ਭਾਰਤ ਨੇ ਸੰਯੁਕਤ ਰਾਸ਼ਟਰ ’ਚ ਪਾਕਿ ਦੇ ਝੂਠ ਤੇ ਧੋਖੇ ’ਤੇ ਵਿੰਨ੍ਹਿਆ ਨਿਸ਼ਾਨਾ

ਸੰਯੁਕਤ ਰਾਸ਼ਟਰ – ਭਾਰਤ ਨੇ ਸੰਯੁਕਤ ਰਾਸ਼ਟਰ ’ਚ ਪਾਕਿਸਤਾਨ ਦੇ ਝੂਠ ਅਤੇ ਧਓਖੇ ਦੀ ਤਿੱਖੀ ਆਲੋਚਨਾ ਕੀਤੀ ਤੇ ਇਸ ਨੂੰ ਕਠਪੁਤਲੀ ਸਰਕਾਰ ਕਿਹਾ । ਨਾਲ ਹੀ ਚਿਤਾਵਨੀ ਦਿੱਤੀ ਕਿ ਇਸਲਾਮਾਬਾਦ ਨੂੰ ਅੱਤਵਾਦ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ।
ਪਾਕਿ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਸ਼ੁੱਕਰਵਾਰ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ’ਚ ਆਪਣੇ ਸੰਬੋਧਨ ਦੌਰਾਨ ਇਕ ਵਾਰ ਫਿਰ ਕਸ਼ਮੀਰ ਦਾ ਮੁੱਦਾ ਉਠਾਇਆ ਤੇ 2025 ’ਚ ਭਾਰਤ ਨਾਲ ਫੌਜੀ ਟਕਰਾਅ ਨੂੰ ਰੋਕਣ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ‘ਸਮੇਂ ਸਿਰ ਦਖਲ’ ਦੀ ਸ਼ਲਾਘਾ ਕੀਤੀ । ਸ਼ਰੀਫ ਦੇ ਸੰਬੋਧਨ ਤੋਂ ਬਾਅਦ ਭਾਰਤ ਨੇ ਆਪਣੇ ‘ਜਵਾਬ ਦੇ ਅਧਿਕਾਰ’ ਦੀ ਵਰਤੋਂ ਕੀਤੀ।
ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਮਿਸ਼ਨ ਦੀ ਪਹਿਲੀ ਸਕੱਤਰ ਪੇਟਲ ਗਹਿਲੋਤ ਨੇ ਕਿਹਾ ਕਿ ਅਸੀਂ ਇਕ ਅਜਿਹੇ ਦੇਸ਼ ਕੋਲੋਂ ਲੋਕਰਾਜੀ ਅਧਿਕਾਰਾਂ ਤੇ ਮਨੁੱਖੀ ਕਦਰਾਂ-ਕੀਮਤਾਂ ’ਤੇ ਕੁਝ ਪਾਖੰਡੀ ਉਪਦੇਸ਼ ਸੁਣੇ ਹਨ ਜਿਸ ਦੀ ਰਾਜਧਾਨੀ ਆਪਣੇ ਲੋਕਾਂ ਤੋਂ ਆਪਣੇ ਆਪ ਨੂੰ ਬਚਾਉਣ ਲਈ ਮਜ਼ਬੂਤ ​​ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਇਹ ਇਸ ਲਈ ਹੋ ਰਿਹਾ ਹੈ ਕਿਉਂਕਿ ਇਹ ਫੌਜ ਦਾ, ਫੌਜ ਵੱਲੋਂ ਅਤੇ ਫੌਜ ਲਈ ਰਾਜ ਹੈ। ਇਸ ਦੀਆਂ ਕਠਪੁਤਲੀਆਂ ਆ ਸਕਦੀਆਂ ਹਨ ਤੇ ਜਾ ਸਕਦੀਆਂ ਹਨ ਪਰ ਇਸ ਬਾਰੇ ਕੋਈ ਉਲਝਣ ਨਹੀਂ ਹੋਣੀ ਚਾਹੀਦੀ ਕਿ ਅਸਲ ’ਚ ਫੈਸਲੇ ਕੌਣ ਲੈਂਦਾ ਹੈ।
ਕਸ਼ਮੀਰ ਮੁੱਦਾ ਉਠਾਉਣ ਲਈ ਪਾਕਿ ਦੀ ਆਲੋਚਨਾ ਕਰਦੇ ਹੋਏ ਗਹਿਲੋਤ ਨੇ ਕਿਹਾ ਕਿ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ -ਕਸ਼ਮੀਰ ਭਾਰਤ ਦਾ ਇਕ ਅਨਿੱਖੜਵਾਂ ਅੰਗ ਹੈ। ਇਹ ਹਮੇਸ਼ਾ ਅਜਿਹਾ ਹੀ ਰਹੇਗਾ। ਜੇ ਸਾਨੂੰ ਕਸ਼ਮੀਰ ਬਾਰੇ ਗੱਲ ਕਰਨੀ ਹੈ ਤਾਂ ਆਓ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ’ਤੇ ਧਿਆਨ ਕੇਂਦਰਿਤ ਕਰੀਏ। ਰਾਵਲਕੋਟ ਦੇ ਲੋਕਾਂ ਕੋਲੋਂ ਉਨ੍ਹਾਂ ਬੇਤੁਕੇ ਕਤਲਾਂ, ਬੇਰਹਿਮ ਹਿੰਸਾ ਅਤੇ ਬੁਨਿਆਦੀ ਅਧਿਕਾਰਾਂ ਤੋਂ ਇਨਕਾਰ ਬਾਰੇ ਪੁੱਛੀਏ ਜਿਨ੍ਹਾਂ ਦਾ ਉਹ ਲੰਬੇ ਸਮੇਂ ਤੋਂ ਸਾਹਮਣਾ ਕਰ ਰਹੇ ਹਨ।