ਨੈਸ਼ਨਲ ਡੈਸਕ- ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐੱਸ.ਐੱਸ.) ਦੇ ਮੁਖੀ ਮੋਹਨ ਭਾਗਵਤ ਨੇ ਬੁੱਧਵਾਰ ਨੂੰ ਕਿਹਾ ਕਿ ਦੁਨੀਆ ਦੀ ਕੋਈ ਵੀ ਤਾਕਤ ਨਹੀਂ ਚਾਹੁੰਦੀ ਕਿ ਭਾਰਤ ਤਰੱਕੀ ਕਰੇ ਕਿਉਂਕਿ ਆਲਮੀ ਤਾਕਤਾਂ ‘ਸਰਵਾਈਵਲ ਆਫ਼ ਦਿ ਫਿੱਟੇਸਟ’ ਦੇ ਸਿਧਾਂਤ ਵਿਚ ਵਿਸ਼ਵਾਸ ਰੱਖਦੀਆਂ ਹਨ। ਭਾਗਵਤ ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ ਵਿਚ 5ਵੇਂ ਪਦਮ ਮਹਾਉਤਸਵ ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ।
ਸੰਘ ਮੁਖੀ ਨੇ ਕਿਹਾ ਕਿ ਦੁਨੀਆ ਅੱਜ ਇਕ ਅਜੀਬ ਸਥਿਤੀ ਵਿਚੋਂ ਲੰਘ ਰਹੀ ਹੈ। ਉਨ੍ਹਾਂ ਕਿਹਾ ਕਿ ਦੁਨੀਆ ਦੀ ਕੋਈ ਵੀ ਤਾਕਤ ਨਹੀਂ ਚਾਹੁੰਦੀ ਕਿ ਭਾਰਤ ਅੱਗੇ ਵਧੇ ਕਿਉਂਕਿ ਉਹ ਸਿਰਫ਼ ਆਪਣਾ ਦਬਦਬਾ ਕਾਇਮ ਕਰਨਾ ਚਾਹੁੰਦੀਆਂ ਹਨ। ਉਹ ਸਾਰਿਆਂ ਨੂੰ ਦਬਾਅ ਹੇਠ ਰੱਖਣਾ ਚਾਹੁੰਦੀਆਂ ਹਨ। ਜੇ ਭਾਰਤ ਤਰੱਕੀ ਕਰਦਾ ਹੈ, ਤਾਂ ਇਨ੍ਹਾਂ ਤਾਕਤਵਰ ਲੋਕਾਂ ਦੀਆਂ ‘ਦੁਕਾਨਾਂ’ ਬੰਦ ਹੋ ਜਾਣਗੀਆਂ ਕਿਉਂਕਿ ਭਾਰਤ ਸਾਰਿਆਂ ਦੀ ਮਦਦ ਕਰਨਾ ਚਾਹੁੰਦਾ ਹੈ।
ਭਾਗਵਤ ਨੇ ਉਨ੍ਹਾਂ ਦੇਸ਼ਾਂ ਦਾ ਜ਼ਿਕਰ ਕੀਤਾ, ਜਿਨ੍ਹਾਂ ਦੀ ਭਾਰਤ ਨੇ ਮੁਸ਼ਕਲ ਸਮੇਂ ਵਿਚ ਮਦਦ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਆਪਣੇ ਗੁਆਂਢੀ ਦੇਸ਼ਾਂ ਦੀ ਲੋੜ ਵੇਲੇ ਉਨ੍ਹਾਂ ਦੀ ਮਦਦ ਕਰਦਾ ਹੈ, ਭਾਵੇਂ ਉਹ ਉਸ ਨਾਲ ਨਫ਼ਰਤ ਕਰਦੇ ਹੋਣ। ਜਦੋਂ ਮਾਲਦੀਵ ਸੰਕਟ ਵਿਚ ਸੀ, ਉਦੋਂ ਭਾਰਤ ਨੇ ਉੱਥੇ ਪਾਣੀ ਪਹੁੰਚਾਇਆ। ਆਰਥਿਕ ਸੰਕਟ ਨਾਲ ਜੂਝ ਰਹੇ ਸ਼੍ਰੀਲੰਕਾ ਨੂੰ ਭਾਰਤ ਨੇ ਵਿੱਤੀ ਸਹਾਇਤਾ ਦਿੱਤੀ। ਨੇਪਾਲ ਵਿਚ ਵਾਤਾਵਰਣ ਸਬੰਧੀ ਸਮੱਸਿਆਵਾਂ ਆਉਣ ’ਤੇ ਭਾਰਤ ਉਸ ਦੀ ਮਦਦ ਕਰਦਾ ਹੈ ਅਤੇ ਬੰਗਲਾਦੇਸ਼ ਨੂੰ ਵੀ ਸਹਾਇਤਾ ਦਿੰਦਾ ਹੈ। ਅਸੀਂ ਹੜ੍ਹਾਂ ਅਤੇ ਭੂਚਾਲ ਦੌਰਾਨ ਪਾਕਿਸਤਾਨ ਦੀ ਵੀ ਮਦਦ ਕੀਤੀ ਹੈ।
ਨੌਜਵਾਨ ਪੀੜ੍ਹੀ ਗ਼ੁਲਾਮੀ ਦੀ ਮਾਨਸਿਕਤਾ ਤੋਂ ਮੁਕਤ
ਮੋਹਨ ਭਾਗਵਤ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਗ਼ੁਲਾਮੀ ਦੀ ਮਾਨਸਿਕਤਾ ਤੋਂ ਮੁਕਤ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਸੱਚੀ ਗੱਲ ਕਹਿੰਦਾ ਹੈ ਤਾਂ ਨੌਜਵਾਨ ਉਸ ਦੇ ਨਾਲ ਖੜ੍ਹੇ ਹੋਣ ਲਈ ਤਿਆਰ ਰਹਿੰਦੇ ਹਨ। ਉਹ ਝੂਠ ਨਾਲ ਨਫ਼ਰਤ ਕਰਦੇ ਹਨ ਅਤੇ ਆਪਣੇ ਦੇਸ਼ ਨੂੰ ਮਹਾਨ ਬਣਾਉਣਾ ਚਾਹੁੰਦੇ ਹਨ। ਨੌਜਵਾਨ ਹਰ ਖੇਤਰ ਵਿਚ ਇਸੇ ਤਰ੍ਹਾਂ ਸੋਚ ਰਹੇ ਹਨ।















