2 ਦਿਨਾਂ ‘ਚ 800 ਡਰੋਨ ! ਖ਼ਤਰਨਾਕ ਮੋੜ ਲੈਂਦੀ ਜਾ ਰਹੀ ਰੂਸ-ਯੂਕ੍ਰੇਨ ਦੀ ਜੰਗ, ਕਿਤੇ ਬ੍ਰਿਟੇਨ ‘ਤੇ…

ਇੰਟਰਨੈਸ਼ਨਲ ਡੈਸਕ- ਰੂਸ ਤੇ ਯੂਕ੍ਰੇਨ ਵਿਚਾਲੇ 4 ਸਾਲਾਂ ਤੋਂ ਚੱਲਦੀ ਆ ਰਹੀ ਜੰਗ ਦਿਨੋ-ਦਿਨ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ। ਇਸੇ ਦੌਰਾਨ ਯੂਕ੍ਰੇਨੀ ਫ਼ੌਜ ਨੇ ਰੂਸ ’ਤੇ ਇਕ ਵੱਡਾ ਹਮਲਾ ਕੀਤਾ ਹੈ, ਜਿਸ ਵਿਚ 2 ਦਿਨਾਂ ’ਚ ਤਕਰੀਬਨ 800 ਡਰੋਨ ਦਾਗੇ ਗਏ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਰੂਸ ਵੱਲੋਂ ਯੂਕ੍ਰੇਨ ’ਤੇ 4 ਸਾਲ ਪਹਿਲਾਂ ਹਮਲਾ ਸ਼ੁਰੂ ਕੀਤੇ ਜਾਣ ਤੋਂ ਬਾਅਦ ਕੀਵ ਵੱਲੋਂ ਕੀਤੇ ਗਏ ਸਭ ਤੋਂ ਵੱਡੇ ਡਰੋਨ ਹਮਲਿਆਂ ਵਿਚ ਇਹ ਹਮਲਾ ਸ਼ਾਮਲ ਹੈ।
ਇਸ ਦੌਰਾਨ ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਯੂਕ੍ਰੇਨ ਦੇ ਉੱਤਰ-ਪੂਰਬੀ ਖਾਰਕੀਵ ਇਲਾਕੇ ਦੇ ਇਕ ਪਿੰਡ ਵਿਚ ਰੂਸੀ ਮਿਜ਼ਾਈਲ ਹਮਲੇ ਵਿਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ 8 ਹੋਰ ਜ਼ਖ਼ਮੀ ਹੋ ਗਏ, ਜਦਕਿ ਕਈ ਇਮਾਰਤਾਂ ਤਬਾਹ ਹੋ ਗਈਆਂ। ਦੋਵੇਂ ਦੇਸ਼ ਇਕ-ਦੂਜੇ ’ਤੇ ਹਵਾਈ ਹਮਲੇ ਕਰ ਰਹੇ ਹਨ, ਜਦਕਿ ਪੂਰਬੀ ਅਤੇ ਦੱਖਣੀ ਯੂਕ੍ਰੇਨ ਵਿਚ ਲੱਗਭਗ 1,250 ਕਿਲੋਮੀਟਰ (780 ਮੀਲ) ਲੰਬੇ ਅਗਲੇ ਮੋਰਚੇ ’ਤੇ ਲੜਾਈ ਵੱਡੀ ਗਿਣਤੀ ਵਿਚ ਡਰੋਨਾਂ ਅਤੇ ਜ਼ਮੀਨੀ ਰੋਬੋਟਾਂ ਦੀ ਵਜ੍ਹਾ ਕਾਰਨ ਸੀਮਤ ਹੋ ਗਈ ਹੈ, ਜੋ ਫੌਜੀਆਂ ਦੀ ਆਵਾਜਾਈ ਲਈ ਖ਼ਤਰਾ ਬਣੇ ਹੋਏ ਹਨ।
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸ਼ਾਂਤੀ ਵਾਰਤਾ ਦੇ ਦਬਾਅ ਨੂੰ ਨਹੀਂ ਮੰਨ ਰਹੇ ਹਨ। ਪਿਛਲੇ ਇਕ ਸਾਲ ਵਿਚ ਯੂਕ੍ਰੇਨ ਨੇ ਰੂਸ ਦੇ ਅੰਦਰ ਦੂਰ ਤੱਕ ਹਮਲੇ ਕਰਨ ਲਈ ਦੇਸ਼ ਵਿਚ ਹੀ ਬਣੇ ਲੰਬੀ ਦੂਰੀ ਦੇ ਡਰੋਨ ਤਿਆਰ ਅਤੇ ਤਾਇਨਾਤ ਕੀਤੇ ਹਨ। ਉਸ ਦੀ ਡਰੋਨ ਤਕਨਾਲੋਜੀ ਨੇ ਦੁਨੀਆ ਭਰ ਦੀਆਂ ਸਰਕਾਰਾਂ ਅਤੇ ਰੱਖਿਆ ਨਿਰਮਾਤਾਵਾਂ ਦਾ ਧਿਆਨ ਖਿੱਚਿਆ ਹੈ। ਕੀਵ ਦੇ ਅਧਿਕਾਰੀਆਂ ਦਾ ਮਕਸਦ ਹੈ ਕਿ ਰੂਸੀ ਜਨਤਾ ਨੂੰ ਯੁੱਧ ਦੇ ਨਤੀਜਿਆਂ ਦਾ ਅਹਿਸਾਸ ਹੋਵੇ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ’ਤੇ ਸ਼ਾਂਤੀ ਸਮਝੌਤਾ ਕਰਨ ਦਾ ਦਬਾਅ ਬਣੇ।
ਯੂਕ੍ਰੇਨ ਨੇ ਬ੍ਰਿਟਿਸ਼ ਡਰੋਨ ਨਾਲ ਰੂਸ ’ਤੇ ਕੀਤਾ ਹਮਲਾ
ਯੂਕ੍ਰੇਨ ਨੇ ਰੂਸ ਦੀ ਸਭ ਤੋਂ ਵੱਡੀ ਆਨਲਾਈਨ ਰਿਟੇਲ ਕੰਪਨੀ ‘ਵਾਈਲਡਬੇਰੀਜ਼’ ਦੇ ਵੱਡੇ ਗੋਦਾਮਾਂ ’ਤੇ ਜੁਲਾਈ ਅਤੇ ਅਗਸਤ ਵਿਚ ਕਈ ਵਾਰ ਹਮਲੇ ਕੀਤੇ। ਇਨ੍ਹਾਂ ਵਿਚ ਅਰਬਾਂ ਰੁਪਏ ਦਾ ਸਾਮਾਨ ਸੜ ਗਿਆ। ਰੂਸ ਨੇ ਬ੍ਰਿਟੇਨ ’ਤੇ ਯੂਕ੍ਰੇਨ ਜੰਗ ਵਿਚ ਦਖ਼ਲ ਦੇਣ ਦਾ ਦੋਸ਼ ਲਾਇਆ ਹੈ।
ਰੂਸੀ ਸਰਕਾਰ ਦਾ ਦਾਅਵਾ ਹੈ ਕਿ ਯੂਕ੍ਰੇਨ ਨੇ ਰੂਸ ’ਤੇ ਹਮਲੇ ਵਿਚ ਜਿਸ ਡਰੋਨ ਦੀ ਵਰਤੋਂ ਕੀਤੀ ਸੀ, ਉਹ ਬ੍ਰਿਟੇਨ ਨੇ ਬਣਾਇਆ ਸੀ। ਰੂਸ ਨੇ ਕਿਹਾ ਕਿ ਇਸ ਦੇ ਲਈ ਬ੍ਰਿਟੇਨ ਨੂੰ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ। ਇਸੇ ਰਿਪੋਰਟ ਵਿਚ ਖ਼ੁਲਾਸਾ ਹੋਇਆ ਸੀ ਕਿ ਯੂਕ੍ਰੇਨ ਨੇ ਰੂਸ ’ਚ ਹਮਲਾ ਕਰਨ ਲਈ 2 ਬ੍ਰਿਟਿਸ਼ ਕੰਪਨੀਆਂ ਦੇ ਬਣਾਏ ਡਰੋਨਾਂ ਦੀ ਵਰਤੋਂ ਕੀਤੀ। ‘ਸੰਡੇ ਟਾਈਮਜ਼’ ਦੀ ਇਹ ਰਿਪੋਰਟ ਜੇਕਰ ਸਹੀ ਹੈ, ਤਾਂ ਇਹ ਪਹਿਲੀ ਵਾਰ ਹੋਵੇਗਾ ਜਦੋਂ ਬ੍ਰਿਟਿਸ਼ ਤਕਨਾਲੋਜੀ ਨਾਲ ਬਣੇ ਡਰੋਨ ਰੂਸ ’ਤੇ ਹੋਏ ਹਮਲਿਆਂ ਵਿਚ ਵਰਤੇ ਗਏ ਹਨ।