ਬਿਹਾਰ ‘ਚ ਹੜ੍ਹ ਨੇ ਮਚਾਈ ਤਬਾਹੀ! ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਨਦੀਆਂ, 8 ਲੱਖ ਲੋਕ ਪ੍ਰਭਾਵਿਤ

ਬਿਹਾਰ : ਬਿਹਾਰ ਦੇ ਸੱਤ ਜ਼ਿਲ੍ਹਿਆਂ ਵਿੱਚ ਲਗਭਗ ਅੱਠ ਲੱਖ ਲੋਕ 24 ਅਗਸਤ ਤੋਂ ਲਗਾਤਾਰ ਹੋ ਰਹੀ ਮੂਸਲਾਧਾਰ ਬਾਰਿਸ਼ ਕਾਰਨ ਆਏ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਹਨ। ਇਹ ਜਾਣਕਾਰੀ ਸੋਮਵਾਰ ਨੂੰ ਇੱਕ ਅਧਿਕਾਰਤ ਬਿਆਨ ਵਿੱਚ ਦਿੱਤੀ ਗਈ। ਇਸ ਅਨੁਸਾਰ ਬਾਰਿਸ਼ ਕਾਰਨ ਕਈ ਥਾਵਾਂ ‘ਤੇ ਵੱਖ-ਵੱਖ ਨਦੀਆਂ ਦੇ ਪਾਣੀ ਦਾ ਪੱਧਰ ਵੱਧ ਰਿਹਾ ਹੈ।
ਹੜ੍ਹ ਨਾਲ ਸਭ ਤੋਂ ਵੱਧ ਪ੍ਰਭਾਵਿਤ ਕਟਿਹਾਰ
ਬਿਆਨ ਦੇ ਅਨੁਸਾਰ, “ਸੱਤ ਜ਼ਿਲ੍ਹਿਆਂ – ਭਾਗਲਪੁਰ, ਖਗੜੀਆ, ਕਟਿਹਾਰ, ਲਖੀਸਰਾਏ, ਭੋਜਪੁਰ, ਵੈਸ਼ਾਲੀ ਅਤੇ ਮਧੇਪੁਰਾ ਵਿੱਚ ਲਗਾਤਾਰ ਮੀਂਹ ਕਾਰਨ ਨਦੀਆਂ ਅਤੇ ਨਾਲੇ ਪਾਣੀ ਨਾਲ ਭਰ ਗਏ ਹਨ। ਇਸ ਤੋਂ ਇਲਾਵਾ ਨੇਪਾਲ ਦੇ ਕੈਚਮੈਂਟ ਖੇਤਰਾਂ ਵਿੱਚ ਲਗਾਤਾਰ ਮੀਂਹ ਕਾਰਨ ਕਈ ਥਾਵਾਂ ‘ਤੇ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ।” ਇਸ ਵਿੱਚ ਕਿਹਾ ਗਿਆ ਹੈ ਕਿ ਰਾਜ ਦੇ 600 ਤੋਂ ਵੱਧ ਪਿੰਡਾਂ ਦੇ ਕੁੱਲ 7,94,749 ਲੋਕ ਹੜ੍ਹਾਂ ਤੋਂ ਪ੍ਰਭਾਵਿਤ ਹਨ। ਕਟਿਹਾਰ ਹੜ੍ਹਾਂ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੈ, ਜਿੱਥੇ 456 ਪਿੰਡਾਂ ਦੇ 5,43,259 ਲੋਕ ਹੜ੍ਹਾਂ ਤੋਂ ਪ੍ਰਭਾਵਿਤ ਹਨ।
ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਨਦੀਆਂ
ਰਾਜ ਆਫ਼ਤ ਪ੍ਰਬੰਧਨ ਵਿਭਾਗ (ਡੀਐਮਡੀ) ਵੱਲੋਂ ਜਾਰੀ ਇੱਕ ਬਿਆਨ ਅਨੁਸਾਰ, “ਪਿਛਲੇ ਕੁਝ ਦਿਨਾਂ ਵਿੱਚ ਹੋਈ ਬਾਰਿਸ਼ ਕਾਰਨ ਰਾਜ ਵਿੱਚ ਗੰਗਾ, ਕੋਸੀ ਅਤੇ ਪੁਨਪੁਨ ਨਦੀਆਂ ਦੇ ਪਾਣੀ ਦਾ ਪੱਧਰ ਵਧਿਆ ਹੈ। ਇਨ੍ਹਾਂ ਸੱਤ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ ‘ਤੇ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ।” ਉਨ੍ਹਾਂ ਕਿਹਾ ਕਿ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ (ਐਨਡੀਆਰਐਫ) ਅਤੇ ਐਸਡੀਆਰਐਫ ਦੀਆਂ ਕੁੱਲ 27 ਟੀਮਾਂ ਨੂੰ ਬਚਾਅ ਕਾਰਜਾਂ ਲਈ ਤਾਇਨਾਤ ਕੀਤਾ ਗਿਆ ਹੈ। ਬਿਆਨ ਅਨੁਸਾਰ ਜੇਕਰ ਸਥਿਤੀ ਵਿਗੜਦੀ ਹੈ, ਤਾਂ ਸਬੰਧਤ ਜ਼ਿਲ੍ਹਿਆਂ ਨੂੰ ਹੋਰ ਰਾਹਤ ਕੈਂਪ ਅਤੇ ਕਮਿਊਨਿਟੀ ਰਸੋਈਆਂ ਸਥਾਪਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਰਹਿਣ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ।