ਦਿੱਲੀ ਪੁਲਸ ਹੈੱਡਕੁਆਰਟਰ ਪੁੱਜੇ ਅਮਿਤ ਸ਼ਾਹ, ਕਾਨੂੰਨ-ਵਿਵਸਥਾ ਦੀ ਕੀਤੀ ਸਮੀਖਿਆ

ਨਵੀਂ ਦਿੱਲੀ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀਰਵਾਰ ਨੂੰ ਦਿੱਲੀ ਪੁਲਸ ਦੇ ਹੈੱਡਕੁਆਰਟਰ ਪਹੁੰਚੇ, ਜਿੱਥੇ ਉਨ੍ਹਾਂ ਨੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਰਾਸ਼ਟਰੀ ਰਾਜਧਾਨੀ ’ਚ ਪੁਲਸ ਦੀਆਂ ਤਿਆਰੀਆਂ ਅਤੇ ਕਾਨੂੰਨ-ਵਿਵਸਥਾ ਦੀ ਸਥਿਤੀ ਦੀ ਸਮੀਖਿਆ ਕੀਤੀ। ਪੁਲਸ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਅਨੁਸਾਰ, ਸ਼ਾਹ ਦੁਪਹਿਰ ਲੱਗਭਗ ਸਵਾ 3 ਵਜੇ ਜੈ ਸਿੰਘ ਰੋਡ ਸਥਿਤ ਦਿੱਲੀ ਪੁਲਸ ਦੇ ਹੈੱਡਕੁਆਰਟਰ ਪਹੁੰਚੇ, ਜਿੱਥੇ ਉਨ੍ਹਾਂ ਨੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਹਾਲਾਂਕਿ, ਫਿਲਹਾਲ ਮੀਟਿੰਗ ਦਾ ਵੇਰਵਾ ਸਾਂਝਾ ਨਹੀਂ ਕੀਤਾ ਗਿਆ ਹੈ।
ਇਹ ਦੌਰਾ 24 ਅਕਤੂਬਰ ਨੂੰ ਪੁਲਸ ਹੈੱਡਕੁਆਰਟਰ ’ਚ ਸ਼ਾਹ ਦੀ ਪ੍ਰਧਾਨਗੀ ਹੇਠ ਹੋਈ ਸੁਰੱਖਿਆ ਸਮੀਖਿਆ ਮੀਟਿੰਗ ਤੋਂ 3 ਹਫ਼ਤਿਆਂ ਤੋਂ ਵੀ ਘੱਟ ਸਮੇਂ ਬਾਅਦ ਹੋ ਰਿਹਾ ਹੈ। ਉਸ ਮੀਟਿੰਗ ’ਚ ਮੁੱਖ ਮੰਤਰੀ ਰੇਖਾ ਗੁਪਤਾ, ਪੁਲਸ ਕਮਿਸ਼ਨਰ ਅਨੁਰਾਗ ਕੁਮਾਰ ਅਤੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਹੋਏ ਸਨ। ਪਿਛਲੀ ਮੀਟਿੰਗ ’ਚ ਸ਼ਾਹ ਨੇ ਵੱਡੇ ਇਕੱਠਾਂ ਅਤੇ ਮੁਜ਼ਾਹਰਿਆਂ ਨਾਲ ਨਜਿੱਠਣ ਲਈ ਪੁਲਸ ਦੀਆਂ ਤਿਆਰੀਆਂ, ਖੁਫੀਆ ਜਾਣਕਾਰੀ ਇਕੱਠੀ ਕਰਨ, ਭੀੜ ਪ੍ਰਬੰਧਨ ਅਤੇ ਵੱਖ-ਵੱਖ ਇਕਾਈਆਂ ਦਰਮਿਆਨ ਤਾਲਮੇਲ ਦੀ ਸਮੀਖਿਆ ਕੀਤੀ ਸੀ। ਮੀਟਿੰਗ ’ਚ ਔਰਤਾਂ ਦੀ ਸੁਰੱਖਿਆ, ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ, ਸੰਗਠਿਤ ਅਪਰਾਧਿਕ ਨੈੱਟਵਰਕ, ਆਵਾਜਾਈ ਪ੍ਰਬੰਧਨ ਅਤੇ ਮੁਜ਼ਾਹਰਿਆਂ ਕਾਰਨ ਕਾਨੂੰਨ-ਵਿਵਸਥਾ ਦੀ ਸਥਿਤੀ ਵਿਗੜਨ ਤੋਂ ਰੋਕਣ ਦੇ ਉਪਾਵਾਂ ’ਤੇ ਵੀ ਚਰਚਾ ਹੋਈ ਸੀ। ਸ਼ਾਹ ਨੇ 24 ਅਕਤੂਬਰ ਦੇ ਇਸ ਦੌਰੇ ਤੋਂ ਪਹਿਲਾਂ 30 ਅਗਸਤ 2022 ਨੂੰ ਪੁਲਸ ਹੈੱਡਕੁਆਰਟਰ ਦਾ ਦੌਰਾ ਕੀਤਾ ਸੀ।