ਨੈਸ਼ਨਲ ਡੈਸਕ- ਹਰਿਆਣਾ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਗੋਹਾਨਾ ਸ਼ਹਿਰ ਦੀ ਦੇਵੀਨਗਰ ਕਾਲੋਨੀ ਵਿੱਚ ਇੱਕ 23 ਸਾਲਾ ਕੁੜੀ ਦਾ ਉਸ ਦੇ ਪਿਤਾ ਵੱਲੋਂ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕਾ ਨਰਸਿੰਗ ਦੀ ਪੜ੍ਹਾਈ ਕਰ ਰਹੀ ਸੀ। ਜਾਣਕਾਰੀ ਅਨੁਸਾਰ ਕੁੜੀ ਦਾ ਤੇਜ਼ਧਾਰ ਹਥਿਆਰ ਨਾਲ ਗਲ਼ਾ ਵੱਢ ਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ।
ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਪੁਲਸ ਨੇ ਮ੍ਰਿਤਕਾ ਦੇ ਪਿਤਾ, ਜਿਸ ਦਾ ਨਾਮ ਅਨਿਲ ਦੱਸਿਆ ਜਾ ਰਿਹਾ ਹੈ, ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸ਼ੁਰੂਆਤੀ ਜਾਂਚ ਵਿੱਚ ਕਤਲ ਦਾ ਕਾਰਨ ਘਰੇਲੂ ਕਲੇਸ਼ ਜਾਂ ਪ੍ਰੇਮ ਸਬੰਧਾਂ ਨੂੰ ਲੈ ਕੇ ਸ਼ੱਕ ਦੱਸਿਆ ਜਾ ਰਿਹਾ ਹੈ। ਹਾਲਾਂਕਿ, ਪੁਲਸ ਦਾ ਕਹਿਣਾ ਹੈ ਕਿ ਅਸਲ ਕਾਰਨ ਜਾਂਚ ਤੋਂ ਬਾਅਦ ਹੀ ਸਾਫ਼ ਹੋ ਸਕੇਗਾ।
ਗੋਹਾਨਾ ਦੇ ਡੀ.ਸੀ.ਪੀ. ਜਤਿੰਦਰ ਗਹਿਲਾਵਤ ਨੇ ਮੌਕੇ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਵਾਰਡ ਦੇ ਕੌਂਸਲਰ ਨਰਿੰਦਰ ਕੁਮਾਰ ਨੇ ਵੀ ਇਸ ਘਟਨਾ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਪੂਰਾ ਇਲਾਕਾ ਇਸ ਵਾਰਦਾਤ ਮਗਰੋਂ ਸਦਮੇ ਵਿੱਚ ਹੈ।















