ਮਾਲਦੀਵ ਦੀ ਮਦਦ ਲਈ ਭਾਰਤ ਦਾ ਵੱਡਾ ਕਦਮ ! 3,000 ਕਰੋੜ ਦੇ Currency Swap ਦੀ ਵਧਾਈ ਮਿਆਦ

ਇੰਟਰਨੈਸ਼ਨਲ ਡੈਸਕ- ਭਾਰਤ ਨੇ ਮਾਲਦੀਵ ਦੀ ਆਰਥਿਕ ਸਥਿਰਤਾ ਨੂੰ ਬਣਾਏ ਰੱਖਣ ਲਈ ਵੱਡੀ ਮਦਦ ਕਰਦਿਆਂ 3,000 ਕਰੋੜ ਰੁਪਏ (ਲਗਭਗ 320 ਮਿਲੀਅਨ ਅਮਰੀਕੀ ਡਾਲਰ) ਦੇ ‘ਕਰੰਸੀ ਸਵੈਪ’ ਦੀ ਵਾਪਸੀ ਮਿਆਦ ਨੂੰ ਹੋਰ 3 ਮਹੀਨਿਆਂ ਲਈ ਅੱਗੇ ਵਧਾ ਦਿੱਤਾ ਹੈ। ਮਾਲਦੀਵ ਸਰਕਾਰ ਦੀ ਅਪੀਲ ‘ਤੇ ਲਏ ਗਏ ਇਸ ਫੈਸਲੇ ਦਾ ਮਾਲੇ ਵੱਲੋਂ ਸੁਆਗਤ ਕੀਤਾ ਗਿਆ ਹੈ।
ਇਹ ਰਾਹਤ ਭਾਰਤੀ ਰਿਜ਼ਰਵ ਬੈਂਕ ਅਤੇ ਮਾਲਦੀਵ ਮੌਨੀਟਰੀ ਅਥਾਰਟੀ ਵਿਚਕਾਰ ਹੋਏ ਸਮਝੌਤੇ ਤਹਿਤ ਦਿੱਤੀ ਗਈ ਹੈ, ਜਿਸ ਦੇ ਭੁਗਤਾਨ ਦੀ ਮਿਆਦ ਅਗਲੇ 10 ਦਿਨਾਂ ‘ਚ ਖ਼ਤਮ ਹੋ ਰਹੀ ਸੀ। ਮਾਲਦੀਵ ਦੇ ਰਾਸ਼ਟਰਪਤੀ ਡਾ. ਮੁਹੰਮਦ ਮੁਈਜ਼ੂ ਦੀ ਸਰਕਾਰ ਨੇ ਭਾਰਤ ਦੀ ‘ਗੁਆਂਢੀ ਪਹਿਲਾਂ’ ਨੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਿਆਂ ਇਸ ਨੂੰ ਦੋਹਾਂ ਦੇਸ਼ਾਂ ਦੇ ਮਜ਼ਬੂਤ ਰਿਸ਼ਤਿਆਂ ਦਾ ਪ੍ਰਤੀਕ ਦੱਸਿਆ।
ਅਕਤੂਬਰ 2024 ‘ਚ ਹੋਏ ਸਮਝੌਤੇ ਤੋਂ ਬਾਅਦ ਭਾਰਤ ਨੇ 23 ਅਪ੍ਰੈਲ 2026 ਨੂੰ SAARC ਕਰੰਸੀ ਸਵੈਪ ਫਰੇਮਵਰਕ ਤਹਿਤ ਇਹ 320 ਮਿਲੀਅਨ ਡਾਲਰ ਜਾਰੀ ਕੀਤੇ ਸਨ। ਇਸ ਤੋਂ ਪਹਿਲਾਂ ਸਤੰਬਰ 2026 ‘ਚ ਮਾਲਦੀਵ ਨੇ ਭਾਰਤ ਦਾ 50 ਮਿਲੀਅਨ ਡਾਲਰ ਦਾ ਬਕਾਇਆ ਕਰਜ਼ਾ ਚੁਕਾਇਆ ਸੀ। ਇਹ 3 ਮਹੀਨਿਆਂ ਦਾ ਵਾਧੂ ਸਮਾਂ ਮਾਲਦੀਵ ਨੂੰ ਆਪਣੇ ਵਿਦੇਸ਼ੀ ਮੁਦਰਾ ਭੰਡਾਰ ਅਤੇ ਵਿੱਤੀ ਦੇਣਦਾਰੀਆਂ ਨੂੰ ਸੰਭਾਲਣ ‘ਚ ਮਦਦ ਕਰੇਗਾ।