ਦੀਰ ਅਲ-ਬਲਾਹ/ਗਾਜ਼ਾ ਪੱਟੀ – ਗਾਜ਼ਾ ਵਿੱਚ ਰਾਤ-ਭਰ ਹੋਏ ਇਜ਼ਰਾਈਲੀ ਹਮਲਿਆਂ ਵਿੱਚ ਕਈ ਬੱਚਿਆਂ ਸਮੇਤ ਘੱਟੋ-ਘੱਟ 60 ਲੋਕ ਮਾਰੇ ਗਏ ਅਤੇ ਕਈ ਜ਼ਮਖੀ ਹੋ ਗਏ ਹਨ। ਸਥਾਨਕ ਹਸਪਤਾਲ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਹਮਲੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵੱਲੋਂ ਹਮਾਸ ਦੁਆਰਾ ਇੱਕ ਨਾਜ਼ੁਕ ਜੰਗਬੰਦੀ ਦੀ ਉਲੰਘਣਾ ਕਰਨ ਤੋਂ ਬਾਅਦ “ਸ਼ਕਤੀਸ਼ਾਲੀ ਹਮਲਿਆਂ” ਦੇ ਆਦੇਸ਼ ਦੇਣ ਤੋਂ ਬਾਅਦ ਕੀਤੇ ਗਏ।
ਗਾਜ਼ਾ ਪੱਟੀ ਦੇ ਮੱਧ ਸ਼ਹਿਰ ਦੀਰ ਅਲ-ਬਲਾਹ ਵਿੱਚ ਅਕਸਾ ਹਸਪਤਾਲ ਨੇ ਦੱਸਿਆ ਕਿ ਦੋ ਇਜ਼ਰਾਈਲੀ ਹਵਾਈ ਹਮਲਿਆਂ ਤੋਂ ਬਾਅਦ ਰਾਤ-ਭਰ ਘੱਟੋ-ਘੱਟ 10 ਲਾਸ਼ਾਂ, ਜਿਨ੍ਹਾਂ ਵਿੱਚ 3 ਔਰਤਾਂ ਅਤੇ 6 ਬੱਚੇ ਸ਼ਾਮਲ ਹਨ, ਹਸਪਤਾਲ ਲਿਆਂਦੀਆਂ ਗਈਆਂ। ਦੱਖਣੀ ਗਾਜ਼ਾ ਦੇ ਖਾਨ ਯੂਨਿਸ ਵਿੱਚ ਨਾਸਰ ਹਸਪਤਾਲ ਨੇ ਇਲਾਕੇ ਵਿੱਚ 5 ਇਜ਼ਰਾਈਲੀ ਹਮਲਿਆਂ ਤੋਂ ਬਾਅਦ 13 ਬੱਚਿਆਂ ਅਤੇ 2 ਔਰਤਾਂ ਸਮੇਤ 20 ਲਾਸ਼ਾਂ ਪ੍ਰਾਪਤ ਕਰਨ ਦੀ ਰਿਪੋਰਟ ਦਿੱਤੀ। ਮੱਧ ਗਾਜ਼ਾ ਦੇ ਅਲ-ਅਵਦਾ ਹਸਪਤਾਲ ਨੇ ਕਿਹਾ ਕਿ ਉਸਨੂੰ 30 ਲਾਸ਼ਾਂ ਮਿਲੀਆਂ ਹਨ, ਜਿਨ੍ਹਾਂ ਵਿੱਚੋਂ 14 ਬੱਚਿਆਂ ਦੀਆਂ ਹਨ।







