ਮੋਹਾਲੀ : ਮਾਰਚ 2022 ’ਚ 18 ਸਾਲਾ ਸੋਨੂੰ ਦੇ ਕਤਲ ਦੇ ਬਹੁ-ਚਰਚਿਤ ਮਾਮਲੇ ’ਚ ਜ਼ਿਲ੍ਹਾ ਸੈਸ਼ਨ ਜੱਜ ਅਤੁਲ ਕਸਾਨਾ ਦੀ ਅਦਾਲਤ ਨੇ ਮੁਲਜ਼ਮ ਰਾਹੁਲ ਕੁਮਾਰ ਵਾਸੀ ਉੱਤਰ ਪ੍ਰਦੇਸ਼, ਹਾਲ ਵਾਸੀ ਪਿੰਡ ਨਿਹੋਲਕਾ (ਕੁਰਾਲੀ) ਨੂੰ ਦੋਸ਼ੀ ਕਰਾਰ ਦਿੱਤਾ ਹੈ। ਉਸ ਨੂੰ ਉਮਰਕੈਦ ਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਇਸ ਦੇ ਨਾਲ ਹੀ ਧਾਰਾ 201 ਤਹਿਤ ਸਬੂਤ ਖੁਰਦ-ਬੁਰਦ ਕਰਨ ਦੇ ਦੋਸ਼ ’ਚ 2 ਸਾਲ ਦੀ ਕੈਦ ਅਤੇ 3 ਹਜ਼ਾਰ ਰੁਪਏ ਜੁਰਮਾਨਾ ਵੀ ਲਾਇਆ ਗਿਆ ਹੈ। ਇਸ ਕੇਸ ਦੀ ਪੈਰਵਾਈ ਸਰਕਾਰੀ ਧਿਰ ਵੱਲੋਂ ਜ਼ਿਲ੍ਹਾ ਅਟਾਰਨੀ ਹਰਦੀਪ ਸਿੰਘ ਕਾਹਲੋਂ ਨੇ ਕੀਤੀ। ਅਦਾਲਤ ’ਚ ਪੇਸ਼ ਕੀਤੀ ਗਈ ਚਾਰਜਸ਼ੀਟ ਅਨੁਸਾਰ ਸ਼ਿਕਾਇਤਕਰਤਾ ਮਾਇਆ ਨੇ ਪੁਲਸ ਨੂੰ ਦੱਸਿਆ ਸੀ ਕਿ 31 ਮਾਰਚ 2022 ਨੂੰ ਉਸ ਦਾ ਪੁੱਤਰ ਸੋਨੂੰ ਘਰੋਂ ਨਿਕਲਣ ਤੋਂ ਬਾਅਦ ਵਾਪਸ ਨਹੀਂ ਪਰਤਿਆ ਅਤੇ ਉਸ ਦਾ ਮੋਬਾਇਲ ਵੀ ਬੰਦ ਆ ਰਿਹਾ ਸੀ। ਗੁੰਮਸ਼ੁਦਗੀ ਦੀ ਰਿਪੋਰਟ ਦਰਜ ਹੋਣ ਮਗਰੋਂ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਸੋਨੂੰ ਨੂੰ ਆਖ਼ਰੀ ਵਾਰ ਰਾਹੁਲ ਕੁਮਾਰ ਆਪਣੇ ਨਾਲ ਲੈ ਕੇ ਗਿਆ ਸੀ।
ਇਸ ਸੂਚਨਾ ਦੇ ਆਧਾਰ ’ਤੇ ਕੁਰਾਲੀ ਪੁਲਸ ਨੇ ਕਤਲ ਤੇ ਸਬੂਤ ਖੁਰਦ-ਬੁਰਦ ਕਰਨ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ। ਤਫ਼ਤੀਸ਼ ਦੌਰਾਨ 8 ਅਪ੍ਰੈਲ 2022 ਨੂੰ ਸੂਚਨਾ ਦੇ ਆਧਾਰ ’ਤੇ ਪੁਲਸ ਨੇ ਪਿੰਡ ਨਿਹੋਲਕਾ ’ਚ ਆਪਣੇ ਮਾਲਕ ਦੀ ਮੋਟਰ ’ਤੇ ਲੁਕੇ ਬੈਠੇ ਰਾਹੁਲ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਉਸ ਨੇ ਖ਼ੁਲਾਸਾ ਕੀਤਾ ਕਿ ਉਹ ਸੋਨੂੰ ਨੂੰ ਆਪਣੇ ਨਾਲ ਨਿਹੋਲਕਾ ਲੈ ਗਿਆ ਸੀ, ਜਿੱਥੇ ਉਸ ਨੂੰ ਸ਼ਰਾਬ ਪਿਲਾਈ ਗਈ। ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਚੱਲ ਰਹੀ ਰੰਜਿਸ਼ ਕਾਰਨ ਉਸ ਨੇ ਸੋਨੂੰ ਦਾ ਮੂੰਹ ਦਬਾ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਲਾਸ਼ ਨੂੰ ਮੋਟਰ ਦੇ ਕਮਰੇ ’ਚ ਲੁਕਾ ਕੇ ਰੱਖਿਆ ਤੇ ਅਗਲੀ ਰਾਤ ਦੋ ਖਾਦ ਦੀਆਂ ਬੋਰੀਆਂ ’ਚ ਪਾ ਕੇ ਸਾਈਕਲ ਰਾਹੀਂ ਪਿੰਡ ਚਿੰਤਗੜ੍ਹ ਦੇ ਸ਼ਮਸ਼ਾਨ ਘਾਟ ਨੇੜੇ ਸੁੱਟ ਦਿੱਤਾ ਤਾਂ ਜੋ ਸਬੂਤ ਮਿਟਾਏ ਜਾ ਸਕਣ। ਬਾਅਦ ’ਚ ਪੁਲਸ ਨੇ ਲਾਸ਼ ਬਰਾਮਦ ਕਰ ਲਈ, ਜਿਸ ਦੀ ਪਛਾਣ ਪਰਿਵਾਰ ਨੇ ਕੱਪੜਿਆਂ ਅਤੇ ਚੱਪਲਾਂ ਦੇ ਆਧਾਰ ’ਤੇ ਕੀਤੀ। ਜਾਂਚ ਮੁਕੰਮਲ ਹੋਣ ਤੋਂ ਬਾਅਦ ਪੁਲਸ ਨੇ ਚਲਾਨ ਅਦਾਲਤ ’ਚ ਪੇਸ਼ ਕੀਤਾ। ਸਰਕਾਰੀ ਧਿਰ ਵੱਲੋਂ ਪੇਸ਼ ਕੀਤੇ ਗਏ ਗਵਾਹਾਂ ਤੇ ਵਿਗਿਆਨਕ ਸਬੂਤਾਂ ਦੇ ਆਧਾਰ ’ਤੇ ਅਦਾਲਤ ਨੇ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੰਦਿਆਂ ਸਜ਼ਾ ਸੁਣਾਈ।
ਗੁੰਮਸ਼ੁਦਗੀ ਤੋਂ ਸ਼ੁਰੂ ਹੋਈ ਜਾਂਚ ਨੇ ਖੋਲ੍ਹਿਆ ਕਤਲ ਦਾ ਭੇਤ
ਸੋਨੂੰ ਦੇ ਲਾਪਤਾ ਹੋਣ ਤੋਂ ਬਾਅਦ ਦਰਜ ਹੋਈ ਗੁੰਮਸ਼ੁਦਗੀ ਦੀ ਰਿਪੋਰਟ ਇਸ ਕੇਸ ਦੀ ਸਭ ਤੋਂ ਅਹਿਮ ਕੜੀ ਸਾਬਤ ਹੋਈ। ਜਾਂਚ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਸੋਨੂੰ ਨੂੰ ਆਖ਼ਰੀ ਵਾਰ ਰਾਹੁਲ ਕੁਮਾਰ ਆਪਣੇ ਨਾਲ ਲੈ ਕੇ ਗਿਆ ਸੀ। ਇਸੇ ਸੁਰਾਗ ਦੇ ਆਧਾਰ ’ਤੇ ਪੁਲਸ ਮੁਲਜ਼ਮ ਤੱਕ ਪਹੁੰਚੀ ਤੇ ਪੁੱਛਗਿੱਛ ਦੌਰਾਨ ਹੋਏ ਖੁਲਾਸਿਆਂ ਤੋਂ ਬਾਅਦ ਲਾਸ਼ ਬਰਾਮਦ ਕਰਕੇ ਮਾਮਲੇ ਦੀ ਗੁੱਥੀ ਸੁਲਝਾਈ ਗਈ।















