ਜਲੰਧਰ/ਚੰਡੀਗੜ੍ਹ – ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸੁਨੀਲ ਜਾਖੜ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ‘ਤੇ ਤਿੱਖਾ ਹਮਲਾ ਬੋਲਦਿਆਂ ਇਸ ਨੂੰ ‘ਕੱਟੜ ਬੇਈਮਾਨ’ ਸਰਕਾਰ ਕਰਾਰ ਦਿੱਤਾ ਹੈ। ਸੁਨੀਲ ਜਾਖੜ ਨੇ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਡਿਸਟ੍ਰਿਕਟ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਵੱਲੋਂ ਕੀਤੀ ਗਈ ਖ਼ੁਦਕੁਸ਼ੀ ‘ਤੇ ਡੂੰਘੇ ਦੁੱਖ਼ ਦਾ ਪ੍ਰਗਟਾਵਾ ਕਰਦਿਆਂ ਇਲਜ਼ਾਮ ਲਗਾਇਆ ਕਿ ਅਧਿਕਾਰੀ ਨੂੰ ਇਹ ਕਦਮ ਚੁੱਕਣ ਲਈ ਇਸ ਲਈ ਮਜਬੂਰ ਹੋਣਾ ਪਿਆ ਕਿਉਂਕਿ ਮੰਤਰੀ ਲਾਲਜੀਤ ਭੁੱਲਰ ਵੱਲੋਂ ਕਥਿਤ ਤੌਰ ‘ਤੇ 10 ਲੱਖ ਰੁਪਏ ਦੀ ਰਿਸ਼ਵਤ ਮੰਗੀ ਜਾ ਰਹੀ ਸੀ।
ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੰਗ ਕਰਦੇ ਕਿਹਾ ਕਿ ਭਾਵੇਂ ਉਹ ਭ੍ਰਿਸ਼ਟਾਚਾਰ ਨੂੰ ਕੈਂਸਰ ਕਹਿੰਦੇ ਹਨ, ਪਰ ਇਸ ਕੈਂਸਰ ਦਾ ਇਲਾਜ ਹੁਣ ਪੰਜਾਬ ਦੀ ਜਨਤਾ ਭਾਜਪਾ ਨੂੰ ‘ਸਰਜਨ’ ਵਜੋਂ ਚੁਣ ਕੇ ਕਰੇਗੀ। ਉਨ੍ਹਾਂ ਮੰਗ ਕੀਤੀ ਕਿ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਫ਼ੌਰੀ ਤੌਰ ‘ਤੇ ਲਾਲਜੀਤ ਸਿੰਘ ਭੁੱਲਰ ‘ਤੇ ਮਾਮਲਾ ਦਰਜ ਕਰਕੇ ਜਲਦੀ ਉਸ ਦੀ ਗ੍ਰਿਫ਼ਤਾਰੀ ਕੀਤੀ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ।
ਕੇਜਰੀਵਾਲ ਦੇ ‘ਇਮਾਨਦਾਰੀ ਦੇ ਸਰਟੀਫਿਕੇਟ’ ‘ਤੇ ਚੁੱਕੇ ਸਵਾਲ
ਸੁਨੀਲ ਜਾਖੜ ਨੇ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਦਿੱਲੀ ਦੀਆਂ ਅਦਾਲਤਾਂ ਤੋਂ ‘ਕੱਟੜ ਇਮਾਨਦਾਰੀ’ ਦਾ ਸਰਟੀਫਿਕੇਟ ਲੈ ਕੇ ਆਉਣ ਵਾਲਿਆਂ ਦੀ ਅਸਲੀਅਤ ਹੁਣ ਜਨਤਾ ਦੇ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਗੈਂਗਸਟਰਾਂ ਅਤੇ ਨਸ਼ਿਆਂ ਕਾਰਨ ਪਹਿਲਾਂ ਹੀ ਜਾਨਾਂ ਜਾ ਰਹੀਆਂ ਸਨ ਪਰ ਹੁਣ ਸਰਕਾਰੀ ਭ੍ਰਿਸ਼ਟਾਚਾਰ ਵੀ ਲੋਕਾਂ ਦੀਆਂ ਜਾਨਾਂ ਲੈਣ ਲੱਗਾ ਹੈ। ਉਨ੍ਹਾਂ ਯਾਦ ਕਰਵਾਇਆ ਕਿ ਉਨ੍ਹਾਂ ਨੇ ਪਿਛਲੇ ਸਾਲ ਹੀ ਸਰਕਾਰ ਨੂੰ ਚਿੱਠੀ ਲਿਖ ਕੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਹੋਰਨਾਂ ਪਾਰਟੀਆਂ ਦੇ ਆਗੂਆਂ ਦੇ ਖਾਤਿਆਂ ਦੀ ਜਾਂਚ ਕਰਨ ਦੀ ਮੰਗ ਕੀਤੀ ਸੀ।
ਗ਼ਰੀਬੀ ਦਾ ਦਾਅਵਾ ਕਰਨ ਵਾਲਿਆਂ ਦੇ ਬਣ ਰਹੇ ਨੇ ਮਹਿਲ
ਸੁਨੀਲ ਜਾਖੜ ਨੇ ਕਿਹਾ ਕਿ ਜਿਹੜੇ ਲੋਕ ਚੋਣਾਂ ਵੇਲੇ ਆਪਣੇ ਆਪ ਨੂੰ ਗ਼ਰੀਬ ਘਰਾਂ ਦੇ ਦੱਸਦੇ ਸਨ, ਅੱਜ ਉਨ੍ਹਾਂ ਦੇ ਆਲੀਸ਼ਾਨ ਮਹਿਲ ਅਤੇ ਕਈ ਏਕੜਾਂ ‘ਚ ਫੈਲੇ ਫਾਰਮ ਹਾਊਸ ਬਣ ਰਹੇ ਹਨ। ਉਨ੍ਹਾਂ ਇਲਜ਼ਾਮ ਲਗਾਇਆ ਕਿ ਭਗਵੰਤ ਮਾਨ ਦੀ ਕਮਜ਼ੋਰੀ ਕਾਰਨ ਦਿੱਲੀ ਦੀ ‘ਕੇਜਰੀਵਾਲ ਐਂਡ ਕੰਪਨੀ’ ਪੰਜਾਬ ਨੂੰ ਲੁੱਟ ਰਹੀ ਹੈ।















