ਪੀਐੱਮ ਮੋਦੀ 8 ਦਸੰਬਰ ਨੂੰ ਪੰਜਾਬ ’ਚ ਰਾਜਗ ਦੀ ਪਹਿਲੀ ਰੈਲੀ ਕਰਨਗੇ : ਮਨਜਿੰਦਰ ਸਿੰਘ ਸਿਰਸਾ

ਨਵੀਂ ਦਿੱਲੀ : ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ (ਸ਼੍ਰੋ. ਅ. ਦ.) ਵਿਚਾਲੇ ਮੁੜ ਗੱਠਜੋੜ ਹੋਣ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣ ਸੂਬੇ ਪੰਜਾਬ ’ਚ 8 ਦਸੰਬਰ ਨੂੰ ਰਾਜਗ ਦੀ ਪਹਿਲੀ ਰੈਲੀ ਨੂੰ ਸੰਬੋਧਨ ਕਰਨਗੇ। ਦਿੱਲੀ ਭਾਜਪਾ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਮਿਲ ਕੇ ਮੋਗਾ ’ਚ ਇਕ ਵੱਡੀ ਰੈਲੀ ਕਰਵਾਉਣਗੇ। ਇਹ ਰੈਲੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ’ਤੇ ਹੋਵੇਗੀ।
ਸਿਰਸਾ ਨੇ ਕਿਹਾ,‘‘ਪ੍ਰਧਾਨ ਮੰਤਰੀ 8 ਦਸੰਬਰ ਨੂੰ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ਮੌਕੇ ਮੋਗਾ ਪਹੁੰਚਣਗੇ।’’ ਭਾਜਪਾ ਆਗੂ ਨੇ ਇੱਥੇ ਪਾਰਟੀ ਮੁੱਖ ਦਫਤਰ ਵਿਖੇ ਗੱਲਬਾਤ ਕਰਦਿਆਂ ਕਿਹਾ, ‘‘(ਗੱਠਜੋੜ ਦੇ ਐਲਾਨ ਮਗਰੋਂ) ਇਹ ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ (ਰਾਜਗ) ਦੀ ਪਹਿਲੀ ਰੈਲੀ ਹੋਵੇਗੀ, ਜਿਸ ਨੂੰ ਪ੍ਰਧਾਨ ਮੰਤਰੀ ਮੋਦੀ ਸੰਬੋਧਨ ਕਰਨਗੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੀ ਇਸ ਰੈਲੀ ਨੂੰ ਸੰਬੋਧਨ ਕਰਨਗੇ।’’ ਸਿਰਸਾ ਨੇ ਕਿਹਾ ਕਿ ਇਹ ਰੈਲੀ ਇਤਿਹਾਸਕ ਹੋਵੇਗੀ, ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੇ ਮਗਰੋਂ ਦੋਵਾਂ ਪਾਰਟੀਆਂ ਵੱਲੋਂ ਮਿਲ ਕੇ ਕਰਵਾਇਆ ਜਾਣ ਵਾਲਾ ਇਹ ਪਹਿਲਾ ਸਮਾਗਮ ਹੋਵੇਗਾ।