ਨਵੀਂ ਦਿੱਲੀਂ ਸੱਟਾਂ ਤੋਂ ਪਰੇਸ਼ਾਨ ਭਾਰਤ ਦੇ ਸਟਾਰ ਸਿੰਗਲ ਖਿਡਾਰੀ ਸੋਮਦੇਵ ਦੇਵਵਰਮਨ ਨੇ ਅੱਜ ਪੇਸ਼ੇਵਰ ਟੈਨਿਸ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਸੋਮਦੇਵ ਨੇ ਆਪਣੇ ਟਵਿੱਟਰ ਪੇਜ ‘ਤੇ ਲਿਖਿਆ, ”2017 ਦੀ ਸ਼ੁਰੂਆਤ ਨਵੇਂ ਤਰੀਕੇ ਨਾਲ ਪੇਸ਼ੇਵਰ ਟੈਨਿਸ ਤੋਂ ਸੰਨਿਆਸ ਲੈ ਕੇ ਕਰ ਰਿਹਾ ਹਾਂ। ਸਾਰਿਆਂ ਦਾ ਇੰਨੇ ਸਾਲਾਂ ਤੱਕ ਮੇਰਾ ਸਮਰਥਨ ਕਰਨ ਅਤੇ ਪਿਆਰ ਦੇਣ ਦੇ ਲਈ ਧੰਨਵਾਦ।” ਇਸ 31 ਸਾਲਾ ਖਿਡਾਰੀ ਦਾ ਕਰੀਅਰ 2012 ‘ਚ ਮੋਢੇ ‘ਚ ਵਾਰ-ਵਾਰ ਵਾਪਸੀ ਕਰਨ ਵਾਲੀ ਸੱਟ ਕਾਰਨ ਰੁਕ ਗਿਆ। ਉਹ ਵਾਪਸੀ ਕਰਨ ਦੇ ਲਈ ਸੱਟ ਤੋਂ ਉਭਰ ਰਹੇ ਹਨ ਪਰ ਪਿਛਲੇ ਕੁਝ ਸਮੇਂ ਤੋਂ ਬਿਨਾ ਕਿਸੇ ਕਾਰਨ ਦੇ ਟੈਨਿਸ ਤੋਂ ਦੂਰ ਰਹੇ। ਅਜਿਹੀਆਂ ਵੀ ਅਟਕਲਾਂ ਹਨ ਕਿ ਉਹ ਕੋਚਿੰਗ ਦੀ ਜ਼ਿੰਮੇਵਾਰੀ ਲੈ ਸਕਦੇ ਹਨ। ਸੋਮਦੇਵ ਨੇ ਜਦੋਂ 2008 ‘ਚ ਟੈਨਿਸ ਖੇਡਣਾ ਸ਼ੁਰੂ ਕੀਤਾ ਉਦੋਂ ਤੋਂ ਉਹ ਭਾਰਤੀ ਦੇ ਸਟਾਰ ਸਿੰਗਲ ਖਿਡਾਰੀ ਸਨ। ਭਾਰਤ ਦੀ ਡੇਵਿਸ ਕੱਪ ਟੀਮ ਦੇ ਰੈਗੁਲਰ ਮੈਂਬਰ ਸੋਮਦੇਵ 14 ਮੁਕਾਬਲੇ ਖੇਡ ਚੁੱਕੇ ਹਨ ਅਤੇ 2010 ‘ਚ ਭਾਰਤ ਨੂੰ ਵਿਸ਼ਵ ਗਰੁੱਪ ‘ਚ ਪਹੁੰਚਾਉਣ ‘ਚ ਉਨ੍ਹਾਂ ਨੇ ਅਹਿਮ ਭੂਮਿਕਾ ਅਦਾ ਕੀਤੀ ਸੀ। ਸੋਮਦੇਵ ਦੋ ਏ.ਟੀ.ਪੀ. 2009 ਚੇਨਈ ਓਪਨ ‘ਚ ਬਤੌਰ ਵਾਈਲਡਕਾਰਡ ਅਤੇ 2011 ‘ਚ ਦੱਖਣੀ ਅਫ਼ਰੀਕਾ ਓਪਨ ਦੇ ਫ਼ਾਈਨਲ ‘ਚ ਪਹੁੰਚੇ ਸਨ। ਉਹ ਚੀਨ ਦੇ ਗਵਾਂਗਝੂ ‘ਚ ਹੋਏ 2010 ਏਸ਼ੀਆਈ ਖੇਡਾਂ ਦੇ ਸਿੰਗਲ ਅਤੇ ਡਬਲਜ਼ ਤਮਗਾਧਾਰੀ ਹਨ। ਸਾਲ 2008 ‘ਚ ਐੱਨ.ਸੀ.ਸੀ.ਏ. ਪੁਰਸ਼ ਟੈਨਿਸ ਚੈਂਪੀਅਨਸ਼ਿਪ ‘ਚ ਬਣਾਇਆ ਗਿਆ ਉਨ੍ਹਾਂ ਦਾ ਜਿੱਤ-ਹਾਰ ਦਾ 44-1 ਦਾ ਰਿਕਾਰਡ ਅਜੇ ਤੱਕ ਕਾਇਮ ਹੈ। ਉਨ੍ਹਾਂ ਨੂੰ 2011 ‘ਚ ਦੇਸ਼ ਦੇ ਸਭ ਤੋਂ ਉੱਚ ਪੁਰਸਕਾਰ ਸਨਮਾਨ ਅਰਜੁਨ ਪੁਰਸਕਾਰ ਨਾਲ ਵੀ ਨਵਾਜ਼ਿਆ ਗਿਆ ਸੀ।












