ਸਮੂਹਿਕ ਜਬਰ-ਜ਼ਿਨਾਹ ਦੇ ਦੋਸ਼ ਤੋਂ ਮੁਕਤ ਆਸਾਰਾਮ, ਨਾਬਾਲਗ ਮਾਮਲੇ ’ਚ ਉਮਰਕੈਦ ਬਰਕਰਾਰ

ਜੋਧਪੁਰ – ਰਾਜਸਥਾਨ ਹਾਈ ਕੋਰਟ ਨੇ ਬਾਬਾ ਆਸਾਰਾਮ ਨੂੰ ਬੁੱਧਵਾਰ ਨੂੰ ਅੰਸ਼ਿਕ ਰਾਹਤ ਦਿੰਦੇ ਹੋਏ ਉਸ ਨੂੰ ਭਾਰਤੀ ਦੰਡ ਸੰਹਿਤਾ ਅਤੇ ਪੋਕਸੋ ਐਕਟ ਦੇ ਤਹਿਤ ਸਮੂਹਿਕ ਜਬਰ-ਜ਼ਨਾਹ ਅਤੇ ਬੱਚੇ ਦੇ ਸਮੂਹਿਕ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ, ਜਦਕਿ ਨਾਬਾਲਗ ਨਾਲ ਜਬਰ-ਜ਼ਨਾਹ ਦੇ ਮਾਮਲੇ ’ਚ ਉਸ ਦੀ ਉਮਰਕੈਦ ਦੀ ਸਜ਼ਾ ਬਰਕਰਾਰ ਰੱਖੀ ਹੈ। ਜਸਟਿਸ ਅਰੁਣ ਮੋਂਗਾ ਅਤੇ ਜਸਟਿਸ ਯੋਗੇਂਦਰ ਕੁਮਾਰ ਪੁਰੋਹਿਤ ਦੀ ਬੈਂਚ ਨੇ ਭਾਰਤੀ ਦੰਡ ਸੰਹਿਤਾ ਦੀ ਧਾਰਾ 376(ਡੀ) ਅਤੇ ਪੋਕਸੋ ਐਕਟ ਦੀ ਧਾਰਾ 5(ਜੀ)/6 ਦੇ ਤਹਿਤ ਆਸਾਰਾਮ ਨੂੰ ਬਰੀ ਕਰ ਦਿੱਤਾ।
ਦੱਸ ਦੇਈਏ ਕਿ ਇਸ ਤੋਂ ਇਲਾਵਾ ਅਦਾਲਤ ਨੇ ਆਸਾਰਾਮ ਨੂੰ ਅਪਰਾਧਿਕ ਸਾਜ਼ਿਸ਼ ਨਾਲ ਜੁੜੀ ਧਾਰਾ 120(ਬੀ) ਤੋਂ ਵੀ ਮੁਕਤ ਕਰ ਦਿੱਤਾ ਹੈ। ਹਾਲਾਂਕਿ, ਬੈਂਚ ਨੇ ਨਾਬਾਲਗ ਨਾਲ ਜਬਰ-ਜ਼ਨਾਹ ਨਾਲ ਸਬੰਧਤ ਭਾਰਤੀ ਦੰਡ ਸੰਹਿਤਾ ਦੀ ਧਾਰਾ 376(2)(ਐੱਫ) ਦੇ ਤਹਿਤ ਹੇਠਲੀ ਅਦਾਲਤ ਵੱਲੋਂ ਆਸਾਰਾਮ ਨੂੰ ਸੁਣਾਈ ਗਈ ਸਜ਼ਾ ਨੂੰ ਬਰਕਰਾਰ ਰੱਖਿਆ ਹੈ। ਇਸ ਦੇ ਨਾਲ ਹੀ ਅਦਾਲਤ ਨੇ ਆਸਾਰਾਮ ਨੂੰ ਇਸ ਸਜ਼ਾ ਦੇ ਮੱਦੇਨਜ਼ਰ ਆਤਮ-ਸਮਰਪਣ ਕਰਨ ਦਾ ਹੁਕਮ ਦਿੱਤਾ।