ਚੰਡੀਗੜ੍ਹ : ਨਿਗਮ ਚੋਣਾਂ ਦੇ ਐਲਾਨ ਦੇ ਨਾਲ ਹੀ ਭਾਜਪਾ ਨੇ ਜ਼ਮੀਨੀ ਪੱਧਰ ਦੇ ਨਾਲ-ਨਾਲ ਸੋਸ਼ਲ ਮੀਡੀਆ ’ਤੇ ਵੀ ਚੋਣ ਪ੍ਰਚਾਰ ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਇਸੇ ਤਹਿਤ ਸ਼ੁੱਕਰਵਾਰ ਨੂੰ ਭਾਜਪਾ ਦੇ ਚੰਡੀਗੜ੍ਹ ਸਥਿਤ ਦਫ਼ਤਰ ‘ਕਮਲਮ’ ਵਿਖੇ ਪਾਰਟੀ ਦੇ ਸੋਸ਼ਲ ਮੀਡੀਆ ਵਿਭਾਗ ਵੱਲੋਂ ‘ਸੋਸ਼ਲ ਮੀਡੀਆ ਸੰਵਾਦ’ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਨਿਗਮ ਚੋਣਾਂ ਦੇ ਮੱਦੇਨਜ਼ਰ ਡਿਜੀਟਲ ਪ੍ਰਚਾਰ, ਸਥਾਨਕ ਮੁੱਦਿਆਂ ਨੂੰ ਲੋਕਾਂ ਤੱਕ ਪਹੁੰਚਾਉਣ ਤੇ ਸੋਸ਼ਲ ਮੀਡੀਆ ਦੀ ਪ੍ਰਭਾਵਸ਼ਾਲੀ ਵਰਤੋਂ ਸਬੰਧੀ ਰਣਨੀਤੀ ’ਤੇ ਚਰਚਾ ਕੀਤੀ ਗਈ।
ਭਾਜਪਾ ਦੇ ਕੌਮੀ ਸੋਸ਼ਲ ਮੀਡੀਆ ਕਨਵੀਨਰ ਦੀਪਕ ਮਸਕੇ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੌਜੂਦਾ ਦੌਰ ’ਚ ਸੋਸ਼ਲ ਮੀਡੀਆ ਲੋਕਾਂ ਤੱਕ ਪਹੁੰਚ ਬਣਾਉਣ ਦਾ ਅਹਿਮ ਮਾਧਿਅਮ ਬਣ ਚੁੱਕਾ ਹੈ। ਇਹ ਸਿਰਫ਼ ਪੋਸਟਾਂ ਤੇ ਵੀਡੀਓ ਸਾਂਝੀਆਂ ਕਰਨ ਤੱਕ ਸੀਮਤ ਨਹੀਂ ਹੈ, ਸਗੋਂ ਲੋਕਾਂ ਨਾਲ ਸਿੱਧਾ ਸੰਵਾਦ ਕਰਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਜਾਣਨ ਦਾ ਵੀ ਸਾਧਨ ਹੈ।
ਰੀਲਜ਼, ਗ੍ਰਾਫਿਕਸ ਤੇ ਹੈਸ਼ਟੈਗ ਰਾਹੀਂ ਹੋਵੇਗਾ ਡਿਜੀਟਲ ਪ੍ਰਚਾਰ
ਭਾਜਪਾ ਦੇ ਕੌਮੀ ਸੋਸ਼ਲ ਮੀਡੀਆ ਕੋ-ਕਨਵੀਨਰ ਅਰੁਣ ਯਾਦਵ ਨੇ ਵਰਕਰਾਂ ਨੂੰ ਡਿਜੀਟਲ ਪ੍ਰਚਾਰ ਦੀਆਂ ਤਕਨੀਕੀ ਬਾਰੀਕੀਆਂ ਬਾਰੇ ਜਾਣੂੰ ਕਰਵਾਇਆ। ਉਨ੍ਹਾਂ ਪੋਸਟਾਂ, ਗ੍ਰਾਫਿਕਸ, ਵੀਡੀਓ, ਰੀਲਜ਼, ਕੈਪਸ਼ਨ ਅਤੇ ਹੈਸ਼ਟੈਗ ਦੀ ਪ੍ਰਭਾਵਸ਼ਾਲੀ ਵਰਤੋਂ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਲਈ ਸਮੱਗਰੀ ਤਿਆਰ ਕਰਦਿਆਂ ਭਾਸ਼ਾ, ਵਿਸ਼ੇ ਅਤੇ ਪੇਸ਼ਕਾਰੀ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਵਰਕਰਾਂ ਨੂੰ ਬਦਲਦੇ ਡਿਜੀਟਲ ਰੁਝਾਨਾਂ ਮੁਤਾਬਕ ਕੰਮ ਕਰਨ ਤੇ ਸਮੇਂ ਸਿਰ ਜਾਣਕਾਰੀ ਸਾਂਝੀ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਚੰਡੀਗੜ੍ਹ ਭਾਜਪਾ ਦੇ ਇੰਚਾਰਜ ਮਹਿੰਦਰ ਪਾਂਡੇ, ਪ੍ਰਦੇਸ਼ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ, ਸੋਸ਼ਲ ਮੀਡੀਆ ਇੰਚਾਰਜ ਦੀਪਕ ਮਲਹੋਤਰਾ, ਕਨਵੀਨਰ ਮਹਿੰਦਰ ਕੁਮਾਰ ਨਿਰਾਲਾ ਤੇ ਆਈ.ਟੀ. ਸੈੱਲ ਦੇ ਕਨਵੀਨਰ ਸ਼ਿਵੇਂਦਰ ਮੰਡੋਤਰਾ ਸਮੇਤ ਸੋਸ਼ਲ ਮੀਡੀਆ ਵਿਭਾਗ ਦੇ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ।















