ਪੁਣੇ: ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਇੰਗਲੈਂਡ ਦੇ ਖਿਲਾਫ ਪਹਿਲੇ ਵਨਡੇ ‘ਚ ਇਤਿਹਾਸਕ ਜਿੱਤ ਦੇ ਨਾਲ ਸਚਿਨ ਤੇਂਦੁਲਕਰ ਦੇ ਵੱਡੇ ਰਿਕਾਰਡ ਨੂੰ ਤੋੜ ਦਿੱਤਾ ਹੈ। ਕੋਹਲੀ ਨੇ ਸਭ ਤੋਂ ਘੱਟ ਪਾਰੀਆਂ ‘ਚ 27 ਸੈਂਕੜੇ ਜੜਨ ਦੇ ਮਾਮਲੇ ‘ਚ ਤੇਂਦੁਲਕਰ ਦੇ ਰਿਕਾਰਡ ਨੂੰ ਤੋੜਿਆ ਹੈ। ਉਨ੍ਹਾਂ ਇੰਗਲੈਂਡ ਦੇ ਖਿਲਾਫ ਪਹਿਲੇ ਵਨਡੇ ‘ਚ 105 ਗੇਂਦਾਂ ‘ਚ 8 ਚੌਕਿਆਂ ਅਤੇ 5 ਛੱਕਿਆਂ ਦੀ ਮਦਦ ਨਾਲ 120 ਦੌੜਾਂ ਦੀ ਪਾਰੀ ਖੇਡੀ। ਕੋਹਲੀ ਨੇ ਆਪਣੀ 169ਵੀਂ ਪਾਰੀ ‘ਚ 27ਵਾਂ ਵਨਡੇ ਸੈਂਕੜਾ ਪੂਰਾ ਕੀਤਾ ਹੈ।
ਕੋਹਲੀ ਤੋਂ ਇਲਾਵਾ ਇੱਥੋਂ ਤੱਕ ਪਹੁੰਚਣ ਦੇ ਲਈ ਸਚਿਨ ਤੇਂਦੁਲਕਰ ਨੇ 254, ਆਸਟਰੇਲੀਆ ਦੇ ਰਿਕੀ ਪੋਂਟਿੰਗ ਨੇ 308 ਅਤੇ ਸ਼੍ਰੀਲੰਕਾ ਦੇ ਸਨਥ ਜੈਸੂਰਯਾ ਨੇ 404 ਪਾਰੀਆਂ ਖੇਡੀਆਂ ਸਨ। ਨਾਲ ਹੀ ਵਨਡੇ ਕ੍ਰਿਕਟ ‘ਚ ਟੀਚੇ ਦਾ ਪਿੱਛਾ ਕਰਕੇ ਜਿੱਤ ਦਿਵਾਉਣ ‘ਚ ਇਹ ਕੋਹਲੀ ਦੀ 15ਵੀਂ ਸੈਂਚੁਰੀ ਹੈ। ਉਨ੍ਹਾਂ ਇਹ ਕਮਾਲ 59 ਪਾਰੀਆਂ ‘ਚ ਕੀਤਾ ਹੈ। ਤੇਂਦੁਲਕਰ ਨੇ ਟੀਚੇ ਦਾ ਪਿੱਛਾ ਕਰਦੇ ਹੋਏ 124 ਪਾਰੀਆਂ ‘ਚ 14 ਸੈਂਕੜੇ ਬਣਾਏ ਸਨ। ਇਸ ਲਿਸਟ ‘ਚ ਤੀਜੇ ਨੰਬਰ ‘ਤੇ ਪਾਕਿਸਤਾਨ ਦੇ ਸਾਬਕਾ ਸਲਾਮੀ ਬੱਲੇਬਾਜ਼ ਸਈਦ ਅਨਵਰ ਹਨ। ਅਨਵਰ ਨੇ 59 ਪਾਰੀਆਂ ‘ਚ ਟੀਚੇ ਦਾ ਪਿੱਛਾ ਕਰਦੇ ਹੋਏ 9 ਸੈਂਕੜੇ ਜੜੇ ਅਤੇ ਆਪਣੀ ਟੀਮ ਨੂੰ ਜਿੱਤ ਦਿਵਾਈ ਹੈ।












