ਚੰਡੀਗੜ੍ਹ : ਉਦਯੋਗ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਨੂੰ ਮਾਰਚ 2022 ਤੋਂ ਹੁਣ ਤੱਕ ਕਰੀਬ 2 ਲੱਖ ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ ਮਿਲੇ ਹਨ, ਜਿਨ੍ਹਾਂ ਨਾਲ 6.63 ਲੱਖ ਤੋਂ ਵੱਧ ਨੌਕਰੀਆਂ ਪੈਦਾ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਜਾਪਾਨੀ ਕੰਪਨੀ ‘ਟੌਪਨ ਸਪੈਸ਼ਲਿਟੀ ਫਿਲਮਜ਼’ ਸ਼ਹੀਦ ਭਗਤ ਸਿੰਘ ਨਗਰ ਦੇ ਰੈਲ ਮਾਜਰਾ ਸਥਿਤ ਆਪਣੇ ਪਲਾਂਟ ਦੇ ਵਿਸਤਾਰ ’ਤੇ 244 ਕਰੋੜ ਰੁਪਏ ਨਿਵੇਸ਼ ਕਰੇਗੀ।
ਅਮਨ ਅਰੋੜਾ ਨੇ ਦੱਸਿਆ ਕਿ ਇਸ ਵਿਸਤਾਰ ਨਾਲ ਪਲਾਂਟ ਦੀ ਸਾਲਾਨਾ ਉਤਪਾਦਨ ਸਮਰੱਥਾ ’ਚ 19,700 ਟਨ ਦਾ ਵਾਧਾ ਹੋਵੇਗਾ ਤੇ 127 ਨਵੀਆਂ ਨੌਕਰੀਆਂ ਪੈਦਾ ਹੋਣਗੀਆਂ, ਜਿਨ੍ਹਾਂ ’ਚ 22 ਅਸਾਮੀਆਂ ਔਰਤਾਂ ਲਈ ਹੋਣਗੀਆਂ। ਕੰਪਨੀ ਨਵੀਂ ਥਰਮਲ ਲੈਮੀਨੇਸ਼ਨ ਲਾਈਨ, ਕੋਟਿੰਗ ਲਾਈਨ ਅਤੇ ਦੋ ਮੈਟਾਲਾਈਜ਼ਰ ਸਥਾਪਤ ਕਰੇਗੀ। ਉਨ੍ਹਾਂ ਕਿਹਾ ਕਿ ਕੰਪਨੀ ਹਰ ਮਹੀਨੇ ਕਰੀਬ 900 ਟਨ ਝੋਨੇ ਦੀ ਪਰਾਲੀ ਦੀ ਵਰਤੋਂ ਬਾਇਓਮਾਸ ਹੀਟਰਾਂ ’ਚ ਕਰੇਗੀ, ਜਿਸ ਨਾਲ ਫਰਨੇਸ ਆਇਲ ਦੀ ਖਪਤ ਘਟੇਗੀ। ਇਹ ਪ੍ਰਾਜੈਕਟ ਦਸੰਬਰ 2025 ’ਚ ਮੁੱਖ ਮੰਤਰੀ ਭਗਵੰਤ ਮਾਨ ਦੀ ਜਾਪਾਨ ਫੇਰੀ ਦੌਰਾਨ ਹੋਈ ਗੱਲਬਾਤ ਦਾ ਨਤੀਜਾ ਹੈ।
ਅਰੋੜਾ ਨੇ ਦੱਸਿਆ ਕਿ ਅਪ੍ਰੈਲ ਤੋਂ ਅਕਤੂਬਰ 2026 ਤੱਕ ਪੰਜਾਬ ਨੂੰ 35,966 ਕਰੋੜ ਰੁਪਏ ਦੇ ਨਿਵੇਸ਼ ਪ੍ਰਸਤਾਵ ਮਿਲੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀ ਸਿੰਗਲ ਵਿੰਡੋ ਪ੍ਰਣਾਲੀ ਰਾਹੀਂ 20 ਵਿਭਾਗਾਂ ਦੀਆਂ 300 ਤੋਂ ਵੱਧ ਮਨਜ਼ੂਰੀਆਂ ਆਨਲਾਈਨ ਉਪਲਬਧ ਹਨ। ਇਸ ਮੌਕੇ ਟੌਪਨ ਦੇ ਸੀ.ਐੱਫ.ਓ. ਅਮਿਤ ਜੈਨ ਨੇ ਦੱਸਿਆ ਕਿ ਕੰਪਨੀ ਵੱਲੋਂ ਰੋਪੜ ’ਚ ਹੁਨਰ ਵਿਕਾਸ ਕੇਂਦਰ ਵੀ ਚਲਾਇਆ ਜਾ ਰਿਹਾ ਹੈ, ਜਿੱਥੇ ਸਿਖਲਾਈ ਲੈਣ ਵਾਲੇ ਪਹਿਲੇ ਬੈਚ ਨੂੰ ਲਗਭਗ 100 ਫ਼ੀਸਦੀ ਪਲੇਸਮੈਂਟ ਮਿਲੀ ਹੈ।















