ਚੰਡੀਗੜ੍ਹ – ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ ਹਨ। ਪੰਜਾਬ ਵਿਧਾਨ ਦੇ ਸੈਸ਼ਨ ਦੌਰਾਨ ਪਹੁੰਚੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਹ ਬੀਤੇ ਦਿਨ ਮਾਨਸਾ ਵਿਚ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਦੁੱਖ਼ ਸਾਂਝਾ ਕਰਨ ਗਏ ਸਨ। ਪ੍ਰਤਾਪ ਸਿੰਘ ਬਾਜਵਾ ਨੇ ਦੱਸਿਆ ਕਿ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਨੇ ਮੈਨੂੰ ਕਿਹਾ ਸੀ ਕਿ ਵਿਰੋਧੀ ਧਿਰ ਦੇ ਨੇਤਾ ਹੋਣ ਕਾਰਨ ਤੁਹਾਡੇ ਕੋਲ ਓਨੀਆਂ ਹੀ ਪਾਵਰਾਂ ਹਨ, ਜਿਨ੍ਹਾਂ ਮੁੱਖ ਮੰਤਰੀ ਕੋਲ ਹਨ। ਤੁਸੀਂ ਸਾਡੀ ਜਿਹੜੀ ਸੋਚ ਹੈ, ਉਹ ਤੁਸੀਂ ਵਿਧਾਨ ਸਭਾ ਵਿਚ ਰੱਖੀਓ। ਉਨ੍ਹਾਂ ਦੱਸਿਆ ਕਿ ਪਰਵਿੰਦਰ ਝੋਟਾ ਦੇ ਪਿਤਾ ਭੀਮ ਸਿੰਘ ਨੇ ਉਨ੍ਹਾਂ ਨੂੰ ਵਿਧਾਨ ਸਭਾ ਸੈਸ਼ਨ ‘ਚ ਪਰਿਵਾਰ ਦੀਆਂ ਮੰਗਾਂ ਚੁੱਕਣ ਦੀ ਅਪੀਲ ਕੀਤੀ ਹੈ।
ਬਾਜਵਾ ਨੇ ਦੱਸਿਆ ਕਿ ਝੋਟਾ ਦੇ ਪਰਿਵਾਰ ਦੀ ਪਹਿਲੀ ਮੰਗ ਮੁੱਖ ਮੰਤਰੀ ਭਗਵੰਤ ਮਾਨ ਦਾ ਅਸਤੀਫ਼ਾ ਲੈਣਾ ਅਤੇ ਦੂਜੀ ਮੰਗ ਮਾਮਲੇ ਦੀ ਸੀ. ਬੀ. ਆਈ. ਦੀ ਜਾਂਚ ਕਰਵਾਉਣ ਦੀ ਸੀ। ਉਨ੍ਹਾਂ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰੀ ਦੇ ਦੌਰੇ ਤੋਂ ਬਾਅਦ ਸਰਕਾਰ ਨੇ ਮਜਬੂਰੀ ‘ਚ ਸੀ. ਬੀ. ਆਈ. ਜਾਂਚ ਤਾਂ ਮੰਨ ਲਈ ਹੈ ਪਰ ਪੰਜਾਬ ਅਤੇ ਵਿਦੇਸ਼ਾਂ ‘ਚ ਰਹਿੰਦੇ ਪੰਜਾਬੀ ਮੁੱਖ ਮੰਤਰੀ ਤੋਂ ਅਸਤੀਫ਼ੇ ਦੀ ਮੰਗ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਜ਼ਿੰਦਗੀਆਂ, ਪਰਿਵਾਰਾਂ ਅਤੇ ਕਾਰੋਬਾਰਾਂ ਦੀ ਸੁਰੱਖਿਆ ਕਰਨ ‘ਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ।
ਝੋਨਾ ਖ਼ਰੀਦ ‘ਚ 4,000 ਕਰੋੜ ਦੇ ਘਪਲੇ ਦੇ ਲਾਏ ਦੋਸ਼
ਕਾਂਗਰਸੀ ਨੇਤਾ ਨੇ ਦੋਸ਼ ਲਾਇਆ ਕਿ ਝੋਨੇ ਦੀ ਖ਼ਰੀਦ ‘ਚ ਖੁਰਾਕ ਤੇ ਸਿਵਲ ਸਪਲਾਈ ਮੰਤਰੀ, ਸਬੰਧਤ ਵਿਭਾਗਾਂ, ਜ਼ਿਲ੍ਹਾ ਪ੍ਰਸ਼ਾਸਨ ਅਤੇ ਵਪਾਰੀਆਂ ਨੇ ਮਿਲ ਕੇ ਲਗਭਗ 4,000 ਕਰੋੜ ਰੁਪਏ ਦੀ ਲੁੱਟ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਕਿਸਾਨ, ਸਰਕਾਰੀ ਕਰਮਚਾਰੀ, ਪੈਨਸ਼ਨਰ, ਵਪਾਰੀ ਅਤੇ ਦਲਿਤ ਭਾਈਚਾਰਾ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਆਪਣਾ ਜਨਮਦਿਨ ਮਨਾਉਣ ਲਈ ਫਰਾਂਸ ਗਏ ਸਨ, ਜਿੱਥੇ ਏਅਰਪੋਰਟ ‘ਤੇ ਨਿਰਧਾਰਿਤ ਸੀਮਾ ਤੋਂ ਵੱਧ (12 ਬੋਤਲਾਂ) ਸ਼ਰਾਬ ਲੈ ਕੇ ਜਾਣ ਕਾਰਨ ਉਨ੍ਹਾਂ ਨੂੰ ਰੋਕਿਆ ਗਿਆ ਅਤੇ 50,000 ਰੁਪਏ ਦਾ ਜੁਰਮਾਨਾ ਲਗਾਇਆ ਗਿਆ।
ਵਿਧਾਨ ਸਭਾ ਸੈਸ਼ਨ ‘ਚ ਚੁੱਕੇ ਜਾਣਗੇ ਮੁੱਦੇ
ਪ੍ਰਤਾਪ ਸਿੰਘ ਬਾਜਵਾ ਨੇ ਐਲਾਨ ਕੀਤਾ ਕਿ ਕਾਂਗਰਸ ਪਾਰਟੀ ਵਿਧਾਨ ਸਭਾ ਸੈਸ਼ਨ ਦੌਰਾਨ ਮੁੱਖ ਮੰਤਰੀ ਦੇ ਅਸਤੀਫ਼ੇ ਦੀ ਮੰਗ ਚੁੱਕੇਗੀ। ਉਨ੍ਹਾਂ ਅਫ਼ਸੋਸ ਪ੍ਰਗਟਾਇਆ ਕਿ ਸਰਕਾਰ ਨੇ ਵਿਧਾਨ ਸਭਾ ਦੇ ਸ਼ਰਧਾਂਜਲੀ ਮਤੇ (Obituary References) ‘ਚ ਪਰਵਿੰਦਰ ਸਿੰਘ ਝੋਟਾ ਦਾ ਨਾਂ ਸ਼ਾਮਲ ਨਹੀਂ ਕੀਤਾ। ਇਸ ਦੇ ਨਾਲ ਹੀ ਲਹਿਰਾਗਾਗਾ ‘ਚ ਮਾਰੇ ਗਏ ਮਨਰੇਗਾ ਮਜ਼ਦੂਰਾਂ , ਜਿਨ੍ਹਾਂ ‘ਚ ਇਕ ਗਰਭਵਤੀ ਔਰਤ ਵੀ ਸ਼ਾਮਲ ਸੀ, ਉਨ੍ਹਾਂ ਦੇ ਨਾਂ ਵੀ ਇਸ ਮਤੇ ‘ਚੋਂ ਗਾਇਬ ਹਨ। ਉਨ੍ਹਾਂ ਦਾਅਵਾ ਕੀਤਾ ਕਿ ਮੁੱਖ ਮੰਤਰੀ ਦਫ਼ਤਰ ਤੋਂ ਭ੍ਰਿਸ਼ਟਾਚਾਰ ਚੱਲ ਰਿਹਾ ਹੈ ਅਤੇ ਪੰਜਾਬ ਸਰਕਾਰ ਦੇ 53 ‘ਚੋਂ 15 ਵਿਭਾਗਾਂ ‘ਤੇ ਸੀ. ਬੀ. ਆਈ. ਅਤੇ ਈ. ਡੀ. ਦੀ ਜਾਂਚ ਚੱਲ ਰਹੀ ਹੈ।















