ਸਚਿਨ ਵੀ ਮੈਦਾਨ ‘ਤੇ ਕਰਦੇ ਸਨ ਸਲੈਜਿੰਗ: ਮੈਕਗਰਾ

ਨਵੀਂ ਦਿੱਲੀਂ ਅਕਸਰ ਹੀ ਕ੍ਰਿਕਟ ਖਿਡਾਰੀਆਂ ਨੂੰ ਖੇਡ ਦੇ ਦੌਰਾਨ ਸਲੇਜਿੰਗ ਕਰਦੇ ਹੋਏ ਦੇਖਿਆ ਜਾਂਦਾ ਹੈ। ਇਸ ‘ਚ ਸਭ ਤੋਂ ਜ਼ਿਆਦਾ ਨਾਂ ਆਸਟਰੇਲੀਆਈ ਟੀਮ ਨੂੰ ਦਿੱਤਾ ਜਾਂਦਾ ਹੈ, ਪਰ ਆਸਟਰੇਲੀਆ ਦੇ ਸਭ ਤੋਂ ਤੇਜ਼ ਗੇਂਦਬਾਜ਼ਾਂ ‘ਚੋਂ ਇੱਕ ਗਲੇਨ ਮੈਕਗਰਾ ਨੇ ਟੀਮ ਇੰਡੀਆ ਦੇ ਸਾਬਕਾ ਦਿੱਗਜ ਖਿਡਾਰੀ ਸਚਿਨ ਤੇਂਦੁਲਕਰ ਨੂੰ ਲੈ ਕੇ ਇੱਕ ਖੁੱਲ੍ਹਾਸਾ ਕੀਤਾ ਹੈ।ਆਸਟਰੇਲੀਆ ਦੇ ਇਸ ਸਾਬਕਾ ਗੇਂਦਬਾਜ਼ ਨੇ ਇੱਕ ਪ੍ਰੋਗਰਾਮ ‘ਚ ਇਹ ਦਾਅਵਾ ਕੀਤਾ ਅਤੇ ਕਿਹਾ ਕਿ ਸਚਿਨ ਨੇ ਵੀ ਸਲੇਜਿੰਗ ਦਾ ਜਵਾਬ ਸਲੇਜਿੰਗ ‘ਚ ਦਿੱਤਾ। ਉਨ੍ਹਾਂ ਮੇਰੇ ਨਾਲ ਅਜਿਹਾ ਕੀਤਾ ਅਤੇ ਉਹ ਵੀ ਇੰਗਲਿਸ਼ ‘ਚ। ਇੱਕ ਆਸਟਰੇਲੀਆਈ ਨੂੰ ਹਾਰਿਆ ਹੋਇਆ ਅਤੇ ਧੋਖੇਬਾਜ਼ ਕਹਿਣ ਤੋਂ ਜ਼ਿਆਦਾ ਵੱਡਾ ਅਪਮਾਨ ਹੋਰ ਕੋਈ ਨਹੀਂ ਹੋ ਸਕਦਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹੋਰ ਭਾਰਤ ਖਿਡਾਰੀ ਵੀ ਅਜਿਹਾ ਕਰਦੇ ਸਨ। ਦੁਨੀਆ ਦੀਆਂ ਸਾਰੀਆਂ ਟੀਮਾਂ ਅਜਿਹਾ ਕਰਦੀਆਂ ਹਨ, ਪਰ ਜਦੋਂ ਆਸਟਰੇਲੀਆਈ ਖਿਡਾਰੀ ਕੁਝ ਕਰਦੇ ਹਨ, ਤਾਂ ਦੂਜੇ ਖਿਡਾਰੀ ਸ਼ਿਕਾਇਤ ਕਰਨ ਪਹੁੰਚ ਜਾਂਦੇ ਹਨ। ਅਸੀਂ ਕ੍ਰਿਕਟ ਜਨੂੰਨ ਦੇ ਨਾਲ ਖੇਡਦੇ ਹਾਂ। ਅਸੀਂ ਮੈਦਾਨ ‘ਤੇ ਕੁਝ ਕਹਿ ਦਿੰਦੇ ਹਾਂ, ਪਰ ਬਾਹਰ ਨਿਕਲਦੇ ਹੀ ਸਭ ਭੁੱਲ ਜਾਂਦੇ ਹਾਂ। ਇਹ ਆਸਟਰੇਲੀਅਨ ਕਲਚਰ (ਸੱਭਿਆਚਾਰ) ਦਾ ਹਿੱਸਾ ਹੈ। ਸਾਬਕਾ ਆਸਟਰੇਲੀਅਨ ਕਪਤਾਨ ਸਟੀਵ ਵਾ ਇਸ ਨੂੰ ਖੇਡ ਜਿੱਤਣ ਦੀ ਕਲਾ ਮੰਨਦੇ ਸਨ। ਮੈਕਗਰਾ ਨੇ ਕਿਹਾ ਕਿ ਮੈਂ ਇੱਕ ਵਾਰ ਕੁਮੈਂਟਰੀ ਦੇ ਦੌਰਾਨ ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਤੋਂ ਪੁੱਛ ਲਿਆ ਸੀ ਕਿ ਕੀ ਆਸਟਰੇਲੀਅਨ ਟੀਮ ਸਭ ਤੋਂ ਜ਼ਿਆਦਾ ਸਲੇਜਿੰਗ ਕਰਦੀ ਹੈ। ਉਨ੍ਹਾਂ ਇਸ ਤੋਂ ਇਨਕਾਰ ਕੀਤਾ ਸੀ। ਉਨ੍ਹਾਂ ਨੇ ਸ਼੍ਰੀਲੰਕਾ ਟੀਮ ਨੂੰ ਇਸ ਮਾਮਲੇ ‘ਚ ਸਭ ਤੋਂ ਜ਼ਿਆਦਾ ਖਰਾਬ ਦੱਸਿਆ ਸੀ। ਪਰ ਸ਼੍ਰੀਲੰਕਾਈ ਸਾਡੀ ਤਰ੍ਹਾਂ ਫ਼ੜੇ ਨਹੀਂ ਜਾਂਦੇ। ਹਾਲਾਂਕਿ ਉਨ੍ਹਾਂ ਸਚਿਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਚਿਨ ਨੂੰ ਆਊਟ ਕਰਨਾ ਬਹੁਤ ਔਖਾ ਹੁੰਦਾ ਸੀ। ਉਹ ਕ੍ਰੀਜ਼ ‘ਤੇ ਡਟ ਜਾਂਦੇ ਸਨ। ਸਚਿਨ ਤੋਂ ਇਲਾਵਾ ਵੈਸਟ ਇੰਡੀਜ਼ ਦੇ ਬ੍ਰਾਇਨ ਲਾਰਾ ਨੂੰ ਗੇਂਦਬਾਜ਼ੀ ਕਰਨ ‘ਚ ਮੈਨੂੰ ਮੁਸ਼ਕਲ ਆਉਂਦੀ ਸੀ। ਉਹ ਮੇਰੀ ਚੰਗੀ ਗੇਂਦ ਨੂੰ ਵੀ ਬਾਊਂਡਰੀ ਦੇ ਪਾਰ ਭੇਜ ਦਿੰਦੇ ਸਨ।