ਜੰਮੂ : ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਦੇ ਇੱਕ ਦੂਰ-ਦੁਰਾਡੇ ਪਿੰਡ ਵਿੱਚ ਬੁੱਧਵਾਰ ਨੂੰ ਲੱਗੀ ਭਿਆਨਕ ਅੱਗ ਵਿੱਚ ਘੱਟੋ-ਘੱਟ ਅੱਠ ਘਰ ਅਤੇ ਕਈ ਗਊਸ਼ਾਲਾਵਾਂ ਸੜ ਕੇ ਸੁਆਹ ਹੋ ਗਈਆਂ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ। ਅੱਗ ਲੱਗਣ ਨਾਲ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਅਧਿਕਾਰੀਆਂ ਨੇ ਦੱਸਿਆ ਕਿ ਵਾਰਵਾਨ ਦੇ ਮੁੰਗਲੀ ਪਿੰਡ ਵਿੱਚ ਅੱਧੀ ਰਾਤ ਤੋਂ ਬਾਅਦ ਇੱਕ ਘਰ ਵਿੱਚ ਅੱਗ ਲੱਗੀ ਅਤੇ ਤੇਜ਼ੀ ਨਾਲ ਨੇੜਲੇ ਘਰਾਂ ਵਿੱਚ ਫੈਲ ਗਈ। ਸਥਾਨਕ ਲੋਕਾਂ ਨੇ ਅੱਗ ਨੂੰ ਫੈਲਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ।
ਉਨ੍ਹਾਂ ਨੇ ਖੁਦਾਈ ਦੇ ਕੰਮ ਵਿਚ ਇਸਤੇਮਾਲ ਹੋਣ ਵਾਲੀ ਭਾਰੀ ਮਸ਼ੀਨ ਅਰਥ ਮੂਵਰ ਦੀ ਵਰਤੋਂ ਕਰਕੇ ਪ੍ਰਭਾਵਿਤ ਘਰਾਂ ਦੇ ਸੜੇ ਹੋਏ ਹਿੱਸਿਆਂ ਨੂੰ ਢਾਹ ਦਿੱਤਾ ਅਤੇ ਅੱਗ ਨੂੰ ਹੋਰ ਫੈਲਣ ਤੋਂ ਰੋਕਣ ਲਈ ਉਸ ਦੇ ਬੈਰੀਅਰ ਬਣਾਏ। ਉਨ੍ਹਾਂ ਕਿਹਾ ਕਿ ਵਾਰਵਾਨ ਖੇਤਰ ਵਿੱਚ ਕੋਈ ਫਾਇਰ ਸਟੇਸ਼ਨ ਨਾ ਹੋਣ ਕਰਕੇ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਕੋਕਰਨਾਗ ਤੋਂ ਫਾਇਰ ਇੰਜਣਾਂ ਨੂੰ ਬੁਲਾਇਆ ਗਿਆ ਸੀ। ਇਸ ਦੌਰਾਨ ਸਵੇਰੇ 4 ਵਜੇ ਦੇ ਕਰੀਬ ਅੱਗ ‘ਤੇ ਕਾਬੂ ਪਾਇਆ ਗਿਆ। ਘਟਨਾ ਵਾਲੀ ਥਾਂ ਦੇ ਕੁਝ ਹਿੱਸਿਆਂ ਤੋਂ ਧੂੰਆਂ ਨਿਕਲਣ ਕਾਰਨ ਪ੍ਰਭਾਵਿਤ ਖੇਤਰ ਦੀ ਨਿਗਰਾਨੀ ਜਾਰੀ ਰਹੀ। ਅੱਗ ਲੱਗਣ ਨਾਲ ਕੁਝ ਪਸ਼ੂ ਵੀ ਮਾਰੇ ਗਏ।
ਅਧਿਕਾਰੀਆਂ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਪ੍ਰਸ਼ਾਸਨ ਨੇ ਨੁਕਸਾਨ ਅਤੇ ਰਾਹਤ ਲੋੜਾਂ ਦਾ ਮੁਲਾਂਕਣ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਹੈੱਡਕੁਆਰਟਰ ਤੋਂ ਰਾਹਤ ਸਮੱਗਰੀ ਲਿਜਾਣ ਲਈ ਇੱਕ ਵਾਹਨ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਦੂਰ-ਦੁਰਾਡੇ ਵਾਰਵਾਨ ਖੇਤਰ ਵਿੱਚ ਸਰਦੀਆਂ ਦੇ ਮਹੀਨਿਆਂ ਦੌਰਾਨ ਅੱਗ ਲੱਗਣ ਦੀਆਂ ਘਟਨਾਵਾਂ ਆਮ ਹਨ, ਕਿਉਂਕਿ ਵਸਨੀਕ ਰਵਾਇਤੀ ਤੌਰ ‘ਤੇ ਵੱਡੀ ਮਾਤਰਾ ਵਿੱਚ ਸੁੱਕੀ ਘਾਹ ਅਤੇ ਪਸ਼ੂਆਂ ਲਈ ਹੋਰ ਚਾਰਾ ਸਟੋਰ ਕਰਦੇ ਹਨ।
ਅਧਿਕਾਰੀਆਂ ਨੇ ਵਾਰ-ਵਾਰ ਵਸਨੀਕਾਂ ਨੂੰ ਰਿਹਾਇਸ਼ੀ ਇਮਾਰਤਾਂ ਦੇ ਅੰਦਰ ਜਾਂ ਨੇੜੇ ਸੁੱਕੀ ਘਾਹ ਸਟੋਰ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਹੈ, ਕਿਉਂਕਿ ਅੱਗ ਲੱਗਣ ਦੀ ਸਥਿਤੀ ਵਿੱਚ ਇਹ ਤੇਜ਼ੀ ਨਾਲ ਫੈਲ ਸਕਦੀ ਹੈ। ਅਧਿਕਾਰੀਆਂ ਨੇ ਕਿਹਾ ਕਿ ਸਰਕਾਰ ਅਤੇ ਧਾਰਮਿਕ ਸੰਸਥਾਵਾਂ ਰਾਹੀਂ ਵੀ ਸਲਾਹਾਂ ਜਾਰੀ ਕੀਤੀਆਂ ਗਈਆਂ ਹਨ, ਜਿਸ ਵਿੱਚ ਵਸਨੀਕਾਂ ਨੂੰ ਸੁੱਕਾ ਚਾਰਾ ਸਟੋਰ ਕਰਦੇ ਸਮੇਂ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ।















