ ਨਾਲ ਕਈ ਬੀਮਾਰੀਆਂ ਨੂੰ ਵੀ ਸੱਦਾ ਦਿੰਦਾ ਹੈ। ਅਜਿਹੇ ਮੌਸਮ ‘ਚ ਪਾਚਣ ਤੰਤਰ ਕਮਜ਼ੋਰ ਹੋ ਜਾਂਦਾ ਹੈ। ਇਸ ਮੌਸਮ ‘ਚ ਤਲਿਆ, ਬਾਜ਼ਾਰ ਦਾ ਜਾਂ ਬਾਸੀ ਖਾਣਾ ਖਾਣ ਨਾਲ ਪੇਟ ਨਾਲ ਜੁੜੀਆਂ ਪ੍ਰੇਸ਼ਾਨੀਆਂ ਹੋਣਾ ਆਮ ਗੱਲ ਹੈ। ਜ਼ਿਆਦਾ ਗਰਮੀ ਦੇ ਨਾਲ ਜੇਕਰ ਹਾਈਜੀਨ ਦੀ ਅਣਦੇਖੀ ‘ਚ ਇਨਫ਼ੈਕਟਿਡ ਭੋਜਨ ਕੀਤਾ ਜਾਵੇ ਤਾਂ ਕਈ ਬੀਮਾਰੀਆਂ ਨੂੰ ਸੱਦਾ ਅਸੀਂ ਖੁਦ ਹੀ ਦੇ ਦਿੰਦੇ ਹਾਂ। ਅਜਿਹੀ ਹਾਲਤ ‘ਚ ਉਲਟੀ, ਐਸੀਡਿਟੀ, ਪੇਟ ‘ਚ ਜਲਨ, ਅਫ਼ਾਰਾ ਤੋਂ ਇਲਾਵਾ ਡਾਇਰੀਆ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਡਾਇਰੀਆ ਹੋਣ ‘ਤੇ ਉਲਟੀ ਤੇ ਦਸਤ ਹੋਣ ਲੱਗਦੇ ਹਨ, ਜਿਸ ਨਾਲ ਵਿਅਕਤੀ ਡੀਹਾਈਡ੍ਰੇਸ਼ਨ ਦਾ ਸ਼ਿਕਾਰ ਵੀ ਹੋ ਸਕਦਾ ਹੈ। ਜ਼ਰਾ ਜਿਹੀ ਲਾਪ੍ਰਵਾਹੀ ਰੋਗੀ ਲਈ ਜਾਨਲੇਵਾ ਸਾਬਤ ਹੋ ਸਕਦੀ ਹੈ। ਦਸਤ ਲੱਗਣ ਦੇ ਕਈ ਕਾਰਨ ਹੋ ਸਕਦੇ ਹਨ। ਦੂਸ਼ਿਤ ਵਾਤਾਵਰਣ, ਬਾਸੀ ਖਾਣਾ, ਗੰਦਾ ਪਾਣੀ ਤੇ ਖਾਣ-ਪੀਣ ‘ਚ ਲਾਪ੍ਰਵਾਹੀ। ਇਸ ਮੌਸਮ ‘ਚ ਜ਼ਰਾ ਜਿਹਾ ਪੇਟ ਦਰਦ ਹੋਣ ‘ਤੇ ਜੇਕਰ ਲਾਪ੍ਰਵਾਹੀ ਕੀਤੀ ਜਾਵੇ ਤਾਂ ਪ੍ਰੇਸ਼ਾਨੀ ਵਧ ਸਕਦੀ ਹੈ। ਇਸ ਤਰ੍ਹਾਂ ਦੇ ਇਨਫ਼ੈਕਸ਼ਨ ਤੋਂ ਖੁਦ ਨੂੰ ਬਚਾਉਣ ਲਈ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਕਿ ਤੁਸੀਂ ਪਰਿਵਾਰ ਅਤੇ ਆਪਣੇ ਆਪ ਨੂੰ ਮੌਸਮ ਦੀ ਮਾਰ ਤੋਂ ਬਚਾ ਕੇ ਰੱਖ ਸਕੋ।
– ਡਾਈਟ ਦਾ ਰੱਖੋ ਧਿਆਨ
1. ਚਾਵਲ ਦੇ ਪਾਣੀ ‘ਚ ਕਾਰਬੋਹਾਈਡ੍ਰੇਟ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ, ਜੋ ਡਾਇਰੀਆ ਹੋਣ ‘ਤੇ ਰੋਗੀ ਲਈ ਬਹੁਤ ਫ਼ਾਇਦੇਮੰਦ ਹਨ। ਜਦੋਂ ਵੀ ਦਸਤ ਲੱਗਣ ਤਾਂ ਚਾਵਲ ਦੇ ਪਾਣੀ ਦਾ ਸੇਵਨ ਕਰੋ।
2. ਦਸਤ ਲੱਗਣ ‘ਤੇ ਰੋਟੀ ਖਾਣ ਤੋਂ ਪ੍ਰਹੇਜ਼ ਕਰੋ। ਇਸ ਨਾਲ ਤਬੀਅਤ ਹੋਰ ਵੀ ਖਰਾਬ ਹੋ ਸਕਦੀ ਹੈ। ਮੂੰਗੀ ਦੀ ਦਾਲ ਨਾਲ ਬਣੀ ਖਿਚੜੀ ਖਾਣ ਨਾਲ ਜਲਦੀ ਆਰਾਮ ਮਿਲਦਾ ਹੈ।
3. ਦਸਤ ਹੋਣ ‘ਤੇ ਲੌਕੀ ਦੀ ਸਬਜ਼ੀ ਖਾਣਾ ਫ਼ਾਇਦੇਮੰਦ ਹੁੰਦਾ ਹੈ। ਇਸ ‘ਚ ਪੌਸ਼ਟਿਕ ਤੱਤ ਭਰਪੂਰ ਮਾਤਰਾ ‘ਚ ਹੁੰਦੇ ਹਨ ਅਤੇ ਇਹ ਪਚਣ ‘ਚ ਵੀ ਆਸਾਨ ਹੁੰਦੀ ਹੈ। ਇਸ ਨਾਲ ਸਰੀਰ ‘ਚ ਪਾਣੀ ਦੀ ਕਮੀ ਵੀ ਪੂਰੀ ਹੋ ਜਾਂਦੀ ਹੈ।
4. ਨਾਰੀਅਲ ਦਾ ਪਾਣੀ ਮਿਨਰਲਸ ਨਾਲ ਭਰਪੂਰ ਹੁੰਦਾ ਹੈ। ਇਸ ਦੀ ਤਾਸੀਰ ਵੀ ਠੰਡੀ ਹੁੰਦੀ ਹੈ। ਇਹ ਡੀਹਾਈਡ੍ਰੇਸ਼ਨ ਤੋਂ ਰਾਹਤ ਦਿਵਾਉਂਦਾ ਹੈ। ਘੱਟ ਦੁੱਧ ਤੇ ਘੱਟ ਪੱਤੀ ਵਾਲੀ ਹਰਬਲ ਚਾਹ ਦਸਤ ਦੇ ਰੋਗੀ ਲਈ ਬਹੁਤ ਫ਼ਾਇਦੇਮੰਦ ਹੈ।
5. ਇਸਬਗੋਲ ਦਾ ਸੇਵਨ ਕਰਨ ਨਾਲ ਦਸਤ ਜਲਦੀ ਠੀਕ ਹੋ ਜਾਂਦੇ ਹਨ। ਦਹੀਂ ਦੇ ਨਾਲ ਇਸਬਗੋਲ ਦਾ ਸੇਵਨ ਕਰਨ ਨਾਲ ਲਾਭ ਮਿਲਦਾ ਹੈ।
6. ਬੇਲ ਦਾ ਸ਼ਰਬਤ ਦਸਤ ਰੋਕਣ ‘ਚ ਫ਼ਾਇਦੇਮੰਦ ਹੈ। ਇਸ ਦੀ ਤਾਸੀਰ ਵੀ ਠੰਡੀ ਹੁੰਦੀ ਹੈ।
7. ਦਸਤ ਲੱਗਣ ‘ਤੇ ਦਹੀਂ ‘ਚ ਭੁੰਨਿਆ ਜੀਰਾ ਅਤੇ ਨਮਕ ਮਿਲਾ ਕੇ ਖਾਣ ਨਾਲ ਰੋਗੀ ਨੂੰ ਆਰਾਮ ਮਿਲਦਾ ਹੈ। ਦਹੀਂ ‘ਚ ਮੌਜੂਦ ਪ੍ਰੋਬਾਇਟਿਕ ਗੁਣ ਪੇਟ ਤੇ ਅੰਤੜੀਆਂ ‘ਚ ਮੌਜੂਦ ਬੈਕਟੀਰੀਆ ਦਾ ਸਫ਼ਾਇਆ ਕਰਦਾ ਹੈ।
– ਵਰਤੋ ਇਹ ਸਾਵਧਾਨੀਆਂ
1. ਗਰਮੀ ਦੇ ਮੌਸਮ ‘ਚ ਸਰਦੀ ਦੇ ਮੁਕਾਬਲੇ ਭੁੱਖ ਘੱਟ ਲੱਗਦੀ ਹੈ। ਜ਼ਿਆਦਾ ਦੇਰ ਤਕ ਭੁੱਖੇ ਰਹਿਣ ਜਾਂ ਜ਼ਿਆਦਾ ਖਾਣਾ ਖਾਣ ਨਾਲ ਦਸਤ ਹੋਣ ਦਾ ਡਰ ਰਹਿੰਦਾ ਹੈ। ਇੱਕ ਵਾਰ ‘ਚ ਪੇਟ ਭਰ ਕੇ ਖਾਣ ਦੀ ਬਜਾਏ ਥੋੜ੍ਹਾ-ਥੋੜ੍ਹਾ ਖਾਣਾ ਖਾਓ।
2. ਹਲਕਾ ਫ਼ੁਲਕਾ, ਘੱਟ ਮਸਾਲੇਦਾਰ ਤੇ ਤਾਜ਼ਾ ਖਾਣਾ ਖਾਣ ਨਾਲ ਪਾਚਣ ਕਿਰਿਆ ਚੰਗੀ ਰਹਿੰਦੀ ਹੈ। ਇਸ ਨਾਲ ਪੇਟ ਖਰਾਬ ਹੋਣ ਦਾ ਡਰ ਵੀ ਨਹੀਂ ਰਹਿੰਦਾ।
3. ਪਸੀਨਾ ਜ਼ਿਆਦਾ ਆਉਣ ਕਾਰਨ ਇਸ ਮੌਸਮ ‘ਚ ਪਾਣੀ ਦਾ ਭਰਪੂਰ ਸੇਵਨਾ ਕਰਨਾ ਬਹੁਤ ਜ਼ਰੂਰੀ ਹੈ। ਲੱਸੀ, ਗੁਲੂਕੋਜ਼, ਨਿੰਬੂ ਪਾਣੀ, ਤਾਜ਼ਾ ਜੂਸ ਤੇ ਨਾਰੀਅਲ ਦਾ ਪਾਣੀ ਬੈਸਟ ਹੈ।
4. ਮੌਸਮੀ ਫ਼ਲ ਤੇ ਸਬਜ਼ੀਆਂ ਜਿਵੇਂ ਤਰਬੂਜ਼, ਖਰਬੂਜ਼ਾ, ਖੀਰਾ, ਕਕੜੀ ਨੂੰ ਭੋਜਨ ‘ਚ ਜ਼ਰੂਰ ਸ਼ਾਮਲ ਕਰੋ। ਇਸ ਨਾਲ ਸਰੀਰ ‘ਚ ਪਾਣੀ ਦੀ ਕਮੀ ਪੂਰੀ ਹੋ ਜਾਂਦੀ ਹੈ।
5. ਤਲਿਆ ਹੋਇਆ ਖਾਣਾ, ਜ਼ਿਆਦਾ ਖੱਟੀਆਂ ਜਾਂ ਮਿੱਠੀਆਂ ਚੀਜ਼ਾਂ ਖਾਣ ਨਾਲ ਵੀ ਦਸਤ ਲੱਗਣ ਦਾ ਡਰ ਰਹਿੰਦਾ ਹੈ। ਇਨ੍ਹਾਂ ਚੀਜ਼ਾਂ ਤੋਂ ਪ੍ਰਹੇਜ਼ ਕਰੋ ਤਾਂ ਬਿਹਤਰ ਹੋਵੇਗਾ।















