ਟੋਕੀਓ: ਮਾਰਟਿਨਾ ਹਿੰਗਿਸ ਦੀ ਅਗਵਾਈ ‘ਚ ਯੂ.ਏ.ਈ. ਰਾਇਲਸ ਨੇ ਕੌਮਾਂਤਰੀ ਪ੍ਰੀਮੀਅਰ ਟੈਨਿਸ ਲੀਗ (ਆਈ.ਪੀ.ਟੀ.ਐੱਲ.) ‘ਚ ਐਤਵਾਰ ਨੂੰ ਇੱਥੇ ਇੰਡੀਅਨ ਏਸੇਸ ਨੂੰ 30-20 ਨਾਲ ਹਰਾ ਕੇ ਸਕੋਰ ਬੋਰਡ ‘ਚ ਚੋਟੀ ਦਾ ਸਥਾਨ ਹਾਸਲ ਕੀਤਾ। ਇਸ ਪ੍ਰਤੀਯੋਗਿਤਾ ਦਾ ਅਗਲਾ ਪੜਾਅ ਹੁਣ ਸਿੰਗਾਪੁਰ ‘ਚ ਖੇਡਿਆ ਜਾਵੇਗਾ। ਮਾਰਕ ਫ਼ਿਲਿਪੋਸਿਸ ਨੇ ਸ਼ੁਰੂਆਤੀ ਪੜਾਅ ਦੇ ਚੈਂਪੀਅਨ ਦੇ ਲਈ ਦਿਨ ਦੀ ਸ਼ੁਰੂਆਤ ਕੀਤੀ ਪਰ ਉਨ੍ਹਾਂ ਨੂੰ ਲੀਜੇਂਡ ਸਿੰਗਲ ‘ਚ ਥਾਮਸ ਜੋਹਾਨਸਨ ਤੋਂ 3-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਕਸਟ੍ਰਨ ਫ਼ਲਿਪਕੇਂਸ ਨੇ ਕੱਲ ਟੀਮ ਦੇ ਲਈ ਫ਼ੈਸਲਾਕੁੰਨ ਜਿੱਤ ਦਰਜ ਕੀਤੀ ਸੀ ਪਰ ਉਹ ਟੀਮ ਦੀ ਕੋਈ ਮਦਦ ਨਾ ਕਰ ਸਕੀ ਅਤੇ ਉਹ ਆਪਣਾ ਮਹਿਲਾ ਸਿੰਗਲ ਮੁਕਾਬਲਾ ਆਈ.ਪੀ.ਟੀ.ਐੱਲ. ‘ਚ ਪਹਿਲੀ ਵਾਰੀ ਖੇਡ ਰਹੀ ਸਵਿਟਜ਼ਰਲੈਂਡ ਦੀ ਮਾਰਟਿਨਾ ਹਿੰਗਿਸ ਤੋਂ 4-6 ਨਾਲ ਹਾਰ ਗਈ। ਹਿੰਗਿਸ ਨੇ ਫ਼ਿਰ ਪਾਬਲੋ ਕਿਊਵਾਸ ਦੇ ਨਾਲ ਕੋਰਟ ‘ਤੇ ਵਾਪਸੀ ਕੀਤੀ ਅਤੇ ਇਨ੍ਹਾਂ ਦੋਹਾਂ ਨੇ ਸਾਨੀਆ ਮਿਰਜ਼ਾ ਅਤੇ ਰੋਹਨ ਬੋਪੰਨਾ ਦੀ ਭਾਰਤੀ ਜੋੜੀ ਨੂੰ 6-4 ਨਾਲ ਮਾਤ ਦਿੱਤੀ। ਸਾਨੀਆ ਅਤੇ ਹਿੰਗਿਸ ਦੇ ਅਲੱਗ ਹੋਣ ਦੇ ਬਾਅਦ ਇਹ ਉਨ੍ਹਾਂ ਦਰਮਿਆਨ ਪਹਿਲਾ ਮੈਚ ਸੀ।
ਇੰਡੀਅਨ ਏਸੇਸ ਹੁਣ ਪੰਜ ਅੰਕਾਂ ਨਾਲ ਪਿਛੜ ਰਹੀ ਹੈ ਅਤੇ ਉਸ ਨੂੰ ਫ਼ੇਲਿਸਿਆਨੋ ਲੋਪੇਜ ਤੋਂ ਵੱਡੀ ਜਿੱਤ ਦੀ ਜ਼ਰੂਰਤ ਸੀ ਪਰ ਸਪੇਨ ਦਾ ਇਹ ਖਿਡਾਰੀ ਚੈੱਕ ਗਣਰਾਜ ਦੇ ਥਾਮਸ ਬਰਡਿਚ ਤੋਂ 3-6 ਨਾਲ ਹਾਰ ਗਿਆ। ਮੈਚ ਹੁਣ ਭਾਰਤੀ ਟੀਮ ਦੀ ਪਹੁੰਚ ਤੋਂ ਬਾਹਰ ਹੋ ਗਿਆ। ਲੋਪੇਜ ਅਤੇ ਬੋਪੰਨਾ ਦੀ ਜੋੜੀ ਨੇ ਪੁਰਸ਼ ਡਬਲਜ਼ ‘ਚ ਡੈਨੀਅਲ ਨੇਸਟਰ ਅਤੇ ਕਿਊਵਾਸ ਦੇ ਖਿਲਾਫ਼ ਮੈਚ 6-6 ਨਾਲ ਟਾਈ ਕਰਾਇਆ। ਸਕੋਰ ਬੋਰਡ ‘ਚ ਚੋਟੀ ਦੀਆਂ 2 ਟੀਮਾਂ 11 ਦਸੰਬਰ ਨੂੰ ਹੋਣ ਵਾਲਾ ਫ਼ਾਈਨਲ ਖੇਡਣਗੀਆਂ।












