ਬੰਗਲਾਦੇਸ਼ ‘ਚ ਮੁੜ ਭੜਕੀ ਹਿੰਸਾ: ਸ਼ੇਖ ਹਸੀਨਾ ਦੇ ਗ੍ਰਹਿ ਜ਼ਿਲ੍ਹੇ ‘ਚ ਰੈਲੀ ਦੌਰਾਨ ਚੱਲੇ ਦੇਸੀ ਬੰਬ, 30 ਵਰਕਰ ਜ਼ਖਮੀ

ਢਾਕਾ/ਗੋਪਾਲਗੰਜ : ਬੰਗਲਾਦੇਸ਼ ਵਿੱਚ ਇੱਕ ਵਾਰ ਫਿਰ ਹਿੰਸਾ ਭੜਕ ਉੱਠੀ ਹੈ। ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਗ੍ਰਹਿ ਜ਼ਿਲ੍ਹੇ (ਗੋਪਾਲਗੰਜ) ਵਿੱਚ ਉਨ੍ਹਾਂ ਦੀ ਪਾਰਟੀ ‘ਅਵਾਮੀ ਲੀਗ’ ਦੇ ਕਾਰਕੁਨਾਂ ‘ਤੇ ਹਿੰਸਕ ਹਮਲਾ ਕੀਤਾ ਗਿਆ, ਜਿਸ ਵਿੱਚ 30 ਵਰਕਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।
ਰੈਲੀ ਦੌਰਾਨ ਸੁੱਟੇ ਗਏ ਦੇਸੀ ਬੰਬ, ਦੁਕਾਨਾਂ ਨੂੰ ਲਗਾਈ ਅੱਗ
ਮਿਲੀ ਜਾਣਕਾਰੀ ਮੁਤਾਬਕ, ਅਵਾਮੀ ਲੀਗ ਦੇ ਵਰਕਰ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਸਮਰਥਨ ਵਿੱਚ ਰੈਲੀ ਕੱਢ ਰਹੇ ਸਨ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ‘ਤੇ ਦੇਸੀ ਬੰਬ ਸੁੱਟੇ ਗਏ। ਇਹ ਹੰਗਾਮਾ ਉਸ ਸਮੇਂ ਸ਼ੁਰੂ ਹੋਇਆ ਜਦੋਂ ਲਾਂਚ ਘਾਟ ਇਲਾਕੇ ਤੋਂ ਅਵਾਮੀ ਲੀਗ ਦਾ ਇੱਕ ਜੁਲੂਸ ਨਿਕਲਿਆ। ਹਿੰਸਾ ਦੌਰਾਨ ਗੋਪਾਲਗੰਜ ਦੇ ਕੋਤਾਲੀਪਾੜਾ ਖੇਤਰ ਵਿੱਚ ਕਈ ਘਰਾਂ ਅਤੇ 12 ਦੁਕਾਨਾਂ ਵਿੱਚ ਭੰਨਤੋੜ ਕੀਤੀ ਗਈ ਅਤੇ ਉਨ੍ਹਾਂ ਨੂੰ ਅੱਗ ਲਗਾ ਦਿੱਤੀ ਗਈ। ਕ੍ਰਿਕਟ ਸਟੇਡੀਅਮ ਨੇੜੇ ਸਥਿਤ ਫੁੱਲਾਂ ਦੀਆਂ ਦੁਕਾਨਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ।
ਸ਼ੇਖ ਹਸੀਨਾ ਦੀ ਵਾਪਸੀ ਦੇ ਐਲਾਨ ਤੋਂ ਬਾਅਦ ਵਧਿਆ ਤਣਾਅ
ਇਹ ਹਮਲਾ ਉਸ ਸਮੇਂ ਹੋਇਆ ਹੈ ਜਦੋਂ ਸ਼ੇਖ ਹਸੀਨਾ ਨੇ ਬੰਗਲਾਦੇਸ਼ ਵਾਪਸ ਪਰਤਣ ਦਾ ਐਲਾਨ ਕੀਤਾ ਹੈ। ਉਨ੍ਹਾਂ ਵੱਲੋਂ ਵਾਪਸੀ ਦੇ ਐਲਾਨ ਤੋਂ ਬਾਅਦ ਹੀ ਬੰਗਲਾਦੇਸ਼ ਵਿੱਚ ਅਵਾਮੀ ਲੀਗ ਦੇ ਮੈਂਬਰਾਂ ‘ਤੇ ਹਮਲਿਆਂ ਦੀਆਂ ਘਟਨਾਵਾਂ ਵਧ ਗਈਆਂ ਹਨ। ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਵਿੱਚ ਅਵਾਮੀ ਲੀਗ ਅਤੇ ਉਸ ਦੀਆਂ ਗਤੀਵਿਧੀਆਂ ‘ਤੇ ਪਹਿਲਾਂ ਹੀ ਪਾਬੰਦੀ ਲਗਾਈ ਜਾ ਚੁੱਕੀ ਹੈ। ਇਸ ਦੇ ਬਾਵਜੂਦ ਅਵਾਮੀ ਲੀਗ ਦੇ ਸਮਰਥਕ ਆਪਣੀ ਜ਼ਮੀਨੀ ਤਾਕਤ ਦਿਖਾਉਣ ਲਈ ਸੜਕਾਂ ‘ਤੇ ਉਤਰ ਕੇ ਰੈਲੀਆਂ ਕਰ ਰਹੇ ਹਨ।
ਸੈਂਕੜੇ ਗ੍ਰਿਫ਼ਤਾਰ, ਮਸਜਿਦ ਦੇ ਲਾਊਡਸਪੀਕਰ ਤੋਂ ਬਾਅਦ ਪ੍ਰਦਰਸ਼ਨ
ਗੋਪਾਲਗੰਜ ਤੋਂ ਸਾਹਮਣੇ ਆਈ ਇੱਕ ਵੀਡੀਓ ਵਿੱਚ ਮਸਜਿਦ ਦੇ ਲਾਊਡਸਪੀਕਰ ਵੱਜਣ ਤੋਂ ਬਾਅਦ ਲੋਕ ਸੜਕਾਂ ‘ਤੇ ਉਤਰਦੇ ਅਤੇ ਬਾਰਡਰ ਗਾਰਡ ਬੰਗਲਾਦੇਸ਼ (BGB) ਦਾ ਵਿਰੋਧ ਕਰਦੇ ਦਿਖਾਈ ਦਿੱਤੇ। ਦੂਜੇ ਪਾਸੇ, ਪੁਲਸ ਨੇ ਕਾਰਵਾਈ ਤੇਜ਼ ਕਰਦਿਆਂ ਸੈਂਕੜੇ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਗਾਜ਼ੀਪੁਰ ਦੇ ਟੋਂਗੀ ਇਲਾਕੇ ਤੋਂ ਅਵਾਮੀ ਲੀਗ ਦੀ ਸਾਬਕਾ ਵਿਦਿਆਰਥੀ ਨੇਤਾ ਤਾਨੀਆ ਅਖ਼ਤਰ ਤਪੋਸ਼ੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਭਾਰਤ ਵਿਰੁੱਧ ਉਗਲਿਆ ਜ਼ਹਿਰ
ਇਸ ਹਿੰਸਾ ਦੇ ਵਿਚਕਾਰ, ਨੈਸ਼ਨਲ ਸਿਟੀਜ਼ਨ ਪਾਰਟੀ (NCP) ਦੇ ਸੰਯੋਜਕ ਨਾਹਿਦ ਇਸਲਾਮ ਨੇ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਨਾਲ ਮੁਲਾਕਾਤ ਕਰਨ ਤੋਂ ਬਾਅਦ ਭਾਰਤ ਵਿਰੁੱਧ ਭੜਕਾਊ ਬਿਆਨਬਾਜ਼ੀ ਕੀਤੀ। ਉਸ ਨੇ ‘ਭਾਰਤੀ ਪ੍ਰਭਾਵ’ ਦਾ ਮੁਕਾਬਲਾ ਕਰਨ ਲਈ ਰਾਜਨੀਤਿਕ ਇੱਕਜੁੱਟਤਾ ਦਾ ਸੱਦਾ ਦਿੱਤਾ ਹੈ।