ਜੇਲ੍ਹ ‘ਚ ਕੈਦੀਆਂ ਦੀ ਬੇਵਜ੍ਹਾ ਕੁੱਟਮਾਰ ਨਹੀਂ ਕਰ ਸਕਦਾ ਵਾਰਡਨ : ਹਾਈ ਕੋਰਟ

ਨਵੀਂ ਦਿੱਲੀ : ਬੰਦੀਆਂ ਦੀ ਕੁੱਟਮਾਰ ਦੇ ਮਾਮਲੇ ਵਿਚ ਜੇਲ੍ਹ ਵਾਰਡਨ ਨੂੰ ਭਵਿੱਖ ਵਿਚ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੰਦਿਆਂ ਦਿੱਲੀ ਹਾਈ ਕੋਰਟ ਨੇ ਕਿਹਾ ਹੈ ਕਿ ਜੇਲ੍ਹ ਅਧਿਕਾਰੀਆਂ ਵੱਲੋਂ ਕੈਦੀਆਂ ਵਿਰੁੱਧ ਬੇਵਜ੍ਹਾ ਹਿੰਸਾ ਦੀ ਵਰਤੋਂ ਬਿਲਕੁਲ ਵੀ ਮਨਜ਼ੂਰ ਨਹੀਂ ਹੈ। ਉੱਚ ਅਦਾਲਤ ਨੇ ਤਿਹਾੜ ਜੇਲ੍ਹ ਕੰਪਲੈਕਸ ਦੀ 26 ਜੂਨ ਦੀ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਤੋਂ ਬਾਅਦ ਵਾਰਡਨ ਨੂੰ ਚਿਤਾਵਨੀ ਜਾਰੀ ਕੀਤੀ।
ਇਸ ਫੁਟੇਜ ਵਿਚ ਕੁਝ ਕੈਦੀ ਆਪਸ ਵਿਚ ਲੜਦੇ ਹੋਏ ਅਤੇ ਅਧਿਕਾਰੀ ਉਨ੍ਹਾਂ ਨੂੰ ਖਿੰਡਾਉਣ ਲਈ ਮਾਰਦੇ ਹੋਏ ਨਜ਼ਰ ਆ ਰਹੇ ਹਨ। ਕੈਦੀਆਂ ਦੇ ਖਿੰਡਣ ਤੋਂ ਬਾਅਦ ਵਾਰਡਨ ਜੇਲ੍ਹ ਦੇ ਹੋਰ ਕਰਮਚਾਰੀਆਂ ਨਾਲ ਵਾਪਸ ਆਇਆ, ਕੈਦੀਆਂ ਨੂੰ ਉਨ੍ਹਾਂ ਦੀਆਂ ਕੋਠੜੀਆਂ ਵਿਚੋਂ ਬਾਹਰ ਕੱਢਿਆ ਅਤੇ ਉਨ੍ਹਾਂ ਨੂੰ ਮੁੜ ਕੁੱਟਣਾ ਸ਼ੁਰੂ ਕਰ ਦਿੱਤਾ। ਉੱਚ ਅਦਾਲਤ ਨੇ ਇਸ ਨੂੰ ‘ਗ਼ੈਰ-ਜ਼ਰੂਰੀ ਤੇ ਗੈਰ-ਸਵੀਕਾਰਯੋਗ’ ਦੱਸਿਆ ਹੈ।