ਵਰਕਰ ਜੈਨੁਲ ਆਬਿਦ ਦੇ ਕਤਲ ਮਾਮਲੇ ’ਚ ਭਾਜਪਾ-RSS ਦੇ 21 ਵਰਕਰ ਬਰੀ

ਕਾਸਰਗੋਡ : ਕਾਸਰਗੋਡ ਦੀ ਇਕ ਅਦਾਲਤ ਨੇ 2014 ’ਚ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਆਫ਼ ਇੰਡੀਆ (ਐੱਸ. ਡੀ. ਪੀ. ਆਈ.) ਦੇ ਵਰਕਰ ਜੈਨੁਲ ਆਬਿਦ ਦੇ ਕਤਲ ਮਾਮਲੇ ’ਚ ਸ਼ਨੀਵਾਰ ਨੂੰ ਭਾਜਪਾ ਅਤੇ ਰਾਸ਼ਟਰੀ ਸਵੈਮਸੇਵਕ ਸੰਘ (ਆਰ. ਐੱਸ. ਐੱਸ.) ਦੇ 21 ਵਰਕਰਾਂ ਨੂੰ ਬਰੀ ਕਰ ਦਿੱਤਾ ਹੈ। ਉਕਤ ਵਰਕਰਾਂ ਨੂੰ ਇਹ ਕਹਿੰਦੇ ਹੋਏ ਬਰੀ ਕਰ ਦਿੱਤਾ ਗਿਆ ਹੈ ਕਿ ਇਸਤਗਾਸਾ ਧਿਰ ਮੁਲਜ਼ਮਾਂ ਖਿਲਾਫ ਦੋਸ਼ ਸਾਬਤ ਨਹੀਂ ਕਰ ਸਕੀ। ਬਰੀ ਕੀਤੇ ਗਏ ਲੋਕਾਂ ’ਚ ਭਾਜਪਾ ਦੇ ਸਥਾਨਕ ਨੇਤਾ ਮਹੇਸ਼ ਕੇ., ਉਦਯਨ, ਪ੍ਰਸ਼ਾਂਤ, ਪ੍ਰਤਾਪ ਅਤੇ ਹਰੀਸ਼ ਬੀ. ਸ਼ਾਮਲ ਹਨ। ਆਬਿਦ (24) ਦਾ ਕਤਲ 22 ਦਸੰਬਰ, 2014 ਦੀ ਰਾਤ ਕਾਸਰਗੋਡ ’ਚ ਪੁਰਾਣੇ ਬੱਸ ਅੱਡੇ ਨੇੜੇ ਹੋਇਆ ਸੀ।
ਜਾਣਕਾਰੀ ਮੁਤਾਬਕ ਤਲੰਗਰੇ ਕੁੰਨਿਲ ਵਾਸੀ ਆਬਿਦ ਐੱਸ. ਡੀ. ਪੀ. ਆਈ. ਸਮਰਥਕ ਸੀ। ਸਾਲ 2014 ਵਿਚ ਜਦੋਂ ਇਹ ਘਟਨਾ ਵਾਪਰੀ ਉਸ ਸਮੇਂ ਦੀ ਰਾਤ ਲੱਗਭਗ ਸਾਢੇ 9 ਵਜੇ ਉਹ ਆਪਣੇ ਪਿਤਾ ਕੇ. ਏ. ਮੁਹੰਮਦ ਕੁੰਹੀ ਦੀ ਗੱਦਿਆਂ ਦੀ ਦੁਕਾਨ ਬੰਦ ਕਰਨ ’ਚ ਮਦਦ ਕਰ ਰਿਹਾ ਸੀ। ਇਸੇ ਦੌਰਾਨ ਅਚਾਨਕ ਤੇਜ਼ਧਾਰ ਹਥਿਆਰਾਂ ਨਾਲ ਲੈਸ ਹਮਲਾਵਰਾਂ ਦਾ ਇਕ ਸਮੂਹ ਉਥੇ ਆ ਗਿਆ, ਜਿਸ ਨੇ ਕਥਿਤ ਤੌਰ ’ਤੇ ਦੁਕਾਨ ’ਚ ਵੜ ਕੇ ਉਸ ’ਤੇ ਕਾਤਲਾਨਾ ਹਮਲਾ ਕਰ ਦਿੱਤਾ। ਹਮਲੇ ਕਾਰਨ ਉਸ ਦੀ ਹਾਲਤ ਗੰਭੀਰ ਹੋ ਗਈ। ਜਿਸ ਤੋਂ ਬਾਅਦ ਆਬਿਦ ਨੂੰ ਪਹਿਲਾਂ ਕਾਸਰਗੋਡ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ। ਹਾਲਤ ਵਿਗੜਨ ’ਤੇ ਉਸ ਨੂੰ ਮੰਗਲੁਰੂ ਭੇਜ ਦਿੱਤਾ ਗਿਆ, ਜਿੱਥੇ 23 ਦਸੰਬਰ, 2014 ਨੂੰ ਉਸ ਦੀ ਮੌਤ ਹੋ ਗਈ।