ਮੋਹਾਲੀ : ਮੋਹਾਲੀ ‘ਚ ਕਬੱਡੀ ਮੈਚ ਦੌਰਾਨ ਰਾਣਾ ਬਲਾਚੌਰੀਆ ਦੇ ਕਤਲ ਮਾਮਲੇ ਨੂੰ ਲੈ ਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਰਾਣਾ ਬਲਾਚੌਰੀਆ ਦੇ ਪਰਿਵਾਰ ਨਾਲ ਉਹ ਖੜ੍ਹੇ ਹਨ ਕਿਉਂਕਿ ਪਰਿਵਾਰ ਲਈ ਇਹ ਬਹੁਤ ਔਖੀ ਘੜੀ ਹੈ। ਮੇਰੀ ਹਮਦਰਦੀ ਉਨ੍ਹਾਂ ਨਾਲ ਹੈ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਜਿੰਨੇ ਵੀ ਗੈਂਗਸਟਰ ਹਨ, ਹੁਣ ਉਨ੍ਹਾਂ ਦਾ ਇਹ ਆਖ਼ਰੀ ਪੜਾਅ ਹੈ ਅਤੇ ਇਹ ਬਹੁਤ ਘਿਨਾਉਣੀ ਹਰਕਤ ਕੀਤੀ ਹੈ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਜਿਨ੍ਹਾਂ ਨੇ ਗੈਂਗਸਟਰਵਾਦ ਨੂੰ ਪਾਲਿਆ, ਜਿਨ੍ਹਾਂ ਨੇ ਇਨ੍ਹਾਂ ਨੂੰ ਜਨਮ ਦਿੱਤਾ ਅਤੇ ਪੰਜਾਬ ਦੇ ਬੱਚਿਆਂ ਨੂੰ ਗਲਤ ਰਾਹ ‘ਤੇ ਪਾਇਆ, ਉਨ੍ਹਾਂ ਦਾ ਆਖ਼ਰੀ ਸਮਾਂ ਆ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਹਰ ਸੰਭਵ ਤਰੀਕੇ ਨਾਲ ਪੰਜਾਬ ‘ਚੋਂ ਗੈਂਗਸਟਰਵਾਦ ਖ਼ਤਮ ਕਰਾਂਗੇ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਗੈਂਗਸਟਰਵਾਦ ਅਤੇ ਪੰਜਾਬ ਦੀ ਤਰੱਕੀ ਇਕੱਠਿਆਂ ਨਹੀਂ ਹੋ ਸਕਦੀ, ਜੇਕਰ ਪੰਜਾਬ ਨੇ ਤਰੱਕੀ ਕਰਨੀ ਹੈ, ਜੇਕਰ ਸਾਡੇ ਬੱਚਿਆਂ ਨੂੰ ਇੱਥੇ ਰੁਜ਼ਗਾਰ ਮਿਲਣਾ ਹੈ ਤਾਂ ਇਹ ਜਿਹੜੇ ਗੈਂਗਸਟਰ ਆ, ਉਨ੍ਹਾਂ ਦਾ ਸਫ਼ਾਇਆ ਕਰਨਾ ਪਵੇਗਾ।
ਉਨ੍ਹਾਂ ਕਿਹਾ ਕਿ ਗੈਂਗਸਟਰਾਂ ਦੀ ਜ਼ਿੰਦਗੀ ਹਫ਼ਤਿਆਂ ਜਾਂ ਮਹੀਨਿਆਂ ਦੀ ਹੀ ਹੁੰਦੀ ਹੈ, ਇਸ ਲਈ ਮਾਪੇ ਆਪਣੇ ਬੱਚਿਆਂ ਨੂੰ ਬੁਰੀ ਸੰਗਤ ਤੋਂ ਬਚਾ ਕੇ ਰੱਖਣ। ਡਾ. ਬਲਬੀਰ ਸਿੰਘ ਨੇ ਮੰਨਿਆ ਕਿ ਗੈਂਗਸਟਰਾਂ ਵਲੋਂ ਖਿਡਾਰੀਆਂ ਅਤੇ ਕਲਾਕਾਰਾਂ ਨੂੰ ਜ਼ਿਆਦਾ ਟਾਰਗੇਟ ਕੀਤਾ ਜਾ ਰਿਹਾ ਹੈ।







